image caption:

ਹਾਂਗਕਾਂਗ ਦੀਆਂ ਸੜਕਾਂ 'ਤੇ ਫੇਸ ਮਾਸਕ ਪਹਿਨ ਕੇ ਉਤਰੇ ਲੋਕ

ਹਾਂਗਕਾਂਗ-  ਹਾਂਗਕਾਂਗ 'ਚ ਲੋਕਤੰਤਰ ਦੀ ਮੰਗ ਕਰ ਰਹੇ ਅੰਦੋਲਨਕਾਰੀ ਸਰਕਾਰ ਦੇ ਫੇਸ ਮਾਸਕ ਪਹਿਨਣ 'ਤੇ ਲਗਾਈ ਪਾਬੰਦੀ ਨੂੰ ਮੰਨਣ ਲਈ ਤਿਆਰ ਨਹੀਂ। ਐਤਵਾਰ ਨੂੰ 10 ਹਜ਼ਾਰ ਮੁਜ਼ਾਹਰਾਕਾਰੀਆਂ ਨੇ ਫੇਸ ਮਾਸਕ ਪਹਿਨ ਕੇ ਮੁਜ਼ਾਹਰਾ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰੀ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਕਾਰ ਜ਼ੋਰਦਾਰ ਝੜਪ ਹੋਈ।

ਮੁਜ਼ਾਹਰਾਕਾਰੀਆਂ ਨੇ ਪੱਥਰ ਤੇ ਪੈਟਰੋਲ ਬੰਬ ਚਲਾਏ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਅਤੇ ਰਬੜ ਬੁਲਟ ਚਲਾਈਆਂ। ਕਈ ਥਾਵਾਂ 'ਤੇ ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਚਲਾਏ ਅੱਥਰੂ ਗੈਸ ਦੇ ਗੋਲ਼ਿਆਂ ਨੂੰ ਵਾਪਸ ਪੁਲਿਸ 'ਤੇ ਹੀ ਸੁੱਟ ਦਿੱਤਾ। ਸਰਕਾਰ ਨੇ ਆਮ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਤੇ ਖਿੜਕੀਆਂ ਦਰਵਾਜ਼ੇ ਬੰਦ ਰੱਖਣ ਦੀ ਸਲਾਹ ਦਿੱਤੀ ਹੈ।

ਹਾਂਗਕਾਂਗ 'ਚ ਅੰਦੋਲਨ ਨੂੰ ਕਾਬੂ ਕਰਨ ਲਈ ਸਰਕਾਰ ਨੇ ਫੇਸ ਮਾਸਕ ਪਾਉਣ 'ਤੇ ਰੋਕ ਲਗਾਈ। ਪਰ ਦੋ ਦਿਨਾਂ 'ਚ ਉਲਟਾ ਅਸਰ ਹੋਇਆ ਹੈ। ਹੁਣ ਲਗਪਗ ਸਾਰੇ ਮੁਜ਼ਾਹਰਾਕਾਰੀ ਫੇਸ ਮਾਸਕ ਪਹਿਨ ਕੇ ਹੀ ਮੁਜ਼ਾਹਰਾ ਕਰਨ ਆ ਰਹੇ ਹਨ। ਐਤਵਾਰ ਨੂੰ ਪੁਲਿਸ ਨੇ ਵੱਡੀ ਗਿਣਤੀ 'ਚ ਫੇਸ ਮਾਸਕ ਪਾਈ ਲੋਕਾਂ ਨੂੰ ਗਿ੍ਫ਼ਤਾਰ ਕੀਤਾ। ਅਦਾਲਤ 'ਚ ਇਹ ਗੱਲ ਸਾਬਤ ਹੋ ਗਈ ਤਾਂ ਫੇਸ ਮਾਸਕ ਪਹਿਨਣ ਵਾਲਿਆਂ ਨੂੰ ਇਕ ਸਾਲ ਦੀ ਸਜ਼ਾ ਹੋ ਸਕਦੀ ਹੈ। ਦਿਨ ਢਲਣ ਦੇ ਨਾਲ ਹੀ ਹਾਂਗਕਾਂਗ 'ਚ ਜਗ੍ਹਾ ਜਗ੍ਹਾ ਮੁਜ਼ਾਹਰੇ ਹੋਣ ਲੱਗੇ। ਪੁਲਿਸ ਨੇ ਲਾਠੀਚਾਰਜ, ਪੈਪਰ ਸਪ੍ਰਰੇਅ ਤੇ ਅੱਥਰੂ ਗੈਸ ਨਾਲ ਮੁਜ਼ਾਹਰਾਕਾਰੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਾਲਾਤ ਵਿਗੜ ਗਏ। ਪੁਲਿਸ 'ਤੇ ਪਥਰਾਅ ਤੇ ਪੈਟਰੋਲ ਬੰਬ ਸੁੱਟੇ ਜਾਣ ਲੱਗੇ। ਅੰਦੋਲਨਕਾਰੀਆਂ ਨੇ ਕਿਹਾ ਹੈ ਕਿ ਉਹ ਸਰਕਾਰ ਦੀਆਂ ਪਾਬੰਦੀਆਂ ਅੱਗੇ ਨਹੀਂ ਝੁਕਣਗੇ। ਹੱਕਾਂ ਦੀ ਜੰਗ ਜਾਰੀ ਰਹੇਗੀ। ਅਧਿਕਾਰ ਮਿਲਣ 'ਤੇ ਹੀ ਅਸੀਂ ਸ਼ਾਂਤ ਹੋਵਾਂਗੇ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫੇਸ ਮਾਸਕ 'ਤੇ ਪਾਬੰਦੀ ਦੇ ਐਲਾਨ ਤੋਂ ਬਾਅਦ ਹਾਂਗਕਾਂਗ 'ਚ ਹਿੰਸਾ ਭੜਕ ਉੱਠੀ ਸੀ। ਕਈ ਮੈਟਰੋ ਰੇਲਵੇ ਸਟੇਸ਼ਨ ਸਾੜ ਦਿੱਤੇ ਗਏ। ਭੰਨਤੋੜ ਕੀਤੀ ਗਈ ਤੇ ਚੀਨ ਦੀ ਖ਼ੁਦਮੁਖ਼ਤਾਰੀ ਵਾਲੇ ਸੰਸਥਾਨਾਂ ਤੇ ਬੈਂਕਾਂ 'ਤੇ ਪਥਰਾਅ ਹੋਇਆ।