image caption:

ਵਿਦੇਸ਼ ਮੰਤਰਾਲੇ ਨੂੰ ਐੱਨਆਰਆਈ ਪਤੀਆਂ ਵੱਲੋਂ ਛੱਡੀਆਂ ਗਈਆਂ ਔਰਤਾਂ ਦੀਆਂ 4,698 ਸ਼ਿਕਾਇਤਾਂ ਮਿਲੀਆਂ

ਨਵੀਂ ਦਿੱਲੀ-  ਵਿਦੇਸ਼ ਮੰਤਰਾਲੇ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਆਪਣੇ ਐੱਨਆਰਆਈ ਪਤੀਆਂ ਵੱਲੋਂ ਛੱਡੀਆਂ ਗਈਆਂ ਔਰਤਾਂ ਦੀਆਂ 4,698 ਸ਼ਿਕਾਇਤਾਂ ਮਿਲੀਆਂ ਹਨ। ਮੰਤਰਾਲੇ ਨੇ ਇਸ 'ਤੇ ਵੱਖ-ਵੱਖ ਕਦਮ ਉਠਾਏ ਹਨ। ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਕਿ ਇਹ ਸ਼ਿਕਾਇਤਾਂ ਜਨਵਰੀ 2016 ਤੋਂ 31 ਮਈ 2019 ਵਿਚਾਲੇ ਪ੍ਰਾਪਤ ਹੋਈਆਂ ਹਨ। ਮੁਰਲੀਧਰਨ ਨੇ ਦੱਸਿਆ ਕਿ ਮੰਤਰਾਲੇ ਐੱਨਆਰਆਈ ਪਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਇਨ੍ਹਾਂ ਔਰਤਾਂ ਨੂੰ ਕਾਨੂੰਨੀ ਪ੍ਰਕਿਰਿਆ ਦੀ ਜਾਣਕਾਰੀ ਅਤੇ ਮਾਰਗ ਦਰਸ਼ਨ ਪ੍ਰਦਾਨ ਕਰਦਾ ਹੈ, ਨਾਲ ਹੀ ਪਤੀਆਂ ਖ਼ਿਲਾਫ਼ ਭਾਰਤ ਵਿਚ ਮਾਮਲਾ ਦਾਇਰ ਕਰਨ ਦੀ ਸੂਚਨਾ, ਉਨ੍ਹਾਂ ਖ਼ਿਲਾਫ਼ ਲੁਕ ਆਊਟ ਸਰਕੂਲਰ ਜਾਰੀ ਕਰਵਾਉਣ ਅਤੇ ਪਤੀਆਂ ਦੇ ਪਾਸਪੋਰਟ ਨੂੰ ਕਿਵੇਂ ਰੱਦ ਕਰਵਾਇਆ ਜਾ ਸਕਦਾ ਹੈ, ਇਸ ਦੀ ਵੀ ਜਾਣਕਾਰੀ ਮੰਤਰਾਲੇ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ 'ਚ ਫਸੀਆਂ ਭਾਰਤੀ ਔਰਤਾਂ ਨੂੰ ਕਾਨੂੰਨੀ ਅਤੇ ਵਿੱਤੀ ਸਹਾਇਤਾ ਦੀ ਰਾਸ਼ੀ ਵਧਾ ਕੇ 4000 ਡਾਲਰ ਪ੍ਰਤੀ ਕੇਸ ਕਰ ਦਿੱਤੀ ਗਈ ਹੈ। ਵਿਆਹ ਸਬੰਧੀ ਵਿਵਾਦ ਸਮੇਤ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਆਨਲਾਈਨ ਸਹਾਇਤਾ ਪ੍ਰਦਾਨ ਕਰਨ ਲਈ 2015 ਵਿਚ ਮਦਦ (ਐੱਮਏਡੀਏਡੀ) ਪੋਰਟਲ ਲਾਂਚ ਕੀਤਾ ਗਿਆ ਸੀ।