image caption:

ਨੌਕਰੀ ਦਿਵਾਉਣ ਦੇ ਲਾਰੇ ਨਾਲ 1.20 ਲੱਖ ਠੱਗੇ

ਭੋਗਪੁਰ- ਪੁਲਸ ਦੀ ਭਰਤੀ ਦੇ ਲਾਰੇ ਨਾਲ ਇੱਕ ਨੌਜਵਾਨ ਨਾਲ ਇੱਕ ਲੱਖ ਵੀਹ ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਡਾਕੀਏ ਖਿਲਾਫ ਥਾਣਾ ਭੋਗਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਐਸ ਐਸ ਪੀ ਜਲੰਧਰ ਦਿਹਾਤੀ ਨੂੰ ਦਿੱਤੀ ਸ਼ਿਕਾਇਤ ਵਿੱਚ ਧੋਖਾਧੜੀ ਦੇ ਸ਼ਿਕਾਰ ਤਰਸੇਮ ਲਾਲ ਪਿੰਡ ਨੰਗਲ ਅਰਾਈਆਂ ਨੇ ਕਿਹਾ ਕਿ ਦੋ ਸਾਲ ਪਹਿਲਾਂ ਉਸ ਨੇ ਮੁਲਖ ਰਾਜ ਪਿੰਡ ਰੋਹਜੜੀ ਥਾਣਾ ਭੋਗਪੁਰ, ਜਿਹੜਾ ਡਾਕਘਰ ਕਾਲਾ ਬੱਕਰਾ ਵਿੱਚ ਨੌਕਰੀ ਕਰਦਾ ਹੈ, ਨੇ ਉਸ ਨੂੰ ਪੁਲਸ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇੱਕ ਲੱਖ ਵੀਹ ਹਜ਼ਾਰ ਰੁਪਏ ਲਏ ਸਨ। ਪੁਲਸ ਦੀ ਨੌਕਰੀ ਲਗਵਾਉਣ ਦਾ ਸੌਦਾ ਹਰਪਾਲ ਵਾਸੀ ਕਿੰਗਰਾ ਚੋਅ ਵਾਲਾ ਨੇ ਕਰਵਾਇਆ ਸੀ। ਪੀੜਤ ਨੇ ਦੱਸਿਆ ਕਿ ਹਰਪਾਲ ਅਤੇ ਮੁਲਖ ਰਾਜ ਦੇ ਕਾਫੀ ਨੇੜਲੇ ਸੰਬੰਧ ਸਨ ਅਤੇ ਮੁਲਖ ਰਾਜ ਨੇ ਉਸ ਤੋਂ ਪੈਸੇ ਲੈਣ ਪਿੱਛੋਂ ਦੋ ਸਾਲ ਬੀਤਣ ਦੇ ਬਾਵਜੂਦ ਨਾ ਉਸ ਨੂੰ ਨੌਕਰੀ ਦਿਵਾਈ ਅਤੇ ਨਾ ਉਸ ਦੇ ਪੈਸੇ ਵਾਪਸ ਕੀਤੇ। ਸ਼ਿਕਾਇਤ ਕਰਤਾ ਨੇ ਮੁਲਖ ਰਾਜ ਦੇ ਖਿਲਾਫ ਪਹਿਲਾਂ ਵੀ ਪੁਲਸ ਚੌਕੀ ਪਚਰੰਗਾ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦਾ ਪੰਚਾਇਤੀ ਤੌਰ 'ਤੇ ਫੈਸਲਾ ਹੋਇਆ ਸੀ ਕਿ ਮੁਲਖ ਰਾਜ ਉਸ ਨੂੰ 30 ਨਵੰਬਰ 2017 ਨੂੰ ਸੱਠ ਹਜ਼ਾਰ ਰੁਪਏ ਪਹਿਲੀ ਕਿਸ਼ਤ ਵਜੋਂ ਵਾਪਸ ਕਰੇਗਾ, ਪਰ ਮੁਲਖ ਰਾਜ ਪੈਸੇ ਵਾਪਸ ਕਰਨ ਦੀ ਥਾਂ ਲਾਰੇ ਲਾਉਂਦਾ ਰਿਹਾ। ਇਸ ਦੀ ਪੜਤਾਲ ਡੀ ਐੱਸ ਪੀ ਆਦਮਪੁਰ ਨੇ ਕੀਤੀ ਅਤੇ ਰਿਪੋਰਟ ਵਿੱਚ ਲਿਖਿਆ ਕਿ ਸ਼ਿਕਾਇਤ ਕਰਤਾ ਵੱਲੋਂ ਮੁਲਖ ਰਾਜ ਖਿਲਾਫ ਆਈ ਸ਼ਿਕਾਇਤ ਵਿੱਚ ਮੁਲਖ ਰਾਜ ਵੱਲੋਂ ਉਸ ਨੂੰ ਪੁਲਸ ਵਿੱਚ ਸਿਪਾਹੀ ਭਰਤੀ ਕਰਾਉਣ ਬਦਲੇ ਇੱਕ ਲੱਖ ਵੀਹ ਹਜ਼ਾਰ ਰੁਪਏ ਦੀ ਠੱਗੀ ਸੱਚਮੱਚ ਹੀ ਹੋਈ ਹੈ। ਇਸ ਬਾਰੇ ਡੀ ਏ ਲੀਗਲ ਦੀ ਰਾਏ ਲੈਣ ਪਿੱਛੋਂ ਥਾਣਾ ਭੋਗਪੁਰ ਵਿੱਚ ਮੁਲਖ ਰਾਜ ਪਿੰਡ ਰੋਹਜੜੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮੁਲਖ ਰਾਜ ਦੀ ਭਾਲ ਕੀਤੀ ਜਾ ਰਹੀ ਹੈ।