image caption: ਤਸਵੀਰਾਂ: ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਦੀ ਹੋਈ ਬਰਤਾਨਵੀ ਪੁਲਿਸ

2020 ਪੰਜਾਬ ਰੈਫਰੰਡਮ ਵਾਲੇ ਸਿੰਘਾਂ ਨੂੰ ਭਾਰਤ ਤੇ ਨਿਊਜ਼ੀਲੈਂਡ ਦੇ ਕ੍ਰਿਕਟ ਮੈਚ ਵਿੱਚੋਂ ਪੁਲਿਸ ਨੇ ਬਾਹਰ ਕੱਢਤਾ

ਪੰਜਾਬ ਦੀ ਆਜ਼ਾਦੀ ਲਈ ਰੈਫਰੰਡਮ ਦੀ ਮੰਗ ਕਰਨ ਵਾਲੇ ਸਿੱਖ ਨੌਜਵਾਨ ਗ੍ਰਿਫ਼ਤਾਰ ਕਰਨ ਪਿੱਛੋਂ ਰਿਹਾ


ਮਾਨਚੈਸਟਰ (ਪੰਜਾਬ ਟਾਈਮਜ਼) - ਮੰਗਲਵਾਰ 9 ਜੁਲਾਈ ਨੂੰ ਜਦੋਂ ਮਾਨਚੈਸਟਰ ਦੀਆਂ ਗਰਾਊਂਡਾਂ ਵਿੱਚ ਕ੍ਰਿਕਟ ਵਰਲਡ ਕੱਪ ਦਾ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਸੈਮੀ ਫਾਈਨਲ ਮੈਚ ਚੱਲ ਰਿਹਾ ਸੀ ਤਾਂ ਮੈਚ ਦੇਖ ਰਹੇ ਕੁਝ ਸਿੱਖ ਨੌਜਵਾਨਾਂ ਨੂੰ ਇਸ ਲਈ ਗ੍ਰਿਫ਼ਤਾਰ ਕਰਕੇ ਗਰਾਊਂਡਾਂ ਵਿੱਚੋਂ ਪੁਲਿਸ ਦੁਆਰਾ ਬਾਹਰ ਲਿਜਾਇਆ ਗਿਆ ਕਿਉਂਕਿ ਉਹਨਾਂ ਨੇ 2020 ਪੰਜਾਬ ਦੀ ਆਜ਼ਾਦੀ ਸਬੰਧੀ ਰੈਫਰੰਡਮ ਦੀ ਮੰਗ ਕਰਨ ਵਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ ।
  ਇਹਨਾਂ ਰੈਫਰੰਡਮ ਦੀ ਸੁਪੋਰਟ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਪਹਿਲਾਂ ਤਾਂ ਸਟੇਡੀਅਮ ਵਿੱਚ ਮੌਜੂਦ ਸਕਿਉਰਿਟੀ ਵਾਲਿਆਂ ਨੇ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਪੁਲਿਸ ਬੁਲਾ ਲਈ ਗਈ, ਜੋ ਇਹਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਸਟੇਡੀਅਮ ਵਿੱਚੋਂ ਬਾਹਰ ਲੈ ਗਈ । ਇਸ ਦੌਰਾਨ ਬਰਤਾਨਵੀ ਪੁਲਿਸ ਦੇ ਅਫ਼ਸਰ, ਸਿੱਖ ਨੌਜਵਾਨਾਂ ਤਜਿੰਦਰ ਸਿੰਘ ਤੇ ਦੁਪਿੰਦਰਜੀਤ ਸਿੰਘ ਦੇ ਹੱਥਕੜੀਆਂ ਲਾ ਕੇ ਉਹਨਾਂ ਦੇ ਸਾਥੀਆਂ ਪ੍ਰਮਜੀਤ ਸਿੰਘ ਪੰਮਾ ਅਤੇ ਹੋਰਾਂ ਸਮੇਤ ਗਰਾਊਂਡਾਂ ਵਿੱਚੋਂ ਬਾਹਰ ਲੈ ਗਏ । ਹਾਲਾਂ ਕਿ ਉਹ ਸਾਰੇ ਗਰਾਊਂਡ ਵਿੱਚ ਸ਼ਾਂਤੀ ਪੂਰਨ ਬੈਠ ਕੇ ਮੈਚ ਦੇਖ ਰਹੇ ਸਨ, ਕੇਵਲ ਉਹਨਾਂ ਦੇ ਪੰਜਾਬ ਰੈਫਰੰਡਮ 2020 ਖਾਲਿਸਤਾਨ ਦੇ ਮਾਰਕੇ ਵਾਲੀਆਂ ਸ਼ਰਟਾਂ ਪਾਈਆਂ ਹੋਈਆਂ ਸਨ ।
  ਨੌਜਵਾਨਾਂ ਦਾ ਕਹਿਣਾ ਸੀ ਕਿ ਮੈਚ ਦੌਰਾਨ ਭਾਰਤ ਵਾਲੇ ਭਾਰਤੀ ਝੰਡੇ ਲਹਿਰਾ ਰਹੇ ਸਨ, ਨਿਊਜ਼ੀਲੈਂਡ ਵਾਲੇ ਆਪਣੇ ਝੰਡੇ ਲਹਿਰਾ ਰਹੇ ਸਨ । ਇਸ ਦੇ ਇਲਾਵਾ ਉਥੇ ਬਰਤਾਨਵੀ ਤੇ ਪਾਕਿਸਤਾਨੀ ਝੰਡੇ ਵੀ ਲਹਿਰਾਏ ਜਾ ਰਹੇ ਸਨ । ਲੋਕ ਵੱਖ ਵੱਖ ਨਾਹਰੇ ਵੀ ਲਾ ਰਹੇ ਸਨ । ਉਹਨਾਂ ਦਾ ਕਹਿਣਾ ਸੀ ਕਿ ਸਿੱਖਾਂ ਨੂੰ ਆਪਣਾ ਝੰਡਾ ਲਹਿਰਾਉਣ ਅਤੇ ਟੀ ਸ਼ਰਟਾਂ ਪਾਉਣ ਤੋਂ ਰੋਕਿਆ ਗਿਆ ।
 ਭਾਰਤ ਅਤੇ ਬਰਤਾਨੀਆ ਦੋਵੇਂ ਲੋਕਤੰਤਰਿਕ ਦੇਸ਼ ਹਨ, ਜੇ ਇਹਨਾਂ ਦੇਸ਼ਾਂ ਵਿੱਚ ਕਿਸੇ ਮੁੱਦੇ ਨੂੰ ਲੈ ਕੇ ਵੋਟਾਂ ਪਵਾਉਣ ਦੀ ਮੰਗ ਕਰਨ ਤੋਂ ਲੋਕਾਂ ਨੂੰ ਰੋਕਿਆ ਜਾਂਦਾ ਹੈ ਤਾਂ ਕੀ ਸਮਝਣਾ ਚਾਹੀਦਾ ਹੈ । ਕੀ ਕੋਈ ਲੋਕਤੰਤਰ ਸ਼ਾਸਨ ਵੋਟਾਂ ਦੀ ਮੰਗ ਕਰਨ ਦਾ ਅਧਿਕਾਰ ਨਹੀਂ ਦੇ ਸਕਦਾ । ਕੀ ਇਹਨਾਂ ਦੇਸ਼ਾਂ ਵਿੱਚ ਲੋਕ ਵੋਟਾਂ ਰਾਹੀਂ ਕਿਸੇ ਮੁੱਦੇ ਨੂੰ ਹੱਲ ਕਰਨ ਦੀ ਮੰਗ ਵੀ ਨਹੀਂ ਕਰ ਸਕਦੇ?
  ਜਦੋਂ ਕਿ ਸਕੌਟਲੈਂਡ ਵਿੱਚ ਪਹਿਲਾਂ 1979 ਵਿੱਚ ਸਕੌਟਲੈਂਡ ਦੀ ਆਪਣੀ ਅਸੈਂਬਲੀ ਸਬੰਧੀ ਰੈਫਰੰਡਮ ਕਰਵਾਇਆ ਗਿਆ । ਫਿਰ 2014 ਵਿੱਚ ਸਕੌਟਲੈਂਡ ਦੀ ਆਜ਼ਾਦੀ ਲਈ ਰੈਫਰੰਡਮ ਕਰਵਾਇਆ। ਪਿੱਛੋਂ 2016 ਵਿੱਚ ਬਰਤਾਨੀਆ ਦੇ ਯੂਰਪ ਵਿੱਚੋਂ ਬਾਹਰ ਨਿਕਲਣ ਲਈ ਰੈਫਰੰਡਮ ਕਰਵਾਇਆ ਗਿਆ । ਸਕੌਟਲੈਂਡ ਦੀ ਆਜ਼ਾਦੀ ਮੰਗਣ ਵਾਲੀ ਸਕੌਟਿਸ਼ ਲੀਡਰ ਨਿਕੋਲਾ ਫਰਗੂਸਨ ਸਟਰਜਨ ਅਜੇ ਵੀ ਸਕੌਟਲੈਂਡ ਦੀ ਆਜ਼ਾਦੀ ਲਈ ਦੁਬਾਰਾ ਰੈਫਰੰਡਮ ਕਰਵਾਉਣ ਦੀ ਮੰਗ ਕਰ ਰਹੀ ਹੈ । ਜੇ ਬਰਤਾਨੀਆ ਆਪਣੇ ਲੋਕਾਂ ਲਈ ਰੈਫਰੰਡਮ ਕਾਨੂੰਨ ਮੁਤਾਬਕ ਗਲਤ ਨਹੀਂ ਸਮਝਦਾ ਤਾਂ ਫਿਰ ਸਿੱਖ ਨੌਜਵਾਨਾਂ ਵੱਲੋਂ ਕੇਵਲ ਰੈਫਰੰਡਮ ਲਈ ਵੋਟਾਂ ਦੀ ਮੰਗ ਕਰਨ ਤੇ ਬਰਤਾਨਵੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਮੈਚ ਵਿੱਚੋਂ ਬਾਹਰ ਕਿਉਂ ਕੱਢਿਆ ਗਿਆ । ਜਦ ਕਿ ਉਹ ਕੋਈ ਕਾਨੂੰਨ ਭੰਗ ਨਹੀਂ ਕਰ ਰਹੇ ਸਨ, ਨਾ ਕੋਈ ਖਰੂਦ ਕਰ ਰਹੇ ਸਨ । ਜਿਵੇਂ ਬਾਕੀ ਲੋਕ ਆਪੋ ਆਪਣੇ ਪਸੰਦ ਦੀਆਂ ਸ਼ਰਟਾਂ ਆਦਿ ਪਾ ਕੇ ਬੈਠੇ ਸਨ, ਉਵੇਂ ਹੀ ਉਹ ਵੀ ਬੈਠੇ ਸਨ ।
   ਦਰਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਕੁਝ ਲੋਕਾਂ ਨੂੰ ਆਪਣੀ ਮਨ ਮਰਜ਼ੀ ਕਰਨ ਦੇਣਾ ਤੇ ਕੁਝ ਨੂੰ ਨਾ ਕਰਨ ਦੇਣਾ ਇਹ ਸਪੱਸ਼ਟ ਤੌਰ ਤੇ ਵਿਤਕਰਾ ਹੈ । ਜੇ ਤੁਹਾਡੇ ਕੋਲ ਰਾਜ ਨਹੀਂ ਹੈ ਤਾਂ ਤੁਹਾਡੇ ਕੋਲ ਸ਼ਾਂਤੀਪੂਰਨ ਢੰਗ ਨਾਲ ਕਾਨੂੰਨ ਅਨੁਸਾਰ ਵੀ ਆਪਣੀ ਗੱਲ ਕਹਿਣ ਦਾ ਅਧਿਕਾਰ ਨਹੀਂ ਹੈ ।
  ਦੂਜੇ ਪਾਸੇ ਵਰਲਡ ਕੱਪ ਦੇ ਅਧਿਕਾਰੀਆਂ ਵੱਲੋਂ ਦਰਸ਼ਕਾਂ ਉਤੇ ਕੁਝ ਸ਼ਰਤਾਂ ਹੁੰਦੀਆਂ ਹਨ ਕਿ ਕੋਈ ਆਪਣੇ ਪੁਲਿਟੀਕਲ ਏਜੰਡੇ ਦਾ ਉਥੇ ਪ੍ਰਚਾਰ ਨਹੀਂ ਕਰ ਸਕਦਾ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਆਧਾਰ ਤੇ ਉਹਨਾਂ ਨੂੰ ਗਰਾਊਂਡ ਵਿੱਚੋਂ ਬਾਹਰ ਕੱਢਿਆ ਗਿਆ ਹੈ ।