image caption: ਰਜਿੰਦਰ ਸਿੰਘ ਪੁਰੇਵਾਲ

ਚੋਣ ਜ਼ਾਬਤੇ ਦੀ ਉਲੰਘਣਾ ਤੇ ਦਲ ਬਦਲੂ ਸਿਆਸਤਦਾਨ

  ਭਾਰਤ ਦੀ ਸਿਆਸਤ ਸੇਵਾ ਨਹੀਂ, ਕਾਰੋਬਾਰ ਨਾਲ ਜੁੜ ਗਈ ਹੈ। ਇਸ ਵਿਚ ਲੋਕਾਂ ਦਾ ਦਰਦ ਨਹੀਂ, ਸਿਆਸੀ ਤੇ ਸਾਮਾਜਿਕ ਸਟੇਟਸ ਹਾਸਲ ਕਰਨਾ ਬਣ ਗਿਆ ਹੈ। ਇਹੀ ਭਾਰਤ ਦੀ ਨੇਤਾਗਿਰੀ ਹੈ, ਜਿਸ ਨੂੰ ਜਮਹੂਰੀਅਤ ਦਾ ਮਾਣ ਦਿੱਤਾ ਜਾ ਰਿਹਾ ਹੈ। ਦਲ ਬਦਲੂ ਨੇਤਾ ਭਾਰਤੀ ਸਿਆਸਤ ਦੀ ਦੇਣ ਹਨ। ਇਹ ਸਿਆਸਤ ਬਰਸਾਤੀ ਡੱਡੂਆਂ ਵਰਗੀ ਜਾਪਦੀ ਹੈ। ਸ਼ਤਰੂਘਣ ਸਿਨਹਾ ਨੇ ਪਿਛਲੇ ਦਿਨੀਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਹ ਫਿਰ ਪਟਨਾ ਸਾਹਿਬ ਤੋਂ ਕਾਂਗਰਸ ਵਲੋਂ ਉਮੀਦਵਾਰ ਹਨ। ਪਾਰਟੀ ਬਦਲਣ ਸਾਰ ਉਹਨਾਂ ਦਾ ਬਿਆਨ ਸੀ ਕਿ ਉਹ ਹੁਣ ਸੇਵਾ ਕਰਨਗੇ। ਕੁਝ ਕਰਕੇ ਦਿਖਾਉਣਗੇ। ਜਯ-ਪ੍ਰਦਾ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਈ ਹੈ। ਪਾਰਟੀ ਵਿੱਚ ਆਉਣ ਸਾਰ ਉਹਨੇ ਕਿਹਾ, ''ਪਹਿਲੀਆਂ ਥਾਂਵਾਂ ਠੀਕ ਨਹੀਂ ਸਨ। ਮੋਦੀ ਦੀ ਅਗਵਾਈ ਵਿੱਚ ਸੇਵਾ ਕਰਨ ਵਿਚ ਅਨੰਦ ਆਵੇਗਾ। ਇਹ ਕਿੰਨੀ ਅਜੀਬ ਗੱਲ ਹੈ ਕਿ ਬਾਕੀ ਪਾਰਟੀਆਂ ਵਿਚ ਅਨੰਦ ਨਹੀਂ ਆਇਆ, ਪਰ ਮੋਦੀ ਦੀ ਪਾਰਟੀ ਭਾਜਪਾ ਵਿਚ ਆਨੰਦ ਆਏਗਾ। ਇਹੀ ਕੁਝ ਉਰਮਿਲਾ ਮਾਤੋਂਡਕਰ ਨੇ ਕਿਹਾ। ਉਸ ਨੂੰ ਕਾਂਗਰਸ ਨੇ ਮੁੰਬਈ ਤੋਂ ਟਿਕਟ ਦਿੱਤੀ ਹੈ। ਟਿਕਟ ਮਿਲਣ ਸਾਰ ਉਹ ਕਹਿੰਦੀ ਹੈ, ''ਬੱਸ ਹੁਣ ਲੋਕਾਂ ਲਈ ਜੀਵੇਗੀ ਤੇ ਮਰੇਗੀ।'' ਫ਼ਿਲਮੀ ਕਲਾਕਾਰ ਡਾਇਲਾਗ ਵੀ ਫ਼ਿਲਮੀ।
ਇਸੇ ਤਰ੍ਹਾਂ ਮੈਡਮ ਪ੍ਰਿਅੰਕਾ ਚਤੁਰਬੇਦੀ ਦਸ ਸਾਲਾਂ ਤੋਂ ਕਾਂਗਰਸ ਵਿੱਚ ਰਹਿ ਕੇ ਕਾਂਗਰਸ ਦੀ ਮੁੱਖ ਬੁਲਾਰਨ, ਜਿਹੜੀ ਟੀ ਵੀ 'ਤੇ ਬਹਿਸਾਂ ਵਿੱਚ ਹਿੱਸਾ ਲੈ ਕੇ ਕਾਂਗਰਸ ਦਾ ਪੱਖ ਬੜੀ ਪ੍ਰਮੁੱਖਤਾ ਨਾਲ ਨਿਭਾਉਂਦੀ ਸੀ, ਉਸ ਨੇ ਅਚਾਨਕ ਕਾਂਗਰਸ ਨੂੰ ਛੱਡ ਕੇ ਸ਼ਿਵ ਸੈਨਾ ਦਾ ਪੱਲਾ ਫੜ ਲਿਆ ਹੈ, ਆਖਦੀ ਹੈ ਕਿ ਹੁਣ ਮਹਾਂਰਾਸ਼ਟਰ ਵਿੱਚ ਰਹਿ ਕੇ, ਸ਼ਿਵ ਸੈਨਾ ਪਾਰਟੀ ਰਾਹੀਂ ਲੋਕਾਂ ਦੀ ਸੇਵਾ ਕਰਾਂਗੀ। ਅਸਲੀ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿੱਚ ਉਹ ਟਿਕਟ ਦੀ ਚਾਹਵਾਨ ਸੀ, ਟਿਕਟ ਨਾ ਮਿਲੀ ਤਾਂ ਅਚਾਨਕ ਸ਼ਿਵ ਸੈਨਾ ਵਿੱਚ ਜਾ ਕੇ ਸੇਵਾ ਕਰਨ ਦਾ ਰਾਗ ਅਲਾਪਨ ਲੱਗੀ। ਅਜਿਹੀ ਕਿਹੜੀ ਸੇਵਾ ਹੈ, ਜਿਹੜੀ ਟਿਕਟ ਲਏ ਬਿਨਾਂ ਨਹੀਂ ਹੁੰਦੀ। ਇਹ ਸੁਆਲ ਲੋਕਾਂ ਨੇ ਨਹੀਂ, ਦਲ ਬਦਲੂ ਨੇਤਾਵਾਂ ਨੇ ਪੈਦਾ ਕੀਤੇ ਹਨ। ਜਦੋਂ ਪਾਰਟੀ ਬਦਲਣੀ ਹੁੰਦੀ ਹੈ ਤਾਂ ਸੇਵਾ ਤੇ ਜਦੋਂ ਪਿਛਲੀ ਪਾਰਟੀ ਵਿੱਚ ਉੱਚੇ ਅਹੁਦੇ 'ਤੇ ਹੁੰਦੇ ਹਨ ਤਾਂ ਸੇਵਾ ਚੇਤੇ ਵੀ ਨਹੀਂ ਆਉਂਦੀ। ਚੇਤੇ ਉਦੋਂ ਆਉਂਦੀ ਹੈ ਜਦੋਂ ਪਾਰਟੀ ਵਿਚ ਅਹੁਦਾ ਨਹੀਂ ਮਿਲਦਾ।
'ਸੇਵਾ' ਦਾ ਇਹੀ ਜਜ਼ਬਾ ਪੰਜਾਬ ਵਿੱਚ ਵੀ ਭਾਰੂ ਹੋਇਆ ਪਿਆ ਹੈ। ਮਹਿੰਦਰ ਸਿੰਘ ਕੇ ਪੀ ਇਸੇ ਕਰਕੇ ਨਰਾਜ਼ ਹਨ ਕਿ ਮੈਂਨੂੰ ਸੇਵਾ ਦਾ ਮੌਕਾ ਕਿਉਂ ਨਹੀਂ ਮਿਲਿਆ। ਉਹ ਕਹਿੰਦੇ ਹਨ, ''ਪਾਰਟੀ ਨੇ ਸਾਡੀ ਕਦਰ ਨਹੀਂ ਜਾਣੀ।&rdquo ਭਾਵ ਇਹ ਕਿ 'ਕਦਰ' ਵੀ ਤਾਂ ਹੀ ਮੰਨੀ ਜਾਵੇਗੀ, ਜੇ ਲਗਾਤਾਰ ਟਿਕਟ ਮਿਲੇਗੀ। ਇਹ ਵੱਖਰੀ ਗੱਲ ਹੈ ਕਿ ਕੈਪਟਨ ਉਹਨਾਂ ਨੂੰ ਮਨਾਉਣ ਵਿਚ ਸਫਲ ਹੋ ਗਏ ਹਨ ਤੇ ਉਹਨਾਂ ਨੂੰ ਕਿਸੇ ਪਾਰਟੀ ਵਿਚ ਜਾ ਕੇ ਬਿਆਨ ਜਾਰੀ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਉਹ ਫਲਾਣੀ ਪਾਰਟੀ ਵਿਚ ਜਾ ਕੇ ਸੇਵਾ ਕਰਨਗੇ।
ਇਹੀ ਗੱਲ ਸੰਤੋਸ਼ ਚੌਧਰੀ ਕਹਿ ਰਹੇ ਹਨ। ਬੀਬੀ ਜੀ ਕਹਿੰਦੇ ਹਨ, ''ਸੇਵਾ ਦਾ ਮੌਕਾ ਮੇਰੇ ਕੋਲੋਂ ਖੋਹਣ ਵਾਲੇ ਚੰਗੇ ਲੋਕ ਨਹੀਂ।&rdquo
ਇਸੇ ਸੇਵਾ ਦੇ ਲਾਭ ਵਿੱਚ ਪਿਛਲੇ ਦਿਨੀਂ ਹਰਬੰਸ ਕੌਰ ਦੂਲੋਂ ਨੇ ਝਾੜੂ ਨਿਸ਼ਾਨ ਵਾਲੀ ਪਾਰਟੀ 'ਆਪ' ਪਾਰਟੀ ਵਿਚ ਸ਼ਾਮਲ ਹੋ ਗਈ। ਉਹ ਕਹਿੰਦੇ, ''ਕਾਂਗਰਸ ਨੇ ਸਾਡੇ ਕੋਲੋਂ ਸੇਵਾ ਦਾ ਮੌਕਾ ਗੁਆ ਲਿਆ, ਪਰ ਅਸੀਂ 'ਆਪ' ਪਾਰਟੀ ਵਿਚ ਸੇਵਾ ਕਰਕੇ ਰਹਾਂਗੇ।&rdquo ਉਨ੍ਹਾਂ ਦੇ ਪਤੀ ਸ਼ਮਸ਼ੇਰ ਸਿੰਘ ਦੂਲੋਂ ਰਾਜ ਸਭਾ ਦੇ ਮੈਂਬਰ ਹਨ।
ਇਸੇ ਸਿਆਸੀ ਸੇਵਾ ਸਿਧਾਂਤ ਨੂੰ ਅਪਨਾ ਕੇ ਜਗਮੀਤ ਸਿੰਘ ਬਰਾੜ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਹ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਤੇ ਸ਼੍ਰੋਮਣੀ ਕਮੇਟੀ ਰਾਹੀਂ ਉਹ ਪੰਥ ਤੇ ਪੰਜਾਬ ਦੀ ਸੇਵਾ ਕਰ ਸਕਣਗੇ। ਜਗਮੀਤ ਬਰਾੜ ਨੇ ਇਸ ਸੇਵਾ ਲਈ ਹੀ ਤ੍ਰਿਣਮੂਲ ਕਾਂਗਰਸ ਪੰਜਾਬ ਲਿਆਂਦੀ ਸੀ, ਪਰ ਸੇਵਾ ਨਹੀਂ ਕਰ ਸਕੇ। ਇਸੇ ਸੇਵਾ ਲਈ ਉਹ 'ਆਪ' ਵਿੱਚ ਜਾਣਾ ਚਾਹੁੰਦੇ ਸਨ, ਪਰ 'ਆਪ' ਹਾਈਕਮਾਂਡ ਨੇ ਖੈਰ ਨਹੀਂ ਪਾਈ। ਸੇਵਾ ਲਈ ਹੀ ਉਨ੍ਹਾਂ ਬਸਪਾ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਬਸਪਾ ਨੇ ਵੀ ਹਾਮੀ ਨਹੀਂ ਭਰੀ। ਪਰ ਅਖੀਰ ਅਕਾਲੀ ਦਲ ਨੇ ਮੌਕਾ ਦੇ ਹੀ ਦਿੱਤਾ ਤੇ ਹੁਣ ਉਹ ਜਥੇਦਾਰ ਜਗਮੀਤ ਸਿੰਘ ਬਰਾੜ ਬਣ ਗਏ ਹਨ। ਬਾਦਲ ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਪੰਜਾਬ ਦੀ ਸਿਆਸਤ ਦੇ ਸੁਪਰ ਸਟਾਰ ਹਨ ਤੇ ਅਕਾਲੀ ਦਲ ਨੂੰ ਉਹਨਾਂ ਦੀ ਸੇਵਾ ਦਾ ਫਾਇਦਾ ਹੋਵੇਗਾ।
ਅਸਲ ਵਿਚ ਇਹ ਸੇਵਾ ਨਹੀਂ, ਇਹ ਮੌਕਾ ਪ੍ਰਸਤੀ ਹੈ ਤੇ ਦਲ ਬਦਲੂਆਂ ਨੇ ਬਹੁਤ ਸੋਹਣੇ ਅੱਖਰਾਂ ਵਿਚ ਇਸ ਨੂੰ ਸੇਵਾ ਦਾ ਨਾਮ ਦੇ ਦਿੱਤਾ। ਸੇਵਾ ਤਾਂ ਉਹ ਹੁੰਦੀ ਹੈ ਕਿ ਤੁਸੀਂ ਕਿਸੇ ਵੀ ਪਾਰਟੀ ਵਿਚ ਰਹੋ, ਪਰ ਲੋਕਾਂ ਦੇ ਸਟਾਰ ਬਣ ਕੇ ਰਹੋ ਤੇ ਲੋਕਾਂ ਦੇ ਭਲੇ ਦੀ ਗੱਲ ਕਰੋ। ਸਿਆਸਤ ਨੂੰ ਬਿਜਨੈਸ ਨਹੀਂ ਸੇਵਾ ਸਮਝੋ।
ਭਾਰਤ ਦੀ ਜਮਹੂਰੀਅਤ ਦਾ ਦੂਸਰਾ ਘਾਣ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਕੇ ਹੋ ਰਿਹਾ ਹੈ। ਇਸ ਦਾ ਸਿਹਰਾ ਮੁੱਖ ਤੌਰ ਉੱਤੇ ਭਾਜਪਾ ਤੇ ਖਾਸਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੱਝਦਾ ਹੈ। ਉਹਨਾਂ ਨੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਚੋਣ ਕਮਿਸ਼ਨ ਵੀ ਚੁੱਪ ਕਰਕੇ ਤਮਾਸ਼ਾ ਦੇਖ ਰਿਹਾ ਹੈ। ਚੋਣ ਕਮਿਸ਼ਨ ਇਸ ਤਰ੍ਹਾਂ ਵਰਤਾਰਾ ਅਪਨਾ ਰਿਹਾ ਹੈ ਕਿ ਜਿਵੇਂ ਉਹ ਭਾਜਪਾ ਦਾ ਚੌਕੀਦਾਰ ਹੁੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਇੱਕ ਚੋਣ ਰੈਲੀ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਪਹਿਲੀ ਵੋਟ ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸਮੱਰਪਤ ਕਰਨ। ਪਹਿਲਾਂ ਤਾਂ ਚੋਣ ਕਮਿਸ਼ਨ ਨੇ ਮੋਦੀ ਦੇ ਬਿਆਨ ਨੂੰ ਟਾਲ ਦਿੱਤਾ ਕਿ ਉਹ ਇਸ ਸੰਬੰਧੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕਰਨਗੇ, ਪਰ ਪਿੱਛੋਂ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਆ ਗਿਆ ਕਿ ਆਪਣੇ ਜਵਾਨਾਂ ਦਾ ਗੁਣਗਾਨ ਕਰਨਾ ਗਲਤ ਨਹੀਂ ਹੁੰਦਾ। ਚੋਣ ਕਮਿਸ਼ਨ ਫਿਰ ਵੀ ਚੁੱਪ ਰਿਹਾ। ਇਸ ਤੋਂ ਜ਼ਾਹਿਰ ਹੈ ਕਿ ਭਗਵਿਆਂ ਨੂੰ ਚੋਣ ਕਮਿਸ਼ਨ ਦਾ ਕੋਈ ਡਰ ਨਹੀਂ। ਚੋਣ ਕਮਿਸ਼ਨ ਦੀਆਂ ਕਾਰਵਾਈਆਂ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਭਾਜਪਾ ਦਾ ਹੱਥ ਠੋਕਾ ਹੈ।
ਮਾਲੇਗਾਂਵ ਧਮਾਕੇ ਦੀ ਦੋਸ਼ੀ ਅਤੇ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕਰ ਨੇ ਤਾਂ ਚੋਣ ਕਮਿਸ਼ਨ ਦੀਆਂ ਧੱਜੀਆਂ ਉਡਾ ਦਿੱਤੀਆਂ। ਉਸ ਨੇ ਆਪਣੇ ਪਹਿਲੇ ਬਿਆਨ ਵਿੱਚ ਹੀ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਦੀ ਬਾਜ਼ੀ ਲਾ ਦੇਣ ਵਾਲੇ ਸ਼ਹੀਦ ਹੇਮੰਤ ਕਰਕਰੇ ਉੱਤੇ ਟਾਰਚਰ ਕਰਨ ਤੇ ਉਸ ਨੂੰ ਝੂਠਾ ਫਸਾਉਣ ਦਾ ਦੋਸ਼ ਲਾ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਨੇ ਹੀ ਕਰਕਰੇ ਨੂੰ ਮਾਰੇ ਜਾਣ ਦਾ ਸਰਾਪ ਦਿੱਤਾ ਸੀ, ਪਰ ਹੋਇਆ ਕੀ, ਇੱਕ ਨੋਟਿਸ ਦੇ ਕੇ ਚੋਣ ਕਮਿਸ਼ਨ ਘੂਕ ਸੁੱਤਾ ਪਿਆ ਹੈ। ਸਾਧਵੀ ਪ੍ਰਗਿਆ ਨੇ ਉਸ ਤੋਂ ਬਾਅਦ ਇਹ ਜ਼ਿਕਰ ਕੀਤਾ ਕਿ ਬਾਬਰੀ ਮਸਜਿਦ ਉਸ ਨੇ ਢਾਹੀ ਹੈ ਤੇ ਰਾਮ ਮੰਦਰ ਉਹੀ ਬਣਾਏਗੀ। ਅਜਿਹੇ ਫਾਸੀਵਾਦੀ ਤੇ ਨਫ਼ਰਤ ਭਰਪੂਰ ਬਿਆਨ ਦੇਣੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਹੈ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ, ਕਿਉਂਕਿ ਚੋਣ ਕਮਿਸ਼ਨ ਭਾਜਪਾ ਤੋਂ ਡਰਿਆ ਮਹਿਸੂਸ ਕਰ ਰਿਹਾ ਹੈ।
ਚੋਣ ਕਮਿਸ਼ਨ ਵੱਲੋਂ ਹਾਲੇ ਤੱਕ ਦੋਹਾਂ ਕੇਸਾਂ ਵਿੱਚ ਹੀ ਸਾਧਵੀ ਨੂੰ ਸਿਰਫ਼ ਨੋਟਿਸ ਦਿੱਤੇ ਗਏ ਹਨ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ। ਪਰ ਸਾਧਵੀ ਸਭ ਨੂੰ ਲਲਕਾਰ ਰਹੀ ਹੈ। ਉਹ ਜਾਣਦੀ ਹੈ ਕਿ ਚੋਣ ਕਮਿਸ਼ਨ ਭਗਵਿਆਂ ਦਾ ਗੁਲਾਮ ਹੈ, ਇਸ ਤੋਂ ਡਰਨ ਦੀ ਲੋੜ ਨਹੀਂ। ਜੇਕਰ ਗੱਲ ਅਜਿਹੀ ਹੈ ਤਾਂ ਭਾਰਤ ਵਿਚ ਚੋਣਾਂ ਕਿਵੇਂ ਨਿਰਪੱਖ ਹੋ ਸਕਦੀਆਂ ਹਨ? ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਜਰਮਨ ਦੇ ਹਿਟਲਰ ਵਲ ਵਧ ਰਿਹਾ ਹੈ। ਸਭ ਭਾਰਤੀਆਂ ਨੂੰ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਭਾਰਤ ਹਿਟਲਰ ਦਾ ਦੇਸ਼ ਨਾ ਬਣੇ। ਇਹ ਗੱਦਰੀ ਬਾਬਿਆਂ ਤੇ ਸ਼ਹੀਦਾਂ ਦੇ ਦੇਸ਼ ਬਣਿਆ ਰਹੇ, ਜਿਸ ਨੇ ਭਾਰਤ ਲਈ ਚੰਗੇ ਸੁਪਨੇ ਦੇਖੇ ਸਨ ਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।

ਰਜਿੰਦਰ ਸਿੰਘ ਪੁਰੇਵਾਲ