image caption:

ਹੜ੍ਹਾਂ ਨਾਲ ਨੁਕਸਾਨ ਦਾ ਅੰਦਾਜ਼ਾ ਲਾਉਣ ਪੰਜਾਬ ਪਹੁੰਚੀ ਕੇਂਦਰੀ ਟੀਮ

ਚੰਡੀਗੜ੍ਹ: ਹੜ੍ਹਾਂ ਨਾਲ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਕੇਂਦਰ ਸਰਕਾਰ ਦੀ ਟੀਮ ਅੱਜ ਪੰਜਾਬ ਦੇ ਦੌਰੇ 'ਤੇ ਪਹੁੰਚੀ ਹੈ। ਇਹ ਟੀਮ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਗਠਿਤ ਕੀਤੀ ਗਈ ਸੀ। ਇਹ ਟੀਮ ਦੇਸ਼ ਭਰ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਅੰਦਾਜ਼ਾ ਲਾਉਣ ਲਈ ਵੱਖ-ਵੱਖ ਰਾਜਿਆਂ ਵਿੱਚ ਪਹੁੰਚ ਕੇ ਜ਼ਮੀਨੀ ਹਕੀਕਤ ਦੇਖ ਰਹੀ ਹੈ।
ਪੰਜਾਬ ਦਾ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਟੀਮ ਨੇ ਪੰਜਾਬ ਸਰਕਾਰ ਦੇ ਅਫਸਰਾਂ ਨਾਲ ਆਈਐਸਬੀ ਮੁਹਾਲੀ ਵਿੱਚ ਮੀਟਿੰਗ ਕੀਤੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਜੁਆਇੰਟ ਸੈਕਟਰੀ ਅਨੁਜ ਸ਼ਰਮਾ ਦੀ ਅਗਵਾਈ ਹੇਠ ਟੀਮ ਪੰਜਾਬ ਵਿੱਚ ਦੋ ਦਿਨ ਤੱਕ ਦੌਰਾ ਕਰੇਗੀ। ਇਹ ਨੁਕਸਾਨ ਦਾ ਅੰਦਾਜ਼ਾ ਲਾ ਕੇ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪੇਗੀ।
ਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਟੀਮ ਦਾ ਦੌਰਾ ਰੋਪੜ ਤੋਂ ਸ਼ੁਰੂ ਕੀਤਾ ਜਾਏਗਾ। ਇਸ ਤੋਂ ਬਾਅਦ ਅਨੰਦਪੁਰ ਸਾਹਿਬ, ਕਪੂਰਥਲਾ ਤੇ ਜਲੰਧਰ ਦੇ ਪਿੰਡਾਂ ਵਿੱਚ ਹੋਏ ਨੁਕਸਾਨ ਦਾ ਅੰਦਾਜ਼ਾ ਲਾਇਆ ਜਾਵੇਗਾ। ਟੀਮ ਵੱਲੋਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ।