image caption:

ਜੰਮੂ-ਕਸ਼ਮੀਰ ਬਾਰੇ ਫੈਸਲੇ ਤੋਂ ਪਹਿਲਾਂ ਹੀ ਕੀਤੀ ਸੀ ਬਰੇਲੀ ਜੇਲ੍ਹ 'ਚ ਤਿਆਰੀ

ਬਰੇਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਰੱਦ ਕਰਨ ਤੋਂ ਇੱਕ ਮਹੀਨਾ ਪਹਿਲਾਂ ਹੀ ਉੱਤਰ ਪ੍ਰਦੇਸ਼ ਦੀ ਬਰੇਲੀ ਜ਼ਿਲ੍ਹਾ ਜੇਲ੍ਹ ਵਿੱਚ ਕੁਝ &lsquoਹਾਈ ਪ੍ਰੋਫਾਈਲ&rsquo ਕੈਦੀਆਂ ਨੂੰ ਰੱਖਣ ਲਈ ਲੋੜੀਂਦੀਆਂ ਤਿਆਰੀਆਂ ਕਰ ਲਈਆਂ ਗਈਆਂ ਸੀ। ਅਧਿਕਾਰੀਆਂ ਨੂੰ ਪਹਿਲਾਂ ਹੀ ਇਸ ਸਬੰਧੀ ਸਾਰੇ ਜ਼ਰੂਰੀ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ। ਜੇਲ੍ਹ ਸੁਪਰਡੈਂਟ ਯੂਕੇ ਮਿਸ਼ਰਾ, ਜ਼ਿਲ੍ਹਾ ਅਧਿਕਾਰੀ ਵੀਕੇ ਸਿੰਘ ਤੇ ਸੀਨੀਅਰ ਪੁਲਿਸ ਕਪਤਾਨ ਮੁਨੀਰਾਜ ਜੀ ਨੇ ਵੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜੇਲ੍ਹ ਦਾ ਦੌਰਾ ਕੀਤਾ ਸੀ।
ਹਾਲਾਂਕਿ, ਉਕਤ ਅਧਿਕਾਰੀਆਂ ਨੂੰ ਜੇਲ੍ਹ ਵਿੱਚ ਲਿਆਂਦੇ ਜਾਣ ਵਾਲੇ ਸਾਰੇ ਕੈਦੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖੇ ਗਏ ਸਥਾਨਕ ਕੈਦੀਆਂ ਨੂੰ ਕਿਤੇ ਹੋਰ ਸ਼ਿਫਟ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਨਵੇਂ ਕੈਦੀ ਕੌਣ ਸਨ ਤੇ ਉਹ ਕਿੱਥੋਂ ਆਉਣਗੇ।
ਉਨ੍ਹਾਂ ਦੱਸਿਆ ਕਿ ਤਿਆਰੀ ਦੇ ਹਿੱਸੇ ਵਜੋਂ, ਸਮੁੱਚੇ ਜੇਲ੍ਹ ਕੰਪਲੈਕਸ ਨੂੰ 200 ਤੋਂ ਵੱਧ ਪੈਨ-ਟਿਲਟ-ਜ਼ੂਮ (ਪੀਟੀਜ਼ੈਡ) ਸੁਰੱਖਿਆ ਕੈਮਰਿਆਂ ਨਾਲ ਕਵਰ ਕਰ ਦਿੱਤਾ ਗਿਆ ਸੀ ਜੋ 'ਰਿਮੋਟ ਡਾਇਰੈਕਸ਼ਨਲ' ਤੇ ਜ਼ੂਮ ਕੰਟਰੋਲ ਦੇ ਸਮਰੱਥ ਸਨ। ਇਸ ਪਿੱਛੋਂ 10 ਅਗਸਤ ਨੂੰ ਜੰਮੂ-ਕਸ਼ਮੀਰ ਦੀਆਂ ਵੱਖ-ਵੱਖ ਜੇਲ੍ਹਾਂ ਦੇ ਕੁੱਲ 20 ਕੈਦੀਆਂ ਨੂੰ ਬਰੇਲੀ ਜ਼ਿਲ੍ਹਾ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ।
ਪੀਟੀਜ਼ੈਡ ਕੈਮਰੇ ਆਈਸੋਲੇਸ਼ਨ ਸੈਲ ਵਿੱਚ ਵੀ ਲਾਏ ਗਏ, ਤਾਂ ਜੋ ਘਾਟੀ ਦੇ ਇਨ੍ਹਾਂ ਕੈਦੀਆਂ ਦੀਆਂ ਹਰਕਤਾਂ 'ਤੇ ਨਜ਼ਰ ਰੱਖੀ ਜਾ ਸਕੇ। ਇਨ੍ਹਾਂ ਕੈਦੀਆਂ ਨੂੰ ਜੇਲ੍ਹ ਵਿੱਚ ਹੋਰ ਕੈਦੀਆਂ ਨਾਲ ਗੱਲਬਾਤ ਕਰਨ ਦੀ ਆਗਿਆ ਨਹੀਂ ਹੈ। ਇੱਕ ਆਹਲਾ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਆਗਰਾ ਵਿੱਚ ਕਸ਼ਮੀਰ ਦੇ ਕੈਦੀਆਂ ਨੂੰ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਜਦਕਿ ਬਰੇਲੀ ਵਿੱਚ ਜ਼ਿਲ੍ਹਾ ਜੇਲ੍ਹ ਨੂੰ ਕਈ ਕਾਰਨਾਂ ਕਰਕੇ ਤਰਜੀਹ ਦਿੱਤੀ ਗਈ।