image caption: ਤਸਵੀਰ: ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ ਖੱਬੇ ਤੋਂ ਰਾਜਿੰਦਰ ਸਿੰਘ ਪੁਰੇਵਾਲ, ਪ੍ਰੋ: ਦਲਜੀਤ ਸਿੰਘ ਵਿਰਕ, ਭਾਈ ਸੁਰਜੀਤ ਸਿੰਘ, ਬਾਬਾ ਰਾਮ ਸਿੰਘ ਜੀ, ਭਾਈ ਰਾਜਨਦੀਪ ਸਿੰਘ ਅਤੇ ਭਾਈ ਰਘਬੀਰ ਸਿੰਘ

ਕਸ਼ਮੀਰੀਆਂ ਤੇ ਖਾਲਿਸਤਾਨੀਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ 15 ਅਗਸਤ ਨੂੰ ਜ਼ਬਰਦਸਤ ਮੁਜ਼ਾਹਰੇ ਦੌਰਾਨ ਗੜਬੜ ਹੋਣ ਦਾ ਖਦਸ਼ਾ - ਸਕੌਟਲੈਂਡ ਯਾਰਡ ਵੱਲੋਂ ਮੈਟਰੋਪੋਲੀਟਨ ਪੁਲਿਸ ਅਲਰਟ

ਲੰਡਨ - (ਪੰਜਾਬ ਟਾਈਮਜ਼) - ਸਕੌਟਲੈਂਡ ਯਾਰਡ ਵੱਲੋਂ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੂੰ ਖਬਰਦਾਰ ਕੀਤਾ ਗਿਆ ਹੈ ਕਿ ਐਤਕੀਂ ਪੰਦਰਾਂ ਅਗਸਤ ਨੂੰ ਮੋਦੀ ਸਰਕਾਰ ਦੇ ਖਿਲਾਫ਼ ਭਾਰੀ ਰੋਸ ਮੁਜ਼ਹਾਰੇ ਕੀਤੇ ਜਾਣ ਦਾ ਖਦਸ਼ਾ ਹੈ । ਭਾਰਤ ਦੀ ਮੋਦੀ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਕੇ ਕਸ਼ਮੀਰੀਆਂ ਨੂੰ ਭਾਰਤੀ ਸੰਵਿਧਾਨ ਦੁਆਰਾ ਵਧੇਰੇ ਅਧਿਕਾਰ ਦਿੱਤੇ ਗਏ ਸਨ, ਉਹ ਵੀ ਖੋਹ ਲਏ ਹਨ । ਇਸ ਧਾਰਾ ਰਾਹੀਂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਸੀ ।
  ਸਕੌਟਲੈਂਡ ਯਾਰਡ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮਿ: ਇਮਰਾਨ ਖਾਨ ਦੇ ਵਿਦੇਸ਼ ਵਿੱਚ ਵਿਸ਼ੇਸ਼ ਸਲਾਹਕਾਰ ਮਿ: ਜ਼ੁਲਫੀ ਬੁਖਾਰੀ ਨੇ ਵਿਦੇਸ਼ ਵਿੱਚ ਵਸਦੇ ਪਾਕਿਸਤਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਦਾ ਦਿਨ ਕਾਲੇ ਦਿਨ ਵਜੋਂ ਭਾਰਤੀ ਕਬਜ਼ੇ ਹੇਠਲੇ ਕਸ਼ਮੀਰੀਆਂ ਨਾਲ ਰਲ ਕੇ ਮਨਾਉਣ ਤੇ ਭਾਰਤੀ ਹਾਈ ਕਮਿਸ਼ਨ ਲੰਡਨ ਦੇ ਸਾਹਮਣੇ ਕੀਤੇ ਜਾਣ ਵਾਲੇ ਵਿਖਾਵੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ।
  ਸਕੌਟਲੈਂਡ ਯਾਰਡ ਦੇ ਇਕ ਬੁਲਾਰੇ ਅਨੁਸਾਰ 15 ਅਗਸਤ ਦੇ ਇਸ ਵਿਖਾਵੇ ਵਿੱਚ ਹਜ਼ਾਰਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਸੂਚਨਾ ਹੈ ਬੇਸ਼ੱਕ ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ । ਬਰਤਾਨਵੀ ਇੰਟੈਲੀਜੈਂਸ ਅਨੁਸਾਰ ਇੰਡੀਆ ਦੇ ਵਿਰੁੱਧ ਬਰਤਾਨੀਆ ਵਿੱਚ ਇਹ ਹੁਣ ਤੱਕ ਹੋਏ ਸਭ ਵਿਖਾਵਿਆਂ ਵਿੱਚੋਂ ਵੱਡਾ ਹੋ ਸਕਦਾ ਹੈ, ਪਰ ਪੁਲਿਸ ਨੇ ਇਸ ਸਬੰਧੀ ਸਪੱਸ਼ਟ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਿੰਨੀ ਕੁ ਪੁਲਿਸ ਡਿਊਟੀ ਤੇ ਲਾਈ ਜਾ ਰਹੀ ਹੈ ।
  ਕੁਝ ਹੋਰ ਸੂਤਰਾਂ ਮੁਤਾਬਕ 200 ਦੇ ਕਰੀਬ ਪੁਲਿਸ ਅਫ਼ਸਰ ਤਾਇਨਾਤ ਕੀਤੇ ਜਾਣ ਦੀਆਂ ਖਬਰਾਂ ਹਨ, ਤਾਂ ਜੋ ਮੁਜ਼ਾਹਰਾਕਾਰੀਆਂ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ ਅਤੇ ਕੋਈ ਲੜਾਈ ਝਗੜਾ ਨਾ ਹੋਵੇ । 15 ਅਗਸਤ ਦੇ ਰੋਸ ਮੁਜ਼ਾਹਰੇ ਵਿਚ ਬਹੁਤ ਸਾਰੇ ਭਾਈਚਾਰਿਆਂ ਦੇ ਲੋਕ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਸ਼ਾਮਿਲ ਹੋਣ ਦੀਆਂ ਰਿਪਰੋਟਾਂ ਹਨ । ਸੂਤਰਾਂ ਅਨੁਸਾਰ ਖਾਲਿਸਤਾਨ ਪੱਖੀ ਗਰੁੱਪਾਂ ਦੇ ਸ਼ਾਮਿਲ ਹੋਣ ਅਤੇ ਕੁਝ ਸੈਕੂਲਰ ਭਾਰਤੀ ਸੰਸਥਾਵਾਂ ਵੱਲੋਂ ਵੀ ਮੁਜ਼ਾਹਰਾ ਕਰਨ ਦੀ ਸੂਚਨਾ ਹੈ ।
  ਇਮਰਾਨ ਖਾਨ ਦੇ ਸਲਾਹਕਾਰ ਨੇ ਕਿਹਾ ਹੈ ਕਿ ਉਹ ਖੁਦ ਵੀ ਇਸ ਵਿਖਾਵੇ ਵਿੱਚ ਸ਼ਾਮਿਲ ਹੋ ਕੇ ਕਸ਼ਮੀਰੀਆਂ ਨਾਲ ਹਮਦਰਦੀ ਪ੍ਰਗਟ ਕਰਨਗੇ ਅਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾਉਣਗੇ । ਯਾਦ ਰਹੇ 5 ਅਗਸਤ ਨੂੰ ਮੋਦੀ ਸਰਕਾਰ ਵੱਲੋਂ ਕਸ਼ਮੀਰ ਨੂੰ ਵਿਸ਼ੇਸ਼ ਹੱਕ ਦੇਣ ਵਾਲੀ ਧਾਰਾ 370 ਖਤਮ ਕਰਕੇ ਕਸ਼ਮੀਰ ਨੂੰ ਸਾਰੀ ਦੁਨੀਆ ਨਾਲੋਂ ਕੱਟਿਆ ਹੋਇਆ ਹੈ । ਨਾਲ ਹੀ ਕਸ਼ਮੀਰ ਦਾ ਰਾਜ ਵਾਲਾ ਦਰਜਾ ਵੀ ਖਤਮ ਕਰਕੇ ਦੋ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤੇ ਗਏ ਹਨ । ਸਾਰੇ ਨੈਟਵਰਕ ਬੰਦ ਕਰ ਦਿੱਤੇ ਗਏ ਹਨ । ਮੋਬਾਈਲ, ਇੰਟਰਨੈਟ, ਲੈਂਡ ਲਾਈਨਾਂ ਕੁਝ ਵੀ ਨਹੀਂ ਚੱਲ ਰਿਹਾ। ਕਸ਼ਮੀਰੀ ਲੀਡਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਹਲਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ ।