image caption:

ਸਮਝੌਤਾ ਐਕਸਪ੍ਰੈੱਸ ਪੂਰੀ ਤਰ੍ਹਾਂ ਬੰਦ, ਅਟਾਰੀ ਰੇਲਵੇ ਸਟੇਸ਼ਨ 'ਤੇ ਪੱਸਰੀ ਸੁੰਞ

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਸੂਬੇ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਬੁਖਲਾਹਟ ਵਿੱਚ ਆ ਕੇ ਪਹਿਲਾਂ ਪਾਕਿਸਤਾਨ ਵੱਲੋਂ ਦਿੱਲੀ-ਲਾਹੌਰ ਦਰਮਿਆਨ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਸੀ। ਹੁਣ ਭਾਰਤ ਸਰਕਾਰ ਨੇ ਵੀ ਇਸ 'ਤੇ ਆਪਣੇ ਸਖ਼ਤ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਸਰਕਾਰ ਨੇ ਵੀ ਦਿੱਲੀ ਤੋਂ ਅਟਾਰੀ ਲਈ ਸਮਝੌਤਾ ਐਕਸਪ੍ਰੈਸ ਨਾ ਚਲਾਉਣ ਦਾ ਫੈਸਲਾ ਲਿਆ ਹੈ। ਰੇਲਵੇ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਆਮ ਤੌਰ 'ਤੇ ਹਫ਼ਤੇ ਵਿੱਚ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਦੋਵਾਂ ਦੇਸ਼ਾਂ ਦੇ ਦਰਮਿਆਨ ਆਮ ਲੋਕਾਂ ਦੀ ਰੇਲ ਮੰਨੀ ਜਾਂਦੀ ਸੀ ਤੇ ਦੋਵਾਂ ਦੇਸ਼ਾਂ ਦੇ ਮੁਸਾਫਰ ਇਸ ਦਾ ਭਰਪੂਰ ਲਾਹਾ ਲੈਂਦੇ ਸੀ, ਪਰ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਥਾਰ ਐਕਸਪ੍ਰੈੱਸ ਤੇ ਦੋਵਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਦਿੱਲੀ-ਲਾਹੌਰ ਤੇ ਪੰਜਾਬ ਐਕਸਪ੍ਰੈੱਸ ਜੋ ਅੰਮ੍ਰਿਤਸਰ ਨਨਕਾਣਾ ਸਾਹਿਬ ਦਰਮਿਆਨ ਚੱਲਦੀ ਸੀ, ਨੂੰ ਵੀ ਰੱਦ ਕਰ ਦਿੱਤਾ ਹੈ।


ਅੱਜ ਅਟਾਰੀ ਦੇ ਰੇਲਵੇ ਸਟੇਸ਼ਨ 'ਤੇ ਉਹ ਰੌਣਕ ਦੇਖਣ ਨੂੰ ਨਹੀਂ ਮਿਲੀ ਜੋ ਆਮ ਤੌਰ 'ਤੇ ਸਮਝੌਤਾ ਐਕਸਪ੍ਰੈੱਸ ਦੀ ਆਮਦ ਦੌਰਾਨ ਹੁੰਦੀ ਸੀ, ਭਾਵੇਂ ਉਹ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਹੋਵੇ ਜਾਂ ਮੁਸਾਫਰਾਂ ਦੀ, ਅਟਾਰੀ ਦਾ ਰੇਲਵੇ ਸਟੇਸ਼ਨ ਸੁੰਨਸਾਨ ਪਿਆ ਸੀ। ਹੁਣ ਇੱਥੇ ਅੰਮ੍ਰਿਤਸਰ ਤੇ ਅਟਾਰੀ ਦਰਮਿਆਨ ਚਲਦੀ ਡੀਐਮਯੂ ਗੱਡੀ ਹੀ ਚੱਲੇਗੀ। ਅਟਾਰੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਏ ਕੇ ਗੁਪਤਾ ਨੇ ਦੱਸਿਆ ਕਿ ਅਗਲੇ ਹੁਕਮਾਂ ਤਕ ਸਮਝੌਤਾ ਐਕਸਪ੍ਰੈੱਸ ਨੂੰ ਭਾਰਤ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ।