image caption: ਤਸਵੀਰ: ਗਿਆਨੀ ਗੁਰਮੀਤ ਸਿੰਘ ਗੌਰਵ

ਸ੍ਰੀ ਗੁਰੂ ਰਵਿਦਾਸ ਜੀ ਦਾ ਇਤਿਹਾਸਕ ਸਥਾਨ ਢਾਹੁਣ ਦੀ ਸਖਤ ਨਿੰਦਾ

ਡਰਬੀ - ਪ੍ਰਸਿੱਧ ਪੰਥ ਪ੍ਰਚਾਰਕ ਗਿਆਨੀ ਗੁਰਮੀਤ ਸਿੰਘ ਗੌਰਵ ਜੀ ਵੱਲੋਂ ਭੇਜੇ ਗਏ ਇਕ ਬਿਆਨ ਰਾਹੀਂ ਏਕਮ ਜੋਤ ਸੇਵਾ ਮਿਸ਼ਨ, ਸ੍ਰੀ ਧੰਨਾ ਭਗਤ ਕਬੀਰ ਖਾਲਸਾ ਮਿਸ਼ਨ, ਭਾਗਤ ਧੰਨਾ ਸੇਵਾ ਸੰਮਤੀ ਅਤੇ ਸ਼ਹੀਦ ਸ਼ੰਬੂਕ ਮਾਨਵਤਾ ਮਿਸ਼ਨ ਵੱਲੋਂ ਭਾਰਤ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ । ਉਹਨਾਂ ਕਿਹਾ ਭਾਰਤ ਸਰਕਾਰ ਨੇ ਜੋ ਸ੍ਰੀ ਗੁਰੂ ਰਵਿਦਾਸ ਜੀ ਦਾ ਇਤਿਹਾਸਕ ਮੰਦਰ ਢਾਹਿਆ ਹੈ, ਉਹ ਘੱਟ ਗਿਣਤੀਆਂ ਅਤੇ ਦਲਿਤਾਂ ਉਪਰ ਧਾਰਮਿਕ ਹਮਲੇ ਦੇ ਬਰਾਬਰ ਹੈ ਤੇ ਭਾਰਤੀ ਸੰਵਿਧਾਨ ਵੱਲੋਂ ਧਾਰਮਿਕ ਬਰਾਬਰੀ ਦੇ ਹੱਕ ਦੀ ਸਾਫ਼ ਉਲੰਘਣਾ ਹੈ ।
  ਉਹਨਾਂ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਨੂੰ ਡੀ ਡੀ ਏ ਦੁਆਰਾ 10 ਅਗਸਤ 2019 ਸ਼ਨੀਵਾਰ ਨੂੰ ਢਾਹ ਕੇ ਕਬਜ਼ਾ ਕਰਨਾ, ਗੁਰਦੁਆਰਾ ਗਿਆਨ ਗੋਦੜੀ ਹਰਿਦਵਾਰ ਦਾ 1984 ਵਿੱਚ ਢਾਹੁਣਾ ਤੇ ਬਾਅਦ ਵਿੱਚ ਸਰਕਾਰੀ ਦਫ਼ਤਰ ਬਨਾਉਣਾ, ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਮ ਅਤੇ ਗੁਰਦੁਆਰਾ ਪੱਥਰ ਸਾਹਿਬ ਨਿਮ੍ਹ ਲੇਹ ਤੇ ਸਰਕਾਰੀ ਕਬਜ਼ਾ ਕਰ ਗੁਰਦੁਆਰੇ ਸਮਾਪਤ ਕਰ, ਮੰਦਰ ਅਸਥਾਪਤ ਕੀਤੇ ਜਾਣਾ, ਸਰਕਾਰ ਦੇ ਸਾਂਝੀਵਾਲਤਾ ਤੇ ਸਮਤਾਵਾਦੀ ਰਹਿਬਰਾਂ ਦੀ ਵਿਚਾਰਧਾਰਾ ਨੂੰ ਮਲੀਆ ਮੇਟ ਕਰਨ ਲਈ ਉਹਨਾਂ ਦੀਆਂ ਇਤਿਹਾਸਕ ਧਰੋਹਰਾਂ ਨੂੰ ਨਸ਼ਟ ਕਰਕੇ ਇਤਿਹਾਸ ਮਿਟਾਉਣ ਦੇ ਕੋਝੇ ਕਾਰਨਾਮਿਆਂ ਦੇ ਰੂਪ ਵਿੱਚ ਪ੍ਰਗਟ ਹੋਏ ਕੁਕਰਮ ਹਨ । ਜਿਹਨਾਂ ਦੀ ਅਸੀਂ ਸਾਂਝੇ ਰੂਪ ਵਿੱਚ ਨਿੰਦਾ ਕਰਦੇ ਹੋਏ ਸਮੂਹ ਸਮਤਾਵਾਦੀ ਸਾਂਝੀਵਾਲਤਾ, ਮਾਨਵਵਾਦੀ ਸੰਗਠਨਾਂ ਨੂੰ ਸਾਂਝੇ ਸੰਘਰਸ਼ ਲਈ ਸੰਗਠਿਤ ਹੋਣ ਦਾ ਸੱਦਾ ਦੇਂਦੇ ਹਾਂ ।