image caption:

ਅਯੁੱਧਿਆ ਕੇਸ : ਸੁਪਰੀਮ ਕੋਰਟ ਵੱਲੋਂ 25 ਜੁਲਾਈ ਤੋਂ ਰੋਜ਼ ਸੁਣਵਾਈ ਦਾ ਫੈਸਲਾ

ਨਵੀਂ ਦਿੱਲੀ- ਅਯੁੱਧਿਆ ਵਿੱਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਾਲੀ ਜ਼ਮੀਨ ਦੀ ਮਾਲਕੀ ਦੇ ਵਿਵਾਦ ਉੱਤੇਅੱਜ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਦੇ ਦੌਰਨ ਪਟੀਸ਼ਨਕਰਤਾ ਨੇ ਦੱਸਿਆ ਕਿ ਇਸ ਬਾਰੇ ਅਦਾਲਤ ਨੇ ਵਿਚੋਲਗੀ ਦਾ ਜਿਹੜਾ ਰਸਤਾ ਕੱਢਿਆ ਹੈ, ਉਹ ਕੰਮ ਨਹੀਂ ਕਰ ਰਿਹਾ। ਇਸ ਮਗਰੋਂ ਸੁਪਰੀਮ ਕੋਰਟ ਨੇ ਵਿਚੋਲਗੀ ਪੈਨਲ ਤੋਂ ਰਿਪੋਰਟ ਮੰਗੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਪੈਨਲ ਨੂੰ ਇਹ ਰਿਪੋਰਟ ਅਗਲੇ ਵੀਰਵਾਰ ਤਕ ਸੁਪਰੀਮ ਕੋਰਟ ਵਿਚ ਜਮ੍ਹਾਂ ਕਰਾਉਣੀ ਹੋਵੇਗੀ।
ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨਕ ਬੈਂਚ ਨੇ ਅੱਜ ਸੁਪਰੀਮ ਕੋਰਟ ਦੇ ਸਾਬਕਾ ਜੱਜ (ਸੇਵਾ ਮੁਕਤ) ਜਸਟਿਸ ਐੱਫ ਐੱਮ ਆਈ ਕਲੀਫੁੱਲਾ ਨੂੰ 18 ਜੁਲਾਈ ਤਕ ਰਿਪੋਰਟ ਸੌਂਪਣ ਲਈ ਬੇਨਤੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਨਵੀਂਸਟੇਟਸ ਰਿਪੋਰਟ ਦੇਖਣ ਮਗਰੋਂ ਜੇ ਲੱਗੇਗਾ ਕਿ ਵਿਚੋਲਗੀ ਪ੍ਰਕਿਰਿਆ ਅਸਫਲ ਹੈ ਤਾਂ ਅਯੁੱਧਿਆ ਕੇਸ ਦੀ ਸੁਣਵਾਈ ਇਹ ਅਦਾਲਤ 25 ਜੁਲਾਈ ਤੋਂ ਰੋਜ਼ ਕਰੇਗੀ, ਪਰ ਇਹਫੈਸਲਾ ਇਸ ਗੱਲ ਬਾਰੇ ਹੋਵੇਗਾ ਕਿ ਇਸ ਕੇਸ ਵਿਚ ਵਿਚੋਲਗੀ ਜਾਰੀ ਰਹੇਗੀ ਜਾਂ ਨਹੀਂ।
ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਦੇ ਵਿਚੋਲਗੀ ਪੈਨਲ ਦੀਆਂ ਕੋਸ਼ਿਸ਼ਾਂ ਜ਼ੋਰਾਂ ਉੱਤੇ ਹਨ। ਇਸ ਵਿਚੋਲਗੀ ਦੇ ਲਈ ਬਣਾਈ ਕਮੇਟੀ ਵਿਚ ਜਸਟਿਸ ਕਲੀਫੁੱਲਾ ਦੇ ਨਾਲ ਧਾਰਮਿਕ ਆਗੂ ਅਤੇ ਆਰਟ ਆਫ ਲਿਵਿੰਗ ਦੇ ਮੋਢੀ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪੰਚੂ ਨੂੰ ਮੈਂਬਰ ਬਣਾਇਆ ਗਿਆ ਹੈ। ਲੰਬੇ ਸਮੇਂ ਤੋਂ ਪੈਂਡਿੰਗ ਇਸ ਮਾਮਲੇ ਨੂੰ ਸੁਲਝਦਾ ਨਾ ਦੇਖ ਕੇ ਵਿਚਲੋਗੀ ਵਾਸਤੇ ਕਮੇਟੀ ਬਣਾਈ ਗਈ ਸੀ।
ਸਾਲ 1992 ਵਿੱਚ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਾਲੀ ਭੀੜ ਨੇ ਏਥੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ। ਇਸ ਨੂੰ 1528 ਈਸਵੀ ਵਿੱਚ ਮੁਗ਼ਲ ਬਾਦਸ਼ਾਹ ਬਾਬਰ ਨੇ ਬਣਵਾਇਆ ਸੀ। ਹਿੰਦੂ ਧਿਰ ਵਾਲੇ ਲੋਕ ਚਾਹੁੰਦੇ ਹਨ ਕਿ ਏਥੇ ਰਾਮ ਮੰਦਰ ਬਣੇ, ਪਰ ਮੁਸਲਮਾਨ ਆਪਣੀ ਮਸਜਿਦ ਵਾਲੀ ਥਾਂ ਦੱਸਦੇ ਹਨ। ਇਹ ਕੇਸ ਕਈ ਸਾਲਾਂ ਤੋਂ ਪਹਿਲਾਂ ਹੇਠਲੀਆਂ ਅਦਾਲਤਾਂ ਵਿੱਚ ਅਤੇ ਅੱਜ ਕੱਲ੍ਹ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ।
ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ ਏ ਬੋਬਡੇ, ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ ਅਬਦੁੱਲ ਨਜ਼ੀਰ ਦੇ ਸੰਵਿਧਾਨਕ ਬੈਂਚ ਨੇ ਇਸ ਕੇਸਦੀ ਇੱਕ ਧਿਰ ਗੋਪਾਲ ਸਿੰਘ ਵਿਸ਼ਾਰਦ ਦੀ ਅਰਜ਼ੀ ਉੱਤੇ ਸੁਣਵਾਈ ਤੋਂ ਬਾਅਦ ਰੋਜ਼ਾਨਾ ਸੁਣਵਾਈ ਦੇ ਸੰਕੇਤ ਦਿੱਤੇ ਹਨ। ਅੱਜ ਵਿਸ਼ਾਰਦ ਵੱਲੋਂ ਪੇਸ਼ ਸੀਨੀਅਰ ਵਕੀਲ ਕੇ. ਪਰਾਸਰਨ ਨੇ ਕੋਰਟ ਨੂੰ ਕਿਹਾ ਕਿ ਵਿਚੋਲਗੀ ਨਾਲ ਹੱਲ ਕੱਢਣਾ ਮੁਸ਼ਕਲ ਹੈ। ਇਸ ਬਾਰੇ ਬਹੁਤ ਬੈਠਕਾਂ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੇ ਵਿਵਾਦ ਦਾ ਇਸ ਢੰਗ ਨਾਲ ਨਿਪਟਾਰਾ ਮੁਸ਼ਕਲ ਹੈ ਅਤੇ ਬਿਹਤਰ ਹੈ ਕਿ ਕੋਰਟ ਹੀ ਕੇਸ ਦੀਸੁਣਵਾਈ ਕਰ ਕੇ ਫ਼ੈਸਲਾ ਕਰੇ। ਉਨ੍ਹਾਂ ਕਿਹਾ ਕਿ ਪਟੀਸ਼ਨਰ ਦੇ ਪਿਤਾ ਨੇ ਜਨਵਰੀ 1950 ਵਿੱਚ ਇਹ ਮੁਕੱਦਮਾ ਕੀਤਾ ਸੀ, ਜਿਸ ਨੂੰ 69 ਸਾਲ ਹੋ ਗਏ ਹਨ। ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਅੱਜਕੱਲ੍ਹ ਬੇਟਾ ਮੁਕੱਦਮਾ ਲੜ ਰਿਹਾ ਹੈ, ਜਿਸ ਦੀ ਉਮਰ 80 ਸਾਲ ਹੋ ਚੁੱਕੀ ਹੈ, ਇਸ ਲਈ ਕੇਸ ਸਿਰੇ ਲੱਗਣਾ ਚਾਹੀਦਾ ਹੈ।
ਦੂਸਰੇ ਪਾਸੇ ਰਾਮਲੱਲਾ ਬਿਰਾਜਮਾਨ ਵਾਲੀ ਧਿਰ ਦੇ ਵਕੀਲ ਰਣਜੀਤ ਕੁਮਾਰ ਨੇ ਵੀ ਕੇ. ਪਰਾਸਰਨ ਦੀ ਹਮਾਇਤ ਕੀਤੀ ਅਤੇ ਕੋਰਟ ਨੂੰ ਮੁੱਖ ਕੇਸ ਉੱਤੇ ਛੇਤੀ ਸੁਣਵਾਈ ਦੀ ਅਪੀਲ ਕੀਤੀ। ਨਿਰਮੋਹੀ ਅਖਾੜੇ ਦੇ ਵਕੀਲ ਸੁਸ਼ੀਲ ਕੁਮਾਰ ਜੈਨ ਨੇ ਕਿਹਾ ਕਿ ਵਿਚੋਲਗੀ ਵਿੱਚ ਜ਼ਰੂਰੀ ਹੈ ਕਿ ਸੰਬੰਧਤ ਧਿਰਾਂ ਵਿੱਚ ਸਿੱਧੀ ਗੱਲਬਾਤ ਹੋਵੇ। ਜਦੋਂ ਤਕ ਧਿਰਾਂਦੀ ਸਿੱਧੀ ਗੱਲਬਾਤ ਨਹੀਂ ਹੁੰਦੀ, ਵਿਚੋਲਗੀ ਸਫਲ ਨਹੀਂ ਹੋ ਸਕਦੀ। ਇਸ ਕੇਸ ਵਿੱਚ ਧਿਰਾਂਦੀ ਸਿੱਧੀ ਗੱਲਬਾਤ ਨਹੀਂ ਹੋਈ, ਜਿਸ ਨਾਲ ਕੋਈ ਸਮਝੌਤਾ ਜਾਂ ਹੱਲ ਨਿਕਲੇ। ਜੈਨ ਨੇ ਕਿਹਾ ਕਿ ਜ਼ਮੀਨ ਉੱਤੇ ਮਾਲਕੀ ਹੱਕ ਦੇ ਕੇਸ ਦੀ ਮੂਲ ਧਿਰ ਤਾਂ ਨਿਰਮੋਹੀ ਅਖਾੜਾ ਅਤੇ ਸੁੰਨੀ ਵਕਫ਼ ਬੋਰਡ ਹੀ ਹਨ, ਬਾਕੀ ਸਭ ਪੂਜਾ ਅਰਚਨਾ ਕਰਨ ਵਾਲੇ ਹਨ।
ਮੁਸਲਿਮ ਧਿਰ ਦੇ ਵਕੀਲ ਰਾਜੀਵ ਧਵਨ ਨੇ ਗੋਪਾਲ ਸਿੰਘ ਵਿਸ਼ਾਰਦ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਕੋਈ ਇਕ ਧਿਰ ਵਿਚੋਲਗੀ ਤੋਂ ਸੰਤੁਸ਼ਟ ਨਹੀਂ ਤਾਂ ਉਹ ਵਿਚੋਲਗੀ ਪ੍ਰਕਿਰਿਆ ਉੱਤੇਏਦਾਂ ਦੇ ਸਵਾਲ ਕਰ ਕੇ ਉਸ ਨੂੰ ਭੰਗ ਕਰਨ ਦੀ ਮੰਗ ਨਹੀਂ ਕਰ ਸਕਦੀ, ਕਿਉਂਂਕ ਅਦਾਲਤ ਸਾਹਮਣੇ ਵਿਚੋਲਗੀ ਪੈਨਲ ਨਹੀਂ। ਅਦਾਲਤ ਨੇ ਪੈਨਲ ਬਣਾ ਕਰਕੇ ਮਾਮਲਾ ਵਿਚੋਲਗੀ ਲਈ ਭੇਜਿਆ ਸੀ। ਇਹ ਅਰਜ਼ੀ ਅਦਾਲਤ ਦੇ ਉਸ ਆਦੇਸ਼ ਦਾ ਵਿਰੋਧ ਕਰਦੀ ਹੈ, ਅਦਾਲਤ ਨੂੰ ਇਸ ਉੱਤੇ ਵਿਚਾਰ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦਲੀਲਾਂ ਉੱਤੇ ਅਦਾਲਤ ਨੇ ਕਿਹਾ ਕਿ ਉਨ੍ਹਾਂ ਨੇ ਵਿਚੋਲਗੀ ਪੈਨਲ ਬਣਾਇਆ ਸੀ ਤੇ ਉਹ ਰਿਪੋਰਟ ਮੰਗਵਾ ਕੇ ਇਹ ਦੇਖਣਗੇ ਕਿ ਵਿਚੋਲਗੀ ਵਿੱਚ ਕੀ ਹੋਇਆ ਹੈ।