image caption: ਰਜਿੰਦਰ ਸਿੰਘ ਪੁਰੇਵਾਲ

ਕਾਰ ਸੇਵਾ ਦੇ ਨਾਮ 'ਤੇ ਸਿੱਖ ਵਿਰਾਸਤ ਦਾ ਘਾਣ—ਸ਼੍ਰੋਮਣੀ ਕਮੇਟੀ ਧਿਆਨ ਦੇਵੇ

    ਬੀਤੇ ਹਫਤੇ ਤੋਂ ਕਾਰ ਸੇਵਾ ਦੇ ਨਾਮ 'ਤੇ ਸਿੱਖ ਵਿਰਾਸਤ ਦਾ ਘਾਣ ਪੰਥਕ ਹਲਕਿਆਂ ਵਿਚ ਚਰਚਾ ਦਾ ਵਿÎਸ਼ਾ ਬਣਿਆ ਹੋਇਆ ਹੈ। ਹੁਣ ਤੱਕ ਸਿੱਖਾਂ ਨੂੰ ਠੰਢੇ ਬੁਰਜ, ਕੱਚੀ ਗੜ੍ਹੀ, ਆਨੰਦਪੁਰ ਸਾਹਿਬ ਦੇ ਕਿਲੇ ਅਤੇ ਹੋਰ ਕਈ ਵਿਰਾਸਤੀ ਇਮਾਰਤਾਂ ਨੂੰ ਕਾਰ ਸੇਵਾ ਦੇ ਨਾਮ 'ਤੇ ਮਲੀਆ ਮੇਟ ਕਰ ਦੇਣਾ ਸਿੱਖ ਪੰਥ ਦਾ ਦੁਖਾਂਤ ਹੈ। ਕੁਝ ਸਮਾਂ ਪਹਿਲਾਂ ਸੁਲਤਾਨਪੁਰ ਵਿਖੇ ਸਥਿਤ ਬੇਬੇ ਨਾਨਕੀ ਦਾ ਜੱਦੀ ਘਰ ਵੀ ਢਾਹ ਦਿੱਤਾ ਗਿਆ ਸੀ। ਇਹ ਸਿਲਸਿਲਾ ਅਜੇ ਖਤਮ ਨਹੀਂ ਹੋਇਆ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਵਿਰਾਸਤ ਨੂੰ ਕਾਇਮ ਰੱਖਣ ਲਈ ਕੋਈ ਪਾਲਿਸੀ ਨਹੀਂ ਬਣਾਈ। 


ਯਾਦ ਰਹੇ ਕਿ ਤਰਨ ਤਾਰਨ ਦਰਬਾਰ ਸਾਹਿਬ ਅੱਗੇ 200 ਸਾਲ ਪਹਿਲਾਂ ਦੀ ਬਣੀ ਹੋਈ ਦਰਸ਼ਨੀ ਡਿਉੜੀ ਬਾਬਾ ਜਗਤਾਰ ਸਿੰਘ ਨੇ ਕਾਰ ਸੇਵਾ ਦੇ ਨਾਮ 'ਤੇ  ਢਾਹ ਦਿੱਤੀ ਅਤੇ ਜਦੋਂ ਕੁਝ ਸੰਗਤਾਂ ਰੋਕਣ ਆਈਆਂ ਤਾਂ ਬਾਬੇ ਦੇ ਹਥਿਆਰਬੰਦ ਸੇਵਕਾਂ ਨੇ ਉਹਨਾਂ ਦੀ ਕੁੱਟ-ਮਾਰ ਕੀਤੀ ਤੇ ਜ਼ਖ਼ਮੀ ਕਰ ਦਿੱਤਾ। ਜਦੋਂ ਆਲੇ ਦੁਆਲੇ ਸੰਗਤਾਂ ਨੂੰ ਪਤਾ ਲੱਗਿਆ ਤਾਂ ਬਾਬਾ ਜਗਤਾਰ ਸਿੰਘ ਤੇ ਉਸ ਦੀਆਂ ਫੌਜਾਂ ਨੂੰ ਪੁਲੀਸ ਦੀ ਹਾਜ਼ਰੀ ਵਿਚ 'ਕਾਰ ਸੇਵਾ' ਵਿਚੇ ਛੱਡ ਕੇ ਭੱਜਣਾ ਪਿਆ। ਸ਼ੋਸ਼ਲ ਮੀਡੀਆ ਰਾਹੀਂ ਇਹ ਦੁਖਾਂਤ ਪੂਰੇ ਵਿਸ਼ਵ ਵਿਚ ਸਿੱਖਾਂ ਦੇ ਸਾਹਮਣੇ ਆ ਗਿਆ ਤੇ ਸਿੱਖ ਜਗਤ ਵਿਚ ਇਸ ਬਾਰੇ ਨਿਖੇਧੀ ਹੋਣ ਲੱਗੀ। ਅਗਲੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੰਗਤ ਅੰਦਰ ਉਪਜੇ ਰੋਹ ਦੀ ਸਮਝ ਆਈ ਤਾਂ ਉਸ ਨੇ ਗੋਗਲੂਆਂ ਤੋਂ  ਮਿੱਟੀ ਝਾੜਦਿਆਂ ਤੁਰੰਤ ਦਰਬਾਰ ਸਾਹਿਬ ਦੇ ਮੈਨੇਜਰ ਦੀ ਬਦਲੀ ਹਰਿਆਣੇ ਵਿਚਲੇ ਜੀਂਦ ਦੇ ਗੁਰਦੁਆਰਾ ਸਾਹਿਬ ਦੀ ਕਰ ਦਿੱਤੀ ਤੇ ਬਾਬੇ ਜਗਤਾਰ ਸਿੰਘ ਤੋਂ ਵਾਪਸ ਲੈ ਲਈ। ਅਖ਼ਬਾਰਾਂ ਵਿਚ ਖਬਰਾਂ ਲੱਗੀਆਂ ਕਿ ਸ਼੍ਰੋਮਣੀ ਕਮੇਟੀ ਨੇ ਕਰੜਾ ਐਕਸ਼ਨ ਲਿਆ ਹੈ। ਬਾਬਾ ਜਗਤਾਰ ਸਿੰਘ ਦਾ ਮੰਨਣਾ ਹੈ ਕਿ ਉਸ ਕੋਲ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਸੀ। ਪਰ ਸ਼੍ਰੋਮਣੀ ਕਮੇਟੀ ਬਾਬੇ ਦੀ ਗੱਲ ਨੂੰ ਰੱਦ ਕਰ ਰਹੀ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਆਪਣੀ ਜਾਂਚ ਕਮੇਟੀ ਬਣਾ ਦਿੱਤੀ, ਉਹ ਕੀ ਐਕਸ਼ਨ ਲੈ ਸਕਦੀ ਹੈ? ਜੇਕਰ ਜਾਂਚ ਕਮੇਟੀ ਬਣਾਉਣੀ ਸੀ ਤਾਂ ਸਿਆਣੇ ਬੁੱਧੀਜੀਵੀਆਂ ਦੀ ਬਣਾਉਣੀ ਚਾਹੀਦੀ ਸੀ, ਜੋ ਕਾਨੂੰਨ, ਵਿਰਾਸਤ ਬਾਰੇ ਗਿਆਨ ਰੱਖਦੇ ਹੋਣ ਤੇ ਨਿਰਪੱਖ ਹੋਣ। ਇਹ ਦਰਸ਼ਨੀ ਡਿਉੜੀ ਇਤਿਹਾਸਕ ਹੈ। ਇਸ ਨੂੰ ਸ਼੍ਰੋਮਣੀ ਕਮੇਟੀ ਨੇ ਨਹੀਂ ਬਣਾਇਆ, ਜਿਸ ਨੂੰ ਉਹ ਢਾਹ ਸਕੇ। ਇਹ ਇਤਿਹਾਸਕ ਇਮਾਰਤ ਮਾਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਉਹਨਾਂ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਉਸਾਰੀ ਸੀ। ਇਹ ਖਾਲਸਾ ਰਾਜ ਦੀ ਵਿਰਾਸਤ ਸੀ। ਇਸ ਦਾ ਦਰਜਾ ਵਿਰਾਸਤ ਵਾਂਗ ਕਾਇਮ ਸੀ। ਪਰ ਇਸ ਵਿਰਾਸਤ ਦੇ ਇਤਿਹਾਸਕ ਮੁੱਲ ਬਾਰੇ  ਨਾ ਸ਼੍ਰੋਮਣੀ ਕਮੇਟੀ ਨੂੰ ਗਿਆਨ ਹੈ ਤੇ ਨਾ ਹੀ ਬਾਬਿਆਂ ਨੂੰ। 


ਇੱਥੇ ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਕੋਈ ਮਤਾ ਪਾਸ ਕਰ ਦਿੱਤਾ ਕਿ ਤਰਨ ਤਾਰਨ ਵਾਲੇ ਦਰਬਾਰ ਸਾਹਿਬ ਦੇ ਅੱਗੇ ਬਣੀ ਦਰਸ਼ਨੀ ਡਿਉੜੀ ਢਾਹ ਕੇ ਨਵੀਂ ਉਸਾਰੀ ਕਰਵਾਈ ਜਾਵੇ ਤੇ ਇਹ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਨੂੰ ਸੌਂਪਣ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਦੌਰਾਨ ਵੀ ਸੰਗਤਾਂ ਦੇ ਤਿੱਖੇ ਵਿਰੋਧ ਕਾਰਨ ਬਾਬਾ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਨੂੰ ਇਹ ਕਾਰ ਸੇਵਾ ਰੋਕਣੀ ਪਈ ਸੀ। ਇਹੀ ਕਾਰਨ ਹੈ ਕਿ ਰਾਤ ਦੇ ਘੁੱਪ ਹਨੇਰਿਆਂ ਵਿਚ ਬਾਬਾ ਜਗਤਾਰ ਸਿੰਘ ਵੱਲੋਂ ਦੁਬਾਰਾ ਇਹ ਗਲਤੀ ਕੀਤੀ ਗਈ। ਜਦੋਂ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਬਾਰੇ ਜ਼ਿੰਮੇਵਾਰ ਠਹਿਰਾਇਆ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਦਲੀਲ ਦਿੱਤੀ ਕਿ ਮਤਾ ਪਾਸ ਕਰਨ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ। ਪਰ ਇਹ ਮਤਾ ਕਦੋਂ ਵਾਪਸ ਲਿਆ ਗਿਆ, ਉਹ ਚਿੱਠੀ ਹਾਲੇ ਤੱਕ ਜਾਰੀ ਨਹੀਂ ਕੀਤੀ। ਕਾਰ ਸੇਵਾ ਵਾਲਾ ਬਾਬਾ ਜਗਤਾਰ ਸਿੰਘ ਇਹ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਤੋਂ ਸਾਨੂੰ ਅਜਿਹੀ ਕੋਈ ਚਿੱਠੀ ਨਹੀਂ ਮਿਲੀ ਕਿ ਕਾਰ ਸੇਵਾ ਰੋਕ ਦਿੱਤੀ ਜਾਵੇ। ਉਨ੍ਹਾਂ ਕੋਲ ਕਾਰ ਸੇਵਾ ਲਈ ਸ਼੍ਰੋਮਣੀ ਕਮੇਟੀ ਦਾ ਮਤਾ ਸੀ ਤੇ ਇਸੇ ਲਈ ਉੱਥੇ ਕਾਰ ਸੇਵਾ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਇੱਥੇ ਕਾਰ ਸੇਵਾ ਲਈ ਨਹੀਂ ਰੋਕਿਆ। ਇਸ ਬਿਰਤਾਂਤ ਤੋਂ ਸਾਬਤ ਹੁੰਦਾ ਹੈ ਕਿ ਦਾਲ ਵਿਚ ਕੁਝ ਕਾਲਾ ਹੈ ਤੇ ਸ਼੍ਰੋਮਣੀ ਕਮੇਟੀ ਸੱਚ ਲੁਕਾ ਰਹੀ ਹੈ।

ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਾਂ ਦੀ ਰਾਖੀ ਲਈ ਤੇ ਪ੍ਰਬੰਧ ਕਰਨ ਲਈ ਬਣਾਈ ਗਈ ਹੈ, ਨਾ ਕਿ ਸਿੱਖ ਵਿਰਾਸਤ ਢਾਹੁਣ ਦੇ ਲਈ। ਇਹ ਸਿੱਖ ਵਿਰਾਸਤ ਗੁਰੂ ਪੰਥ ਦੀ ਹੈ ਤੇ ਸ਼੍ਰੋਮਣੀ ਕਮੇਟੀ ਗੁਰੂ ਪੰਥ ਨਹੀਂ ਤੇ ਨਾ ਹੀ ਗੁਰੂ ਪੰਥ ਦੀ ਪ੍ਰਤੀਨਿਧ ਹੈ। ਇਸ ਲਈ ਉਸ ਨੂੰ ਗ਼ੈਰ ਜ਼ਿੰਮੇਵਾਰੀ ਵਾਲੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ। ਸਿੱਖ ਵਿਰਾਸਤ ਦੇ ਘਾਣ ਲਈ ਬਾਬੇ ਨਹੀਂ, ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ। ਬਾਬਿਆਂ ਨੇ ਬਹੁਤ ਵੱਡੀਆਂ ਇਮਾਰਤਾਂ ਬਣਾਈਆਂ ਹਨ ਤੇ ਸਿੱਖਾਂ ਕੋਲ ਅਜੇ ਤੱਕ ਇਸ ਬਾਰੇ ਬਦਲ ਵੀ ਨਹੀਂ ਹੈ। ਇਸ ਲਈ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੇ ਵਿਰਾਸਤ ਬਾਰੇ ਸਿਧਾਂਤ ਤੈਅ ਕਰਨੇ ਪੈਣਗੇ। ਪੂਰੇ ਵਿਸ਼ਵ ਵਿਚ ਸਰਕਾਰਾਂ ਤੇ ਕੌਮਾਂ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਚੇਤੰਨ ਹਨ। ਇੱਥੋਂ ਤੱਕ ਮਾਰਸ਼ਲ ਰਾਜਪੂਤ ਕੌਮ ਨੇ ਆਪਣੀ ਵਿਰਾਸਤ ਰਾਜਸਥਾਨ ਵਿਚ ਸੰਭਾਲੀ ਹੋਈ ਹੈ। ਜੈਪੁਰ ਮਿਊਜ਼ੀਅਮ ਵਿਚ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਤੇ ਵਸਤਰ ਵੀ ਪਏ ਹਨ। ਉਹ ਵੀ ਸੰਭਾਲੇ ਪਏ ਹਨ। ਜੈਪੁਰ, ਜੋਧਪੁਰ, ਉਦੈਪੁਰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਕਿ ਇਕ ਕੌਮ ਨੇ ਕਿਵੇਂ ਆਪਣੀ ਵਿਰਾਸਤ ਸੰਭਾਲੀ ਹੈ, ਪਰ ਅਸੀਂ ਮਾਰਸ਼ਲ ਕੌਮ ਹੋਣ ਦੇ ਬਾਵਜੂਦ ਆਪਣੀ ਵਿਰਾਸਤ ਨਹੀਂ ਸੰਭਾਲ ਸਕੇ। ਪੰਜਾਬ, ਦਿੱਲੀ ਵਿੱਚ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਕਰਕੇ ਸਿੱਖ ਵਿਰਾਸਤ ਦਾ ਉਜਾੜਾ ਹੋਇਆ ਹੈ। ਜਿਹੜੇ ਗੁਰੂ ਘਰਾਂ ਵਿੱਚ ਕਦੇ ਨਾਨਕਸ਼ਾਹੀ ਇੱਟਾਂ ਦੀ ਨਾਲ ਬਣੇ ਬੁੰਗੇ ਤੇ ਪਰਕਰਮਾ ਮੌਜੂਦ ਸਨ, ਉਹ ਸਭ ਕਾਰ ਸੇਵਾ ਦੇ ਨਾਮ 'ਤੇ ਮਿਟਾ ਕੇ ਸੰਗਮਰਮਰ ਪੱਥਰਾਂ ਵਿਚ ਲਪੇਟ ਦਿੱਤੀਆਂ ਗਈਆਂ। ਇਹ ਵੀ ਸੁਣਨ ਵਿਚ ਆਉਂਦਾ ਹੈ ਕਿ ਕਾਰ ਸੇਵਾ ਵਾਲੇ ਬਾਬਿਆਂ ਨੂੰ ਸ਼੍ਰੋਮਣੀ ਕਮੇਟੀ ਰਕਮ ਨਹੀਂ ਦਿੰਦੀ, ਉਲਟਾ ਰਕਮ ਲਈ ਜਾਂਦੀ ਹੈ, ਉਹ ਕਿਵੇਂ ਲਈ ਜਾਂਦੀ ਹੈ ਉਹ ਤਾਂ ਸ਼੍ਰੋਮਣੀ ਕਮੇਟੀ ਵਾਲੇ ਜੁਆਬ ਦੇ ਸਕਦੇ ਹਨ। ਪਰ ਬਾਬਿਆਂ ਨੂੰ ਮਾਇਆ ਕਿੱਥੋਂ ਆਉਂਦੀ ਹੈ, ਇਹ ਵੀ ਬਾਬੇ ਹੀ ਦੱਸ ਸਕਦੇ ਹਨ। ਮੈਨੇਜਰ ਨੂੰ ਬਲੀ ਦਾ ਬੱਕਰਾ ਬਣਾ ਕੇ ਸ਼੍ਰੋਮਣੀ ਕਮੇਟੀ ਦਾ ਛੁਟਕਾਰਾ ਨਹੀਂ ਹੋਣਾ। ਇਸ ਸਭ ਕੁਝ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ 'ਤੇ ਹੈ। ਸੋਹਣੀਆਂ ਇਮਾਰਤਾਂ ਨਾਲੋਂ ਵਿਰਾਸਤੀ ਇਤਿਹਾਸ ਕੀਮਤੀ ਹੈ ਤੇ ਇਸੇ ਨੂੰ ਸਾਂਭਣ ਦੀ ਲੋੜ ਹੈ। ਕੀ ਸਿੱਖ ਸੰਗਤਾਂ ਇਨ੍ਹਾਂ ਕੋਲੋਂ ਜਵਾਬ ਮੰਗਣਗੀਆਂ ਕਿ ਸਾਡੇ ਭਵਿੱਖ ਨੂੰ ਰੌਸ਼ਨ ਕਰਨ ਅਤੇ ਲਈ ਸਾਡੀਆਂ ਵਿਰਾਸਤਾਂ ਬਚਾਉਣ ਦੀ ਬਜਾਏ ਤੁਸਾਂ ਮਲੀਆਮੇਟ ਕਰਨੀਆਂ ਕਿਉਂ ਸ਼ੁਰੂ ਕਰ ਦਿੱਤੀਆਂ ਹਨ?  

ਰਜਿੰਦਰ ਸਿੰਘ ਪੁਰੇਵਾਲ