image caption: ਰਜਿੰਦਰ ਸਿੰਘ ਪੁਰੇਵਾਲ

ਪੰਜਾਬ 'ਚ ਭਾਜਪਾ, ਸੰਘ ਪਰਿਵਾਰ ਵਲੋਂ ਪੰਜਾਬੀ ਨੂੰ ਖੋਰਾ ਲਗਾਉਣ ਦੀ ਸਾਜ਼ਿਸ਼

   ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਭਾਸ਼ਾ ਦੇ ਸਬੰਧ ਵਿਚ ਦੇਸ਼ ਭਰ ਵਿਚ ਇਕ ਵਾਰ ਫਿਰ ਬਹਿਸ ਛੇੜ ਦਿੱਤੀ ਹੈ ਕਿ ਦੇਸ ਵਿਚ ਇਕ ਭਾਸ਼ਾ, ਇਕ ਸੱਭਿਆਚਾਰ ਹੋਣਾ ਚਾਹੀਦਾ ਹੈ। ਉਨ੍ਹਾਂ 'ਹਿੰਦੀ ਦਿਵਸ' ਬਾਰੇ ਬੋਲਦਿਆਂ ਕਿਹਾ ਸੀ ਕਿ ਹਿੰਦੀ ਭਾਰਤ ਦੀ ਪਛਾਣ ਬਣ ਸਕਦੀ ਹੈ। ਸਭ ਪ੍ਰਾਂਤਾਂ ਨੂੰ ਇਸ ਬੋਲੀ ਨੂੰ ਇੱਜ਼ਤ ਦੇਣੀ ਚਾਹੀਦੀ ਹੈ।  ਇਹ ਲੋਕਾਂ ਵਿਚ ਵਧੇਰੇ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੈ। ਇਸ ਨਾਲ ਦੇਸ ਦੀ ਏਕਤਾ ਅਖੰਡਤਾ ਮਜ਼ਬੂਤ ਰਹਿ ਸਕਦੀ ਹੈ। ਹੀ ਹੋ ਸਕਦੀ ਹੈ। ਹੋਰ ਭਾਸ਼ਾਵਾਂ ਅਤੇ ਬੋਲੀਆਂ ਸਾਡੇ ਦੇਸ਼ ਬੋਲੀਆਂ ਜਾਂਦੀਆਂ ਹਨ ਪਰ ਮੌਜੂਦਾ ਸਮੇਂ ਵਿਚ ਇਕ ਭਾਸ਼ਾ ਦੀ ਜ਼ਰੂਰਤ ਹੈ। ਹਰ ਕਿਸੇ ਨੂੰ ਆਪਣੀ ਮਾਂ ਬੋਲੀ ਦੇ ਨਾਲ-ਨਾਲ ਹਿੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ।

   ਇਹ ਗੱਲ ਬਿਲਕੁਲ ਝੂਠ ਹੈ ਕਿ ਹਿੰਦੀ ਦੇਸ ਦੇ ਵੱਡੇ ਹਿੱਸੇ ਵਿਚ ਬੋਲੀ ਜਾਂਦੀ ਹੈ। ਦੱਖਣੀ ਭਾਰਤ ਵਿਚ ਹਿੰਦੀ ਭਾਸ਼ਾ ਦਾ ਪੂਰਨ ਬਾਈਕਾਟ ਹੈ। ਪੰਜਾਬ ਵਿਚ ਵੀ ਇਸ ਬੋਲੀ ਦਾ ਲੰਮੇ ਸਮੇਂ ਤੋਂ ਵਿਰੋਧ ਹੋ ਰਿਹਾ ਹੈ। ਇਹ ਭਾਸ਼ਾ ਹਿੰਦੀ ਤੇ ਸੰਸਕ੍ਰਿਤ ਆਰੀਅਨ ਭਾਸ਼ਾ ਹੈ, ਮੂਲਨਿਵਾਸੀਆਂ ਦੀ ਭਾਸ਼ਾ ਨਹੀਂ ਹੈ। ਆਦਿਵਾਸੀ ਤੇ ਕਬੀਲੇ ਹਿੰਦੀ ਨੂੰ ਪ੍ਰਵਾਨ ਨਹੀਂ ਕਰਦੇ। ਸਿੰਥੀਅਨ ਭਾਈਚਾਰੇ ਦੇ ਲੋਕ ਜੋ ਇਰਾਨ ਵਲੋਂ ਆਏ ਸਨ ਤੇ ਆਰੀਅਨਾਂ ਨੂੰ ਹਰਾ ਕੇ ਅਨੇਕਾਂ ਥਾਂਵਾਂ 'ਤੇ ਕਬਜ਼ਾ ਕੀਤਾ ਸੀ, ਉਹ ਨਸਲਾਂ ਵੀ ਹਿੰਦੀ ਨੂੰ ਪ੍ਰਵਾਨ ਨਹੀਂ ਕਰਦੀਆਂ। ਮੁਸਲਮਾਨ ਵੀ ਹਿੰਦੀ ਭਾਸ਼ਾ ਨੂੰ ਪ੍ਰਵਾਨ ਨਹੀਂ ਕਰਦੇ। ਪੰਜਾਬੀ ਭਾਸ਼ਾ ਦਾ ਆਰੀਅਨ ਭਾਸ਼ਾ ਨਾਲ ਦੂਰ ਦਾ ਵਾਸਤਾ ਨਹੀਂ। ਇਹ ਬੁੱਧ ਧਰਮ ਦੀ ਭਾਸ਼ਾ ਪ੍ਰਕਿਰਤ ਤੇ ਸਾਧ ਭਾਸ਼ਾ ਵਿਚੋਂ ਪ੍ਰਗਟ ਹੋਈ ਹੈ।  ਉਹ ਪੰਜਾਬੀ ਭਾਸ਼ਾ ਤੇ ਦਰਾਵੜਾ ਦੀ ਭਾਸ਼ਾ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਨੇ ਵੱਖ-ਵੱਖ ਭਾਸ਼ਾਵਾਂ ਉੱਪਰ ਬਲ ਦੇ ਕੇ ਵੰਨ ਸੁਵੰਨਤਾ ਦੇ ਸਭਿਆਚਾਰ ਦੀ ਰਾਖੀ ਲਈ ਮਨੁੱਖਤਾ ਨੂੰ ਪ੍ਰੇਰਨਾ ਦਿੱਤੀ ਸੀ। ਇਸੇ ਕਾਰਨ ਭਾਰਤ ਵਿਚ ਵੀ ਇਸ ਸਥਿਤੀ ਨੂੰ ਸਮਝਦਿਆਂ ਸੰਵਿਧਾਨ ਨਿਰਮਾਤਾਵਾਂ ਨੇ 22 ਬੋਲੀਆਂ ਨੂੰ ਰਾਸ਼ਟਰੀ ਮਾਨਤਾ ਦਿੱਤੀ ਹੈ ਜਦੋਂ ਕਿ ਇਨ੍ਹਾਂ ਨਾਲ ਵੱਖ-ਵੱਖ ਤੌਰ 'ਤੇ ਸੈਂਕੜੇ ਹੀ ਉਪ ਬੋਲੀਆਂ ਜੁੜੀਆਂ ਹੋਈਆਂ ਸਨ। ਇਹਨਾਂ ਬੋਲੀਆਂ ਦੇ ਆਧਾਰ 'ਤੇ ਹੀ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੀ ਸਥਾਪਨਾ ਹੋਈ ਸੀ। ਸੰਵਿਧਾਨ ਦਾ ਮੂਲ ਮੰਤਵ ਇਹੀ ਸੀ ਕਿ ਵੱਖੋ ਵੱਖ ਸਭਿਆਚਾਰਾਂ ਤੇ ਬੋਲੀਆਂ ਨੂੰ ਕਾਇਮ ਰੱਖਿਆ ਜਾਵੇ। ਪਰ ਆਰ ਐਸ ਐਸ ਦਾ ਏਜੰਡਾ ਇਕ ਭਾਸ਼ਾ, ਇਕ ਸੱਭਿਆਚਾਰ ਹੈ। ਗੁਰੂ ਗੋਲਵਾਲਕਰ ਜੋ ਆਰ ਐਸ ਐਸ ਦਾ ਸਰਸੰਘਚਾਲਕ ਹੋਇਆ ਹੈ, ਉਸ ਨੇ ਆਪਣੀ ਪੁਸਤਕ 'ਬੰਚ ਆਫ ਥਾਟ' ਵਿਚ ਕਲੀਅਰ ਕੀਤਾ ਸੀ ਕਿ ਹਿੰਦੂ ਰਾਸ਼ਟਰ ਬਣਾਉਣਾ ਹੈ ਤਾਂ ਵੰਨ ਸੁਵੰਨੇ ਸਭਿਆਚਾਰਾਂ ਤੇ ਬੋਲੀਆਂ ਨੂੰ ਖਤਮ ਕਰਕੇ ਇਕ ਰਾਸ਼ਟਰ, ਇਕ ਭਾਸ਼ਾ, ਇਕ ਸਭਿਆਚਾਰ ਸਥਾਪਤ ਕਰਨਾ ਪਵੇਗਾ। ਮੋਦੀ ਸਰਕਾਰ ਇਸ ਪਾਸੇ ਤੁਰ ਰਹੀ ਹੈ।

     ਜੇਕਰ ਹਿੰਦੀ ਭਾਸ਼ਾ ਭਾਰਤ ਦੇ ਲੋਕਾਂ 'ਤੇ ਠੋਸੀ ਗਈ ਤਾਂ ਇਸ ਦਾ ਬਹੁਤ ਭਿਆਨਕ ਪ੍ਰਤੀਕਰਮ ਹੋਵੇਗਾ। ਇਹ ਲੋਕਾਂ ਨੂੰ ਵੰਡਣ ਵਾਲੀ ਕਾਰਵਾਈ ਹੈ, ਜੋ ਹਿੰਸਕ ਵਾਤਾਵਰਨ ਪੈਦਾ ਕਰ ਸਕਦੀ ਹੈ। ਅਸੀਂ ਮੋਦੀ ਸਰਕਾਰ ਨੂੰ ਯਾਦ ਕਰਵਾ ਦੇਣਾ ਚਾਹੁੰਦੇ ਹਾਂ ਕਿ ਕਈ ਦਹਾਕੇ ਪਹਿਲਾਂ ਦੱਖਣ ਦੇ ਰਾਜਾਂ ਵਿਚ ਆਪਣੀਆਂ ਭਾਸ਼ਾਵਾਂ ਨੂੰ ਲੈ ਕੇ ਹਿੰਦੀ ਭਾਸ਼ਾ ਵਿਰੁੱਧ ਬੜੇ ਜ਼ੋਰਦਾਰ ਅੰਦੋਲਨ ਚੱਲੇ ਸਨ ਤੇ ਇਥੇ ਹਿੰਦੀ ਵੜਨ ਨਹੀਂ ਦਿੱਤੀ ਗਈ ਸੀ। ਜੇਕਰ ਭਾਜਪਾ ਆਪਣੇ ਸੰਘੀ ਸਟੈਂਡ 'ਤੇ ਕਾਇਮ ਰਹੀ ਤਾਂ ਵੱਡੇ ਵਿਵਾਦ ਹਿੰਸਾ ਵਿਚ ਤਬਦੀਲ ਹੋ ਸਕਦੇ ਹਨ, ਕਿਉਂਕਿ ਕੌਮਾਂ ਦਾ ਆਧਾਰ ਆਪਣਾ ਸਭਿਆਚਾਰ ਤੇ ਭਾਸ਼ਾ ਹੁੰਦਾ ਹੈ। ਇਸ 'ਤੇ ਕੋਈ ਵੀ ਭਾਸ਼ਾ ਤੇ ਹੋਰ ਸਭਿਆਚਾਰ ਠੋਸਣਾ ਗੁਲਾਮੀ ਦਾ ਅਹਿਸਾਸ ਕਰਵਾਉਣਾ ਹੈ। ਇਸ ਸੰਬੰਧੀ ਭਾਰਤ ਦੇ ਗ੍ਰਹਿ ਮੰਤਰੀ ਨੂੰ ਸੁਚੇਤ ਹੋਣ ਦੀ ਲੋੜ ਹੈ। ਹੁਣੇ ਜਿਹੇ ਪੰਜਾਬ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਹਿੰਦੀ ਦਿਵਸ ਸਮਾਗਮ ਮੌਕੇ ਸ਼੍ਰੋਮਣੀ ਲੇਖਕ ਡਾ. ਤੇਜਵੰਤ ਸਿੰਘ ਨਾਲ ਦੁਰਵਿਹਾਰ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਨੂੰ ਵੀ ਜ਼ਲੀਲ ਕੀਤਾ ਗਿਆ ਕਿ ਦੋ ਸਾਲ ਉਡੀਕੋ ਇਹ ਭਾਸ਼ਾ ਨਹੀਂ ਰਹੇਗੀ। ਡਾ. ਹੁਕਮ ਚੰਦ ਰਾਜਪਾਲ ਤੇ ਇਸ ਦੇ ਆੜੀਆਂ ਨੇ ਇਹ  ਜ਼ਹਿਰ ਉਸ ਸਮਾਗਮ ਦੌਰਾਨ ਘੋਲਿਆ। ਇਸ ਦੀ ਸਿੱਧੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਉੱਪਰ ਆਉਂਦੀ ਹੈ। ਉਹ ਅਖੀਰ ਤੱਕ ਕਹਿੰਦੀ ਰਹੀ ਕਿ ਕੁਝ ਨਹੀਂ ਵਾਪਰਿਆ। ਜਦ ਕਿ ਉਸ ਨੇ ਵਿਰੋਧ ਨਹੀਂ ਕੀਤਾ। ਇਹ ਸਾਰਾ ਕਾਰਾ ਸਰਕਾਰੀ ਤੇ ਸੰਘੀ ਸਾਜ਼ਿਸ਼ ਤਹਿਤ ਵਾਪਰਿਆ। ਪੰਜਾਬ ਵਿਚ ਇਸ ਬਾਰੇ ਵੱਡਾ ਅੰਦੋਲਨ ਸ਼ੁਰੂ ਹੋ ਗਿਆ ਹੈ। ਲੇਖਕ ਤੇ ਆਮ ਲੋਕ, ਪੰਜਾਬੀ ਦੇ ਹੱਕ ਵਿਚ ਸੜਕਾਂ 'ਤੇ ਆ ਗਏ ਹਨ। ਸ਼ੋਸ਼ਲ ਮੀਡੀਆ 'ਤੇ ਪੰਜਾਬ ਦੇ ਹੱਕ ਵਿਚ ਵੱਡੀ ਲਹਿਰ ਚਲ ਰਹੀ ਹੈ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਨੂੰ ਮੰਦਭਾਗਾ, ਦੁਖਦਾਈ ਅਤੇ ਨਾ-ਬਰਦਾਸ਼ਤਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਖਿਆ ਸੀ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਪੰਜਾਬ ਤੇ ਪੰਜਾਬੀਆਂ ਦੀ ਸਾਹ ਰਗ ਹੈ ਜਿਨ੍ਹਾਂ ਸਦਕਾ ਭਾਰਤ ਵਿਚ ਮਰ ਚੁੱਕਿਆ ਜੀਵਨ ਮੁੜ ਧੜਕਣ ਯੋਗ ਹੋਇਆ ਹੈ ਅਤੇ ਅੱਜ ਵੀ ਇਸੇ ਕਰ ਕੇ ਧੜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਮੁੱਚੀ ਲੋਕਾਈ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾ ਰਹੀ ਹੈ, ਅਜਿਹੇ ਮੌਕੇ ਕੁਝ ਫਿਰਕਾਪ੍ਰਸਤ ਲੋਕਾਂ ਵੱਲੋਂ ਪੰਜਾਬ ਦੀ ਧਰਤੀ 'ਤੇ ਕੀਤੇ ਸਰਕਾਰੀ ਸਮਾਗਮ ਦੌਰਾਨ ਪੰਜਾਬੀ ਭਾਸ਼ਾ ਨੂੰ 'ਗੰਵਾਰਾਂ ਦੀ ਭਾਸ਼ਾ' ਦੱਸਣਾ ਮੰਦਭਾਗਾ ਹੈ। ਅਜਿਹੇ ਲੋਕਾਂ ਦੇ ਅਜਿਹੇ ਐਲਾਨਾਂ ਨਾਲ ਕਰੋੜਾਂ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕਸੂਰਵਾਰਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਖਿਆ ਸੀ ਕਿ ਜਿਸ ਭਾਸ਼ਾ ਵਿਚ ਵਿਸ਼ਵ ਦੀ ਸਭ ਤੋਂ ਵੱਧ ਪ੍ਰਮਾਣਿਕਤਾ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ, ਉਹ ਭਾਸ਼ਾ ਗੰਵਾਰਾਂ ਵਾਲੀ ਕਿਵੇਂ ਹੋ ਸਕਦੀ ਹੈ? ਇਸ ਤੋਂ ਬਾਅਦ ਹੁਕਮ ਚੰਦ ਰਾਜਪਾਲ ਨੇ ਲਿਖਤੀ ਮਾਫੀ ਵੀ ਮੰਗ ਲਈ ਹੈ। ਪਰ ਇਹ ਮੁੱਦਾ ਖਤਮ ਨਹੀਂ ਹੋਇਆ। ਪੰਜਾਬੀ ਇਸ ਵਿਵਾਦ ਤੋਂ ਬਾਅਦ ਪੂਰੀ ਤਰ੍ਹਾਂ ਸੁਚੇਤ ਹਨ, ਪਰ ਠੋਸ ਕਾਰਵਾਈ ਕਰਨੀ ਵੀ ਅਜੇ ਵੀ ਲੋੜੀਂਦੀ ਹੈ। ਜੇ ਪੰਜਾਬੀ ਭਾਸ਼ਾ ਤੁਸੀਂ ਆਪਣੇ ਗਿਆਨ ਸਿਲੇਬਸਾਂ, ਉੱਚ ਵਿਦਿਆ ਅਤੇ ਰੁਜ਼ਗਾਰ ਦੀ ਨਹੀਂ ਉਸਾਰਦੇ ਤਾਂ ਤੁਹਾਡਾ ਭਵਿੱਖ ਖਤਰੇ ਵਿਚ ਹੈ। ਇਸ ਸੰਬੰਧ ਵਿਚ ਵੱਡੀ ਵਿਉਂਤਬੰਦੀ ਕਰਨ ਦੀ ਲੋੜ ਹੈ। ਕੈਪਟਨ ਸਰਕਾਰ ਨੇ ਕਾਂਗਰਸ ਵਾਂਗ ਹੀ ਭੂਮਿਕਾ ਨਿਭਾਅ ਕੇ ਪੰਜਾਬ ਵਿਰੋਧੀ ਰੋਲ ਨਿਭਾਇਆ ਹੈ। ਕਾਂਗਰਸ ਤੇ ਭਾਜਪਾ ਦੀ ਸੋਚ ਵਿਚ ਪੰਜਾਬੀ ਭਾਸ਼ਾ ਬਾਰੇ ਕੋਈ ਫਰਕ ਨਜ਼ਰ ਨਹੀਂ ਆਉਂਦਾ।

ਰਜਿੰਦਰ ਸਿੰਘ ਪੁਰੇਵਾਲ