image caption:

ਹਨੀ ਸਿੰਘ ਅਤੇ ਟੀ ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਉੱਤੇ ਕੇਸ ਦਰਜ

ਮੋਹਾਲੀ- ਆਪਣੇ ਗੀਤ ਵਿੱਚ ਔਰਤਾਂ ਬਾਰੇ ਲੱਚਰਤਾ ਅਤੇ ਭੱਦੀ ਸ਼ਬਦਾਵਲੀ ਪੇਸ਼ ਕਰ ਰਹੇ ਗਾਇਕ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਲਾਂ ਓਦੋਂ ਵੱਧ ਗਈਆਂ, ਜਦੋਂ ਉਸ ਖਿਲਾਫ ਮੋਹਾਲੀ ਦੇ ਮਟੌਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ। ਇਹ ਕੇਸ &lsquoਮੱਖਣਾ' ਗੀਤ ਵਿੱਚ ਔਰਤਾਂ ਦੇ ਖਿਲਾਫ ਵਰਤੀ ਗਈ ਭੱਦੀ ਸ਼ਬਦਾਵਲੀ ਅਤੇ ਵੀਡੀਓ ਦੇ ਮਾਮਲੇ ਵਿੱਚ ਦਰਜ ਹੋਇਆ ਹੈ। ਉਸ ਦੇ ਨਾਲ ਹੀ ਗੀਤ ਲਿਖਣ ਵਾਲੇ ਲੇਖਕ ਅਤੇ ਟੀ ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੂੰ ਵੀ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਉਕਤ ਗੀਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਸ਼ਿਕਾਇਤ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ, ਗ੍ਰਹਿ ਅਤੇ ਨਿਆਂ ਵਿਭਾਗ ਪੰਜਾਬ, ਪੰਜਾਬ ਪੁਲਸ ਦੇ ਡੀ ਜੀ ਪੀ, ਆਈ ਜੀ ਪੁਲਸ (ਓ ਸੀ ਸੀ ਯੂ ਐਂਡ ਕਰਾਈਮ) ਨੂੰ ਭੇਜੀ ਸੀ। ਉਸ ਉੱਤੇ ਅਮਲ ਕਰਨ ਲਈ ਐੱਸ ਐੱਸ ਪੀ ਮੋਹਾਲੀ ਨੂੰ ਭੇਜੀ ਗਈ ਸੀ, ਜਿਸ ਉਤੇ ਡੀ ਏ ਦੀ ਲੀਗਲ ਰਾਏ ਲੈਣ ਪਿੱਚੋਂ ਪੁਲਸ ਨੇ ਇਹ ਕਾਰਵਾਈ ਕੀਤੀ ਹੈ। ਥਾਣਾ ਮਟੌਰ (ਮੋਹਾਲੀ) ਦੇ ਐੱਸ ਐੱਚ ਓ ਇੰਸਪੈਕਟਰ ਜਗਦੇਵ ਸਿੰਘ ਨੇ ਕਿਹਾ ਕਿ ਅਸੀਂ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਤੇ ਗੀਤ ਦੇ ਲੇਖਕ ਭੂਸ਼ਣ ਕੁਮਾਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 294, 509, ਸੂਚਨਾ ਟੈਕਨਾਲੋਜੀ ਐਕਟ (ਆਈ ਟੀ) ਦੀ ਧਾਰਾ 67 ਅਤੇ ਇੰਡੈਸੇਂਟ ਰੀਪ੍ਰੈਜ਼ੈਂਟੇਸ਼ਨ ਆਫ ਵੂਮੈਨ ਪ੍ਰੋਹਿਬਿਸ਼ਨ ਐਕਟ ਦੀ ਧਾਰਾ ਛੇ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ, ਮਾਮਲੇ ਦੀ ਜਾਂਚ ਜਾਰੀ ਹੈ।