image caption: ਤਸਵੀਰ: ਸੁਰਿੰਦਰ ਕੁਮਾਰ ਸੋਢੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਡਰਬੀ

ਭਾਰਤ ਵੱਲੋਂ ਪੁਰਾਤਨ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਢਾਹੁਣਾ ਘੱਟ ਗਿਣਤੀਆਂ ਨਾਲ ਸਿੱਧਾ ਵਿਤਕਰਾ ਹੈ - ਸੁਰਿੰਦਰ ਕੁਮਾਰ ਸੋਢੀ

ਡਰਬੀ (ਪੰਜਾਬ ਟਾਈਮਜ਼) - ਭਾਰਤ ਸਰਕਾਰ ਵੱਲੋਂ ਬੀਤੇ ਦਿਨੀਂ ਦਿੱਲੀ ਵਿੱਚ ਛੇ ਸੌ ਸਾਲ ਪੁਰਾਣਾ ਸ੍ਰੀ ਗੁਰੂ ਰਵਿਦਾਸ ਮੰਦਰ ਢਾਹ ਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਗਿਆ ਹੈ ।  ਜਦੋਂ ਤੋਂ ਭਾਜਪਾ ਦਾ ਰਾਜ ਆਇਆ ਹੈ ਘੱਟ ਗਿਣਤੀ ਕੌਮਾਂ ਉਤੇ ਜ਼ੁਲਮਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਉਹਨਾਂ ਦੇ ਧਾਰਮਿਕ ਸਥਾਨ ਵੀ ਸੁਰੱਖਿਅਤ ਨਹੀਂ ਰਹੇ । ਸ੍ਰੀ ਗੁਰੂ ਰਵਿਦਾਸ ਸਭਾ ਡਰਬੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸੋਢੀ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਭਾਰਤ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।
  ਮਿ: ਸੋਢੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿੱਚ ਬਣਿਆ 600 ਸਾਲ ਪੁਰਾਣਾ ਗੁਰ ਅਸਥਾਨ ਭਾਰਤ ਸਰਕਾਰ ਨੇ ਕਾਨੂੰਨ ਅਤੇ ਅਦਾਲਤਾਂ ਦੀ ਆਪਣੇ ਜ਼ੋਰ ਨਾਲ ਦੁਰਵਰਤੋਂ ਕਰਕੇ ਢਾਹਿਆ ਹੈ । ਉਹਨਾਂ ਕਿਹਾ ਤੁਸੀਂ ਦੂਜੇ ਧਰਮਾਂ ਦੇ ਧਰਮ ਅਸਥਾਨ ਗੁਰਦੁਆਰਾ, ਮੰਦਰ ਜਾਂ ਮਸਜਿਦ ਤਾਂ ਢਾਹ ਸਕਦੇ ਹੋ, ਬੰਦਿਆਂ ਨੂੰ ਖਤਮ ਕਰ ਸਕਦੇ ਹੋ, ਪਰ ਜੋ ਗੁਰੂਆਂ, ਪੀਰਾਂ ਦੀ ਵਿਚਾਰਧਾਰਾ ਸਾਡੇ ਮਨਾਂ ਅੰਦਰ ਹੈ, ਉਸ ਨੂੰ ਸਾਡੇ ਅੰਦਰੋਂ ਨਹੀਂ ਕੱਢ ਸਕਦੇ ।
  ਮਿ: ਸੋਢੀ ਨੇ ਕਿਹਾ ਭਾਰਤ ਅੰਦਰ ਘੱਟ ਗਿਣਤੀਆਂ ਉਤੇ ਜ਼ੁਲਮਾਂ ਅਤੇ ਜ਼ਬਰਦਸਤੀ ਦੇ ਕੇਸਾਂ ਵਿੱਚ ਏਨਾ ਵਾਧਾ ਹੋ ਗਿਆ ਹੈ ਕਿ ਇੰਤਹਾ ਹੀ ਹੋ ਗਈ ਹੈ । ਸਰਕਾਰ ਵੱਲੋਂ ਗੈਰ ਹਿੰਦੂਆਂ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਅਤੇ ਢਾਹੁਣ ਨਾਲ ਖਰੂਦੀ ਲੋਕਾਂ ਨੂੰ ਹੋਰ ਸ਼ਹਿ ਮਿਲਦੀ ਹੈ, ਤੇ ਉਹ ਇਕੱਠੇ ਹੋ ਕੇ ਆਮ ਜਨਤਾ ਉਤੇ ਜ਼ੁਲਮ ਕਰ ਰਹੇ ਹਨ । ਸਰਕਾਰ ਨੇ ਜੇ ਅਜਿਹੀਆਂ ਕਾਰਵਾਈਆਂ ਨਾ ਰੋਕੀਆਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਇਸ ਦਾ ਖਮਿਆਜਾ ਜ਼ਰੂਰ ਭੁਗਤਣਾ ਪਵੇਗਾ । ਉਹਨਾਂ ਕਿਹਾ ਕਿ ਭਾਰਤ ਕਿਸੇ ਇਕ ਫ਼ਿਰਕੇ, ਧਰਮ ਜਾਂ ਨਸਲ ਦਾ ਦੇਸ਼ ਨਹੀਂ ਹੈ, ਇਥੇ ਬਹੁ ਸੱਭਿਆਚਾਰਕ ਲੋਕ ਵਸਦੇ ਹਨ ਤੇ ਸਾਰਿਆਂ ਨੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਇਆ ਹੈ। ਭਾਰਤ ਨੂੰ ਬਹੁ ਗਿਣਤੀ ਦੇ ਨਾਂ ਤੇ ਹਿੰਦੂ ਰਾਸ਼ਟਰ ਗਰਦਾਨਣ ਨਾਲ ਦੇਸ਼ ਦਾ ਭਾਰੀ ਨੁਕਸਾਨ ਹੋਵੇਗਾ ਹੈ । ਭਾਜਪਾ ਅਤੇ ਆਰ ਐਸ ਐਸ ਦੀਆਂ ਕਾਰਵਾਈਆਂ ਨਾਲ ਦੇਸ਼ ਦੇ ਗੈਰ ਹਿੰਦੂ ਲੋਕਾਂ ਅੰਦਰ ਅਸੁਰੱਖਿਆ ਤੇ ਬੇਚੈਨੀ ਕਾਰਨ ਬੇਗਾਨਗੀ ਦੀ ਭਾਵਨਾ ਵੱਧ ਰਹੀ ਹੈ । ਉਹਨਾਂ ਆਖਰ ਵਿੱਚ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮੰਦਰ ਮੁੜ ਉਸਾਰਨ ਲਈ ਰਵਿਦਾਸ ਭਾਈਚਾਰੇ ਦੇ ਸਪੁਰਦ ਕੀਤਾ ਜਾਵੇ।