image caption:

ਭਾਰਤੀ ਕ੍ਰਿਕਟ ਬੋਰਡ ਨੂੰ ਮੁਆਵਜ਼ੇ ਵਜੋਂ ਪਾਕਿ ਕ੍ਰਿਕਟ ਬੋਰਡ ਨੇ 1.6 ਮਿਲੀਅਨ ਡਾਲਰ ਦਿੱਤੇ

ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਦੇ ਚੇਅਰਮੈਨ ਅਹਿਮਸਾਨ ਮਨੀ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਆਈ ਸੀ ਸੀ ਦੀ ਵਿਵਾਦ ਨਿਵਾਰਨ ਕਮੇਟੀ 'ਚ ਕੇਸ ਹਾਰਨ ਪਿੱਛੋਂ ਮੁਆਵਜ਼ੇ ਵਜੋਂ 1.6 ਮਿਲੀਅਨ ਡਾਲਰ ਦੀ ਰਕਮ ਦੀ ਅਦਾਇਗੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਅਸੀਂ 2.2 ਮਿਲੀਅਨ ਡਾਲਰ ਰਕਮ ਗੁਆਈ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਵਿੱਚ ਭਾਰਤ ਨੂੰ ਭੁਗਤਾਨ ਦਿੱਤੀ ਰਕਮ ਤੋਂ ਬਿਨਾਂ ਹੋਰ ਕਾਨੂੰਨੀ ਫੀਸ ਅਤੇ ਯਾਤਰਾ ਨਾਲ ਸਬੰਧਤ ਖਰਚ ਵੀ ਸ਼ਾਮਲ ਸਨ।
ਪੀ ਸੀ ਬੀ ਨੇ ਪਿਛਲੇ ਸਾਲ ਆਈ ਸੀ ਸੀ (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਦੀ ਝਗੜਾ ਨਿਵਾਰਨ ਕਮੇਟੀ ਅੱਗੇ 70 ਮਿਲੀਅਨ ਅਮਰੀਕੀ ਡਾਲਰ ਦੀ ਰਕਮ ਲੈਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਖਿਲਾਫ ਮੁਆਵਜ਼ਾ ਦੇ ਕੇਸ ਦਾਇਰ ਕੀਤਾ ਸੀ। ਐਮ ਓ ਯੂ ਦੇ ਮੁਤਾਬਕ ਭਾਰਤ ਅਤੇ ਪਾਕਿਸਤਾਨ ਨੂੰ 2015 ਤੇ 2023 ਵਿਚਾਲੇ ਛੇ ਦੁਵੱਲੀਆਂ ਲੜੀਆਂ ਖੇਡਣੀਆਂ ਸਨ, ਪਰ ਬੀ ਸੀ ਸੀ ਆਈ ਇਸ ਵਿੱਚ ਨਾਕਾਮ ਰਿਹਾ ਸੀ। ਭਾਰਤੀ ਕ੍ਰਿਕਟ ਬੋਰਡ ਨੇ ਕਿਹਾ ਕਿ ਉਹ ਪਾਕਿਸਤਾਨ ਖਿਲਾਫ ਨਹੀਂ ਖੇਡ ਸਕਦੇ, ਕਿਉਂਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ। ਭਾਰਤ ਨੇ ਕਾਨੂੰਨੀ ਤੌਰ 'ਤੇ ਪਾਕਿਸਤਾਨ ਬੋਰਡ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਮਨੀ ਨੇ ਕਿਹਾ ਕਿ ਆਈ ਸੀ ਸੀ ਕਮੇਟੀ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤੀ ਬੋਰਡ ਨੂੰ ਹਰਜਾਨਾ ਦੇਣਾ ਪਵੇਗਾ। ਪਾਕਿਸਤਾਨ ਦਾ ਕਹਿਣਾ ਹੈ ਕਿ ਸੀਰੀਜ਼ ਨਾ ਖੇਡ ਕੇ ਭਾਰਤ ਨੇ ਸਮਝੌਤਾ ਤੋੜਿਆ ਹੈ। ਕ੍ਰਾਈਸਟਰਚਰਚ ਹਮਲੇ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਲੀਗ ਦੇ ਰੰਗਾਰੰਗ ਸਮਾਪਤੀ ਸਮਾਗਮ ਦੇ ਫੈਸਲੇ ਨੂੰ ਸਹੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅੱਤਵਾਦ ਕਾਰਨ ਕ੍ਰਿਕਟ ਨਹੀਂ ਰੁਕਣੀ ਚਾਹੀਦੀ।