image caption: ਸਿਰਦਾਰ ਕਪੂਰ ਸਿੰਘ ਜੀ ਅਤੇ (ਲੇਖਕ) - ਜੈਤੇਗ ਸਿੰਘ ਅਨੰਤ

੧੧੦ਵੇਂ ਜਨਮ ਦਿਹਾੜੇ 'ਤੇ ਫ਼ਖ਼ਰ-ਏ-ਕੌਮ ਸਿਰਦਾਰ ਕਪੂਰ ਸਿੰਘ

      'ਸਰਦਾਰ' ਫ਼ਾਰਸੀ ਦਾ ਸ਼ਬਦ ਹੈ। ਪੰਜਾਬੀ ਵਿਚ ਸਰ ਨੂੰ ਸਿਰ ਕਿਹਾ ਜਾਂਦਾ ਹੈ। 'ਸਰਦਾਰ' ਸ਼ਬਦ ਦੀ ਅਸਲ ਹੋਂਦ ਫ਼ਾਰਸੀ ਵਿਚੋਂ ਆਈ ਹੈ। ਜਦੋਂ ਸਿੰਘਾਂ ਮੁਗ਼ਲਾਂ ਨਾਲ ਜੰਗ ਵਿਰੋਧ ਦਾ ਸਿਲਸਿਲਾ ਸ਼ੁਰੂ ਹੋਇਆ ਤਦ ਇਹ ਸ਼ਬਦ ਸਿੱਖਾਂ ਵਿਚ ਪ੍ਰਚਲਤ ਹੋ ਗਿਆ। ਇਸ ਸ਼ਬਦ ਦੀ ਵਰਤੋਂ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ।
   ਸਿਰਦਾਰ ਕਪੂਰ ਸਿੰਘ ਨੇ ਜਦੋਂ ਇਸ ਸ਼ਬਦ ਦੀ ਵਰਤੋਂ ਸਿਰਦਾਰ ਵਜੋਂ ਕੀਤੀ ਤਾਂ ਇਹ ਸ਼ਬਦ ਸਿੱਖੀ ਪਰੰਪਰਾ ਵਿਚ ਆ ਕੇ ਪੰਜਾਬੀਆਈਜ਼ ਹੋ ਗਿਆ। ਡਾ. ਮੋਹਨ ਸਿੰਘ ਦੀਵਾਨਾ ਦੇ ਸ਼ਬਦਾਂ ਵਿਚ ਇਹ ਸ਼ਬਦ ਗੁਰਮੁਖਿਆਇਆ ਗਿਆ। ਇਸ ਲਈ ਇਹ 'ਸਿਰਦਾਰ' ਬਣ ਗਿਆ। ਇਸ ਤਰ੍ਹਾਂ ਫ਼ਾਰਸੀ ਵਿਚਲੇ 'ਸਰਦਾਰ' ਸ਼ਬਦ ਨੂੰ ਸਿਰਦਾਰ ਕਪੂਰ ਸਿੰਘ ਨੇ ਗੁਰਮੁਖੀ ਵਿਚ ਢਾਲਿਆ। ਇਹੋ ਕਾਰਨ ਹੈ ਕਿ 'ਸਿਰਦਾਰ ਸ਼ਬਦ' ਲੋਕਾਂ ਦੇ ਮੂੰਹਾਂ 'ਤੇ ਪੱਕ ਗਿਆ। ਇਸ ਲਈ ਜਦੋਂ ਸਿਰਦਾਰ ਕਪੂਰ ਸਿੰਘ 'ਸਿਰਦਾਰ' ਸ਼ਬਦ ਦੀ ਵਰਤੋਂ ਕਰਦੇ ਹਨ ਤਾਂ ਉਹ ਇਸਨੂੰ ਸਿੱਖੀ ਦੀ ਪਰੰਪਰਾ ਨਾਲ ਜੋੜਦੇ ਹਨ।
   ਸਿਰਦਾਰ ਕਪੂਰ ਸਿੰਘ ਕੌਮ ਦੇ ਮਹਾਨ ਵਿਦਵਾਨ ਤੇ ਚਿੰਤਕ ਹੋਏ ਹਨ। ਉਹ ਫ਼ਾਰਸੀ, ਉਰਦੂ, ਸੰਸਕ੍ਰਿਤ, ਅੰਗੇਰਜ਼ੀ, ਹਿੰਦੀ, ਪੰਜਾਬੀ ਦੇ ਗਿਆਤਾ ਸਨ। ਉਹ ਸਿੱਖ ਦਰਸ਼ਨ, ਚਿੰਤਨ ਤੇ ਇਤਿਹਾਸ ਪ੍ਰਤੀ ਅਥਾਹ ਰੁਚੀ ਰੱਖਦੇ ਸਨ। ਭਾਵੇਂ ਸਿਰਦਾਰ ਕਪੂਰ ਸਿੰਘ ਦਾ ਜੱਦੀ ਪਿੰਡ ਮੰਨਣ ਚੱਕ ਕਲਾਂ ਜਿਲ੍ਹਾ ਲੁਧਿਆਣਾ ਸੀ ਪਰ ਜ਼ਮੀਨ ਜਾਇਦਾਦ ਦੇ ਸਬੰਧ ਵਿਚ ਉਨ੍ਹਾਂ ਦਾ ਪਰਿਵਾਰ ਚੱਕ ਨੰਬਰ ੫੩੧ ਲਾਇਲਪੁਰ ਵਿਚ ਟਿਕਿਆ ਹੋਇਆ ਸੀ। ਇਸੇ ਪਿੰਡ ਵਿਚ ੨ ਮਾਰਚ ੧੯੦੪ ਨੂੰ ਉਨ੍ਹਾਂ ਦਾ ਜਨਮ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿਤਾ ਦੀਦਾਰ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਮੁੱਢਲੀ ਤੇ ਪ੍ਰਾਇਮਰੀ ਤਕ ਦੀ ਵਿਦਿਆ ਆਪਣੇ ਪਿੰਡ ਵਿਚੋਂ ਹੀ ਪ੍ਰਾਪਤ ਕੀਤੀ।
   ਨੌਵੀਂ ਤੇ ਦਸਵੀਂ ਜਮਾਤ ਦੀ ਪੜ੍ਹਾਈ ਲਈ ਉਨ੍ਹਾਂ ਨੇ ਖਾਲਸਾ ਹਾਈ ਸਕੂਲ ਲਾਇਲਪੁਰ ਵਿਚ ਦਾਖਲਾ ਲੈ ਲਿਆ। ਇਸ ਸਕੂਲ ਦੇ ਹੈਡ ਮਾਸਟਰ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਸਨ। ਦਸਵੀਂ ਦੀ ਪ੍ਰੀਖਿਆ ਵਿਚ ਸਿਰਦਾਰ ਕਪੂਰ ਸਿੰਘ ਪੰਜਾਬ ਭਰ ਵਿਚੋਂ ਅਵੱਲ ਆਏ। ਇਸ ਸਫਲਤਾ ਸਦਕਾ ਉਹ ਮਾਸਟਰ ਤਾਰਾ ਸਿੰਘ ਜੀ ਦੀ ਅੱਖ ਦਾ ਤਾਰਾ ਬਣ ਗਏ। ਮਾਸਟਰ ਜੀ ਨਾਲ ਉਨ੍ਹਾਂ ਦੀ ਨੇੜਤਾ ਦਾ ਆਲਮ ਇਥੋਂ ਹੀ ਸ਼ੁਰੂ ਹੋਇਆ। ਬਾਲ ਕਪੂਰ ਸਿੰਘ ਮਿਹਨਤੀ ਵਿਦਿਆਰਥੀ ਸੀ। ਮਗਰੋਂ ਉੱਚ ਪੜ੍ਹਾਈ ਲਈ ਉਨ੍ਹਾਂ ਨੇ ਗੌਰਮਿੰਟ ਕਾਲਜ ਲਾਹੌਰ ਵਿਚ ਦਾਖਲਾ ਲੈ ਲਿਆ। ਵਿਦਿਆਰਥੀ ਜੀਵਨ ਵਿਚ ਵੀ ਉਹ ਸਿੱਖੀ ਵਿਚ ਪ੍ਰਪੱਕ ਤੇ ਪੂਰੇ ਨਿਤਨੇਮੀ ਸਨ। ਘਰੋਂ ਮਾਇਕ ਤੌਰ 'ਤੇ ਹੱਥ ਤੰਗ ਹੋਣ ਕਾਰਨ ਉਨ੍ਹਾਂ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਫੀਸ ਲੈ ਕੇ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੈਂਬਰਿਜ ਯੂਨੀਵਰਸਿਟੀ ਤੋਂ ਫ਼ਿਲਾਸਫੀ ਦੀ ਵਿਦਿਆ ਪ੍ਰਾਪਤ ਕੀਤੀ। ਅੰਗਰੇਜ਼ਾਂ ਦੇ ਸਮੇਂ ਸਿੱਖਾਂ ਵਿਚੋਂ ਆਈ.ਸੀ.ਐਸ. (I.C.S.) ਬਨਣ ਵਾਲੇ ਗਿਣੇਚੁਣੇ ਪ੍ਰਮੁੱਖ ਵਿਅਕਤੀਆਂ ਵਿਚੋਂ ਸਿਰਦਾਰ ਕਪੂਰ ਸਿੰਘ ਇਕ ਸਨ।
    ਦੇਸ਼ ਦੀ ਵੰਡ ਤੋਂ ਪਹਿਲਾਂ ਤੇ ਬਾਅਦ ਵਿਚ ਸਿਰਦਾਰ ਕਪੂਰ ਸਿੰਘ ਅਨੇਕਾਂ ਥਾਵਾਂ ਤੇ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਬਿਰਾਜਮਾਨ ਰਹੇ। ਉਹ ਇਕ ਬੜੇ ਨਿਡਰ, ਨਿਰਭੈ, ਨਿਝੱਕ, ਬੇਬਾਕ, ਦਲੇਰ ਤੇ ਸੱਚੇ-ਸੁੱਚੇ ਅਫ਼ਸਰ ਸਨ। ਉਨ੍ਹਾਂ ਦੇ ਸਾਹਾਂ ਵਿਚ ਸਿੱਖੀ ਦੀ ਧੜਕਣ ਸੀ। ਉਹ ਸਿੱਖੀ ਦੀ ਸ਼ਾਨ ਤੇ ਸਵੈਮਾਨ ਅੱਗੇ ਕੋਈ ਸਮਝੌਤਾ ਨਹੀਂ ਕਰ ਸਕਦੇ ਸਨ। ਉਹ ਬੜੇ ਮੂੰਹ-ਫੱਟ ਵੀ ਸਨ ਤੇ ਬੇਪਰਵਾਹ ਅਫਸਰ ਸਨ। ਇਹੋ ਕਾਰਨ ਸੀ ਕਿ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਦੇ ਭੇਜੇ ਸਰਕੁਲਰ ਜਿਸ ਵਿਚ ਸਿੱਖਾਂ ਨੂੰ ਜਰਾਇਮ-ਪੇਸ਼ਾ ਗਰਦਾਨਿਆ ਗਿਆ ਸੀ, ਨੂੰ ਪੈਰਾਂ ਦੀ ਜੁੱਤੀ ਥੱਲੇ ਰੋਂਦ ਦਿੱਤਾ। ਮਾਸਟਰ ਤਾਰਾ ਸਿੰਘ ਨੇ ਸਿੱਖਾਂ ਖਿਲਾਫ਼ ਰਚੀ ਇਸ ਵੱਡੀ ਸਾਜਿਸ਼ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਮੁਆਫ਼ੀ ਮੰਗੀ ਪਰ ਇਹ ਮੁਆਫ਼ੀ ਇੰਨੀ ਮਹਿੰਗੀ ਪਈ ਕਿ ਸਿਰਦਾਰ ਕਪੂਰ ਸਿੰਘ ਨੂੰ ਡਿਪਟੀ ਕਮਿਸ਼ਨਰ ਦੀ ਕੁਰਸੀ ਤੋਂ ਲਾਹ ਦਿੱਤਾ ਗਿਆ। ਉਨ੍ਹਾਂ ਦਾ ਦੋਸ਼ ਸਿਰਫ਼ ਇੰਨਾ ਸੀ ਕਿ ਉਨ੍ਹਾਂ ਨੇ ਸਰਕਾਰੀ ਭੇਦ ਖੁੱਲ੍ਹੇ ਤੌਰ 'ਤੇ ਪ੍ਰਗਟ ਕਰਨ ਦੀ ਹਿੰਮਤ ਵਿਖਾਈ ਸੀ।
    ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਿਰਦਾਰ ਕਪੂਰ ਸਿੰਘ ਨੂੰ ੨ ਸਤੰਬਰ ੧੯੫੦ ਨੂੰ ਨੌਕਰੀ ਤੋਂ ਜਬਰੀ ਬਰਖ਼ਾਸਤ ਕਰ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਹਾਈ ਕੋਰਟ ਸ਼ਿਮਲਾ ਵਿਚ ਕੇਸ ਦਾਇਰ ਕੀਤਾ। ਲੰਮਾ ਸਮਾਂ ਕੇਸ ਚੱਲਿਆ ਪਰ ਇਨਸਾਫ਼ ਪੱਲੇ ਨਾ ਪਿਆ। ਹੁਣ ਉਹ ਆਪਣੀਆਂ ਰਚਨਾਵਾਂ ਨੂੰ ਪੁਸਤਕਾਂ ਦੇ ਰੂਪ ਵਿਚ ਪੰਥ ਦੀ ਝੋਲੀ ਪਾਉਣ ਲੱਗੇ। ਇਨ੍ਹਾਂ ਵਿਚੋਂ 'ਸਪਤਸਿੰਗ' ਵਿਚ ਚੋਟੀ ਦੇ ਸੱਤ ਮਹਾਪੁਰਖਾਂ ਦੀ ਜੀਵਨ ਗਾਥਾ, ਸਾਡੇ ਲਈ ਚਾਨਣ ਮੁਨਾਰਾ ਹੈ। ੱਪ੍ਰੰਦੀਕ' ਉਨ੍ਹਾਂ ਦੇ ਸੰਸਕ੍ਰਿਤ ਨਿਬੰਧਾਂ ਦੀ ਉੱਚਕੋਟੀ ਦੀ ਪੁਸਤਕ ਹੈ।'ਬਹੁ ਵਿਸਤਾਰ' ਉਨ੍ਹਾਂ ਦੀ ਧਾਰਮਿਕ ਅਤੇ ਇਤਿਹਾਸਕ ਨਿਬੰਧਾਂ ਵਿਚ ਰਚੀ ਪੁਸਤਕ ਹੈ। 'ਬਿਖਮਹਿ ਅੰਮ੍ਰਿਤ' ਵੀ ਸੁੰਦਰ ਸ਼ਾਹਕਾਰ ਹੈ। ਆਪ ਦੀ ਪੁਸਤਕ 'ਸਾਚੀ ਸਾਖੀ' ਜਗਤ ਪ੍ਰਸਿੱਧ ਪੁਸਤਕ ਹੈ। ਅੰਗਰੇਜ਼ੀ ਵਿਚ 'ਪ੍ਰਾਸ਼ਰਪ੍ਰਸ਼ਨ' (The Baisakhi of Guru Gobind Singh) ਵੀ ਉੱਤਮ ਰਚਨਾ ਹੈ। ਪੁਸਤਕ 'ਸਪਤਸਿੰਗ' ਲੰਮਾ ਸਮਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਲੰਮਾ ਸਮਾਂ ਐਮ.ਏ. ਤੇ ਗਿਆਨੀ ਦੀਆਂ ਜਮਾਤਾਂ ਨੂੰ ਪੜ੍ਹਾਈ ਜਾਂਦੀ ਰਹੀ ਹੈ।
    ਸੰਨ ੧੯੬੨ ਵਿਚ ਭਾਰਤ ਦੀਆਂ ਤੀਜੀਆਂ ਲੋਕ ਸਭਾ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਸਿਰਦਾਰ ਕਪੂਰ ਸਿੰਘ ਨੂੰ ਲੁਧਿਆਣਾ ਲੋਕ ਸਭਾ ਦੀ ਸੀਟ 'ਤੇ ਖੜਾ ਕੀਤਾ। ਉਹ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਮੰਗਲ ਸਿੰਘ ਨੂੰ ਹਰਾ ਕੇ ਦਿੱਲੀ ਪਾਰਲੀਮੈਂਟ ਵਿਚ ਬੈਠੇ। ਪੰਜਾਬ ਦੇ ਪੁਨਰ-ਗਠਨ ਬਾਰੇ ੩ ਸਤੰਬਰ ੧੯੬੬ ਨੂੰ ਲੋਕ ਸਭਾ ਵਿਚ ਇਕ ਬਿੱਲ ਪੇਸ਼ ਕੀਤਾ ਗਿਆ। ਸਿਰਦਾਰ ਜੀ ਨੇ ਜਿੱਥੇ ਇਸ ਬਿੱਲ ਨੂੰ ਠੁਕਰਾਉਣ ਦੇ ਤਿੰਨ ਕਾਰਨ ਵੀ ਪੇਸ਼ ਕੀਤੇ। ਉਨ੍ਹਾਂ ਦੀ ਇਸ ਇਤਿਹਾਸਕ, ਮਹੱਤਵਪੂਰਨ ਤੇ ਤਰਕ ਭਰਪੂਰ ਤਕਰੀਰ ਨੇ ਸਰਕਾਰੀ ਬੈਂਚਾਂ ਨੂੰ ਵੀ ਕਾਇਲ ਕਰ ਦਿੱਤਾ। ਸੰਨ ੧੯੬੭ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਉਹ ਸਮਰਾਲੇ ਤੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਪੁੱਜੇ।
     ਸਿਰਦਾਰ ਕਪੂਰ ਸਿੰਘ ਜੀ ਦੀ ਸਿੱਖ ਰਾਜਨੀਤੀ ਵਿਚ ਵਿਸ਼ੇਸ਼ ਭੂਮਿਕਾ ਰਹੀ ਹੈ। 'ਆਨੰਦਪੁਰ ਦੇ ਮਤੇ' ਦਾ ਡਰਾਫਟ ਉਨ੍ਹਾਂ ਨੇ ਹੀ ਤਿਆਰ ਕੀਤਾ। ਅਕਾਲ ਤਖ਼ਤ 'ਤੇ ਬਣਾਏ 'ਅਗਨਕੁੰਡ' ਨੂੰ ਢਾਹੁਣ ਹਿੱਤ ਉਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਸੀ। ਸਿਰਦਾਰ ਕਪੂਰ ਸਿੰਘ ਨੂੰ ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਨੇ ੧੩ ਅਕਤੂਬਰ ੧੯੭੩ ਨੂੰ 'ਪ੍ਰੋਫ਼ੈਸਰ ਆਫ਼ ਸਿੱਖਿਜ਼ਮ' ਦੀ ਸਰਵਉੱਚ ਉਪਾਧੀ ਨਾਲ ਸਨਮਾਨਤ ਕੀਤਾ। ਸਾਕਾ ਨੀਲਾ ਤਾਰਾ ਨੇ ਸਿਰਦਾਰ ਕਪੂਰ ਸਿੰਘ 'ਤੇ ਡੂੰਘਾ ਅਸਰ ਕੀਤਾ ਤੇ ਹੌਲੀ-ਹੌਲੀ ਉਨ੍ਹਾਂ ਦੇ ਸਰੀਰ ਦੀ ਹਰਕਤ ਖ਼ਤਮ ਹੋ ਗਈ। ੧੮ ਅਗਸਤ ੧੯੮੬ ਨੂੰ ਅੰਮ੍ਰਿਤ ਵੇਲੇ ਫ਼ਖ਼ਰਏ-ਕੌਮ ਸਿਰਦਾਰ ਕਪੂਰ ਸਿੰਘ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਉਨ੍ਹਾਂ ਦਾ ਵਿਛੋੜਾ ਸਿੱਖ ਭਾਈਚਾਰੇ ਲਈ ਅਸਹਿ ਤੇ ਅਕਹਿ ਸੀ। ਉਨ੍ਹਾਂ ਦੀ ਖ਼ੂਬਸੂਰਤ ਸ਼ਖ਼ਸੀਅਤ ੱਸਿਰਦਾਰ ਕਪੂਰ ਸਿੰਘ ਸਕੂਲ ਆਫ਼ ਸਿੱਖ ਥੋਟ' ਦੀ ਜਨਮਦਾਤੀ ਹੈ।

 

ਲੇਖਕ - ਜੈਤੇਗ ਸਿੰਘ ਅਨੰਤ

Email:jaiteganant@yahoo.com

001-778-385-814