image caption: ਤਸਵੀਰ: ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ ਖੱਬੇ ਤੋਂ ਰਾਜਿੰਦਰ ਸਿੰਘ ਪੁਰੇਵਾਲ, ਪ੍ਰੋ: ਦਲਜੀਤ ਸਿੰਘ ਵਿਰਕ, ਭਾਈ ਸੁਰਜੀਤ ਸਿੰਘ, ਬਾਬਾ ਰਾਮ ਸਿੰਘ ਜੀ, ਭਾਈ ਰਾਜਨਦੀਪ ਸਿੰਘ ਅਤੇ ਭਾਈ ਰਘਬੀਰ ਸਿੰਘ

ਧਾਰਾ 370 ਖਤਮ ਕਰਕੇ ਭਾਰਤ ਵੱਲੋਂ ਕਸ਼ਮੀਰੀਆਂ ਦੇ ਹੱਕ ਖੋਹਣ ਦੀ ਕਾਰਵਾਈ ਦੀ ਸਖਤ ਨਿਖੇਧੀ ਅਤੇ ਸਰਕਾਰ ਨੂੰ ਮੁੜ ਨਜ਼ਰਸਾਨੀ ਕਰਨ ਦੀ ਅਪੀਲ

ਕਸ਼ਮੀਰੀ ਸਿਆਸੀ ਦਲਾਂ, ਧਾਰਮਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਭਰੋਸੇ ਵਿੱਚ ਲਿਆ ਜਾਵੇ - ਸਿੰਘ ਸਾਹਿਬ ਜਥੇਦਾਰ ਰਾਮ ਸਿੰਘ ਜੀ ਨਾਲ ਪੰਜਾਬ ਟਾਈਮਜ਼ ਵਿਖੇ ਮੀਟਿੰਗ ਦੌਰਾਨ ਅਹਿਮ ਵਿਚਾਰ

ਡਰਬੀ (ਪੰਜਾਬ ਟਾਈਮਜ਼) - ਸਿੰਘ ਸਾਹਿਬ ਜਥੇਦਾਰ ਰਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਜਥਾ ਸੰਗਰਾਵਾਂ ਇਹਨੀਂ ਦਿਨੀਂ ਇੰਗਲੈਂਡ ਵਿੱਚ ਵਿਚਰਦਿਆਂ ਸਿੱਖੀ ਪ੍ਰਚਾਰ ਕਰ ਰਹੇ ਹਨ । ਆਪ ਜੀ ਇਸ ਦੌਰਾਨ ਸਮਾਂ ਕੱਢ ਕੇ ਸ਼ੁੱਕਰਵਾਰ 9 ਅਗਸਤ ਨੂੰ ਪੰਥਕ ਆਗੂ ਭਾਈ ਸੁਰਜੀਤ ਸਿੰਘ ਅਤੇ ਭਾਈ ਰਾਜਨਦੀਪ ਸਿੰਘ ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ। ਪੰਜਾਬ ਟਾਈਮਜ਼ ਦੇ ਦਫ਼ਤਰ ਡਰਬੀ ਵਿਖੇ ਪੰਥਕ ਆਗੂਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਭਾਰਤ ਦੇ ਮੌਜੂਦਾ ਹਾਲਾਤ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ । ਮੀਟਿੰਗ ਵਿੱਚ ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਭਾਈ ਰਘਬੀਰ ਸਿੰਘ, ਕੌਮੀ ਵਿਰਾਸਤ ਕੇਂਦਰ ਤੇ ਘੱਲੂਘਾਰਾ ਅਜਾਇਬਘਰ ਡਰਬੀ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ, ਸਿੱਖ ਵਿਦਵਾਨ ਪ੍ਰੋਫੈਸਰ ਦਲਜੀਤ ਸਿੰਘ ਵਿਰਕ ਸ਼ਾਮਿਲ ਹੋਏ । ਉਹਨਾਂ ਨੇ ਭਾਰਤ ਦੇ ਮੌਜੂਦਾ ਹਾਲਾਤ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ।
  ਮੀਟਿੰਗ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਨੇ ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਕਸ਼ਮੀਰੀਆਂ ਦੇ ਅਧਿਕਾਰ ਖੋਹਣ ਦੀ ਜੋ ਕਾਰਵਾਈ ਕੀਤੀ ਹੈ, ਇਹ ਨਿਹਾਇਤ ਹੀ ਨਿੰਦਣਯੋਗ ਹੈ । ਕਸ਼ਮੀਰ ਨੂੰ ਦਿੱਤੇ ਵੱਧ ਅਧਿਕਾਰਾਂ ਵਾਲੀ ਧਾਰਾ 370 ਕੇਵਲ ਖਤਮ ਹੀ ਨਹੀਂ ਕੀਤੀ, ਬਲਕਿ ਕਸ਼ਮੀਰ ਦੇ ਦੋ ਹਿੱਸੇ ਕਰਕੇ ਕਸ਼ਮੀਰ ਦਾ ਰਾਜ ਵਾਲਾ ਦਰਜਾ ਵੀ ਖੋਹ ਲਿਆ ਹੈ ਤੇ ਇਹ ਦੋਵੇਂ ਇਲਾਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤੇ ਗਏ ਹਨ । ਭਾਰਤ ਵੱਲੋਂ ਇਹ ਅਹਿਮ ਫ਼ੈਸਲਾ ਬਹੁਤ ਹੀ ਜਲਦ ਬਾਜ਼ੀ ਵਿੱਚ ਲਿਆ ਗਿਆ ਹੈ ।
  ਮੀਟਿੰਗ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਨੂੰ ਅਜਿਹਾ ਕਦਮ ਉਠਾਉਣ ਤੋਂ ਪਹਿਲਾਂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਅਤੇ ਉਥੋਂ ਦੀਆਂ ਖਾਸ ਧਾਰਮਿਕ ਸੰਸਥਾਵਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ । ਭਾਰਤ ਸਰਕਾਰ ਵੱਲੋਂ ਜੰਮੂ ਤੇ ਕਸ਼ਮੀਰ ਵਿੱਚ ਕੀਤੀ ਜਾ ਰਹੀ ਸਖਤੀ ਨਾਲ ਭਾਰਤ ਦੇ ਉਤਰੀ ਖਿੱਤੇ ਦਾ ਮਾਹੌਲ ਬਹੁਤ ਹੀ ਅਣਸੁਖਾਵਾਂ ਬਣ ਗਿਆ ਹੈ, ਜਿਸ ਦਾ ਪ੍ਰਭਾਵ ਪੰਜਾਬ ਉਤੇ ਵੀ ਜ਼ਰੂਰ ਪਵੇਗਾ । ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਵੀ ਇਸ ਨਾਲ ਪ੍ਰਭਾਵਤ ਹੋ ਰਹੇ ਹਨ । ਬੇਸ਼ੱਕ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਬਦਲੇ ਹਾਲਾਤ ਦਾ ਕਰਤਾਰਪੁਰ ਲਾਂਘੇ ਉਤੇ ਕੋਈ ਬੁਰਾ ਅਸਰ ਨਹੀਂ ਪਵੇਗਾ, ਉਹ ਕਰਤਾਰਪੁਰ ਲਾਂਘਾ ਬਨਾਉਣ ਲਈ ਪੂਰੀ ਤਰ੍ਹਾਂ ਬਚਨ ਬੱਧ ਹਨ, ਪਰ ਭਾਰਤ ਵਾਲੇ ਪਾਸੇ ਬਦਲਦੇ ਹਾਲਾਤ ਇਸ ਦੇ ਜੋ ਪ੍ਰਭਾਵ ਪਾਉਣਗੇ, ਉਹਨਾਂ ਦਾ ਕੋਈ ਭਰੋਸਾ ਨਹੀਂ ਹੈ ਕਿ ਇਹ ਮੁਕੰਮਲ ਹੋਵੇਗਾ ਜਾਂ ਨਹੀਂ ।
  ਮੀਟਿੰਗ ਵਿੱਚ ਇਹ ਵੀ ਮੁੱਦਾ ਉਠਾਇਆ ਗਿਆ ਕਿ ਦੋਵੇਂ ਦੇਸ਼ ਐਟਮੀ ਤਾਕਤਾਂ ਦਾ ਦਰਜਾ ਰੱਖਦੇ ਹਨ, ਇਸ ਮੌਕੇ ਜੰਗ ਦੇ ਹਾਲਾਤ ਬਣੇ ਹੋਣ ਕਾਰਨ ਉਤਰੀ ਭਾਰਤ ਅਤੇ ਪਾਕਿਸਤਾਨ ਦੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । ਲੋਕਾਂ ਵਿੱਚ ਸਹਿਮ ਹੈ । ਜੇ ਜੰਗ ਲੱਗਦੀ ਹੈ ਤਾਂ ਕਸ਼ਮੀਰ ਦਾ ਤਾਂ ਨੁਕਸਾਨ ਹੋਵੇਗਾ ਹੀ, ਪੰਜਾਬ, ਹਰਿਆਣਾ ਅਤੇ ਹੋਰ ਸਰਹੱਦੀ ਸੂਬਿਆਂ ਦਾ ਵੀ ਬਹੁਤ ਨੁਕਸਾਨ ਹੋ ਸਕਦਾ ਹੈ । ਇਸ ਲਈ ਮੀਟਿੰਗ ਵਿੱਚ ਭਾਰਤ ਸਰਕਾਰ ਨੂੰ ਆਪਣੇ ਇਸ ਇਕ ਪਾਸੜ ਧੱਕੇ ਨਾਲ ਲਏ ਗਏ ਫ਼ੈਸਲੇ ਉਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਅਤੇ ਪਾਕਿਸਤਾਨ ਨੂੰ ਵੀ ਹਲੇਮੀ ਤੋਂ ਕੰਮ ਲੈਣ ਅਤੇ ਜੰਗੀ ਹਾਲਾਤ ਨਾ ਬਣ ਲੈਣ ਦੇਣ ਲਈ ਕਿਹਾ ਗਿਆ ਹੈ । ਇਸ ਵਿਗੜੇ ਹਾਲਾਤ ਨੂੰ ਸਾਜਗਾਰ ਕਰਨ ਲਈ ਕਸ਼ਮੀਰ ਵਿੱਚ ਆਮ ਜਨਤਕ ਰਾਏ ਲੈਣ ਰੈਫਰੰਡਮ ਕਰਵਾਉਣ ਲਈ ਵੀ ਸੁਝਾਅ ਦਿੱਤਾ ਗਿਆ ਹੈ ਤੇ ਕਿਹਾ ਕਿ ਕਸ਼ਮੀਰ ਦੀਆਂ ਸਿਆਸੀ ਤੇ ਧਾਰਮਿਕ ਸਾਰੀਆਂ ਧਿਰਾਂ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਹੈ ।
  ਮੀਟਿੰਗ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਜੋ ਪੰਜਾਬ ਵਿੱਚ ਗੁਰੂ ਡੰਮ੍ਹ ਵਧ ਰਿਹਾ ਹੈ, ਨਸ਼ੇ ਅਤੇ ਜੁਰਮਾਂ ਵਿੱਚ ਵਾਧਾ ਹੋਇਆ ਹੈ, ਆਓ ਉਸ ਤੋਂ ਪੰਜਾਬ ਨੂੰ ਬਚਾਅ ਕੇ ਖੁਸ਼ਹਾਲ ਬਨਾਉਣ ਲਈ ਯਤਨ ਕਰੀਏ । ਪੰਥਕ ਸੰਸਥਾਵਾਂ ਨੂੰ ਬੇਨਤੀ ਕੀਤੀ ਗਈ ਕਿ ਆਪਸ ਵਿੱਚ ਨਿੱਕੇ ਮੋਟੇ ਮੱਤਭੇਦਾਂ ਤੋਂ ਉਪਰ ਉਠ ਕੇ ਆਓ ਪੰਥ ਦੀ ਚੜ੍ਹਦੀ ਕਲਾ ਅਤੇ ਲੋਕਾਈ ਦੇ ਭਲੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਸਹਿਤ ਮਨਾਈਏ ।