image caption:

ਹਿਲੇਰੀ ਨੇ 2020 ਦੀਆਂ ਚੋਣਾਂ ਬਾਰੇ ਟਰੰਪ ਦਾ ਮਜ਼ਾਕ ਉਡਾਇਆ

ਵਾਸ਼ਿੰਗਟਨ-  ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਜ਼ਾਕ ਉਡਾ ਕੇ ਉਨ੍ਹਾਂ ਦੇ ਵਿਅੰਗ ਦਾ ਜਵਾਬ ਦਿੱਤਾ ਹੈ। ਅਸਲ ਵਿੱਚ ਟਰੰਪ ਨੇ ਇਕ ਟਵੀਟ ਵਿੱਚ ਹਿਲੇਰੀ ਨੂੰ 2020 ਦੀ ਰਾਸ਼ਟਰਪਤੀ ਚੋਣ ਵਿੱਚ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਸੀ।
ਇਸ ਦਾ ਜਵਾਬ ਦਿੰਦੇ ਹੋਏ ਹਿਲੇਰੀ ਕਲਿੰਟਨ ਨੇ ਇਕ ਇੰਟਰਵਿਊ ਦੌਰਾਨ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ &lsquoਬਿਲਕੁਲ, ਮੈਂ ਉਨ੍ਹਾਂ ਨੂੰ ਹਰਾ ਸਕਦੀ ਹਾਂ।'' ਸਾਲ 2016 ਦੀ ਚੋਣ ਵਿੱਚ ਡੋਨਾਲਡ ਟਰੰਪ ਦੇ ਮੁਕਾਬਲੇ ਹਿਲੇਰੀ ਕਲਿੰਟਨ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਸਨ। 2008 ਵਿੱਚ ਵੀ ਉਨ੍ਹਾਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ। ਇਨ੍ਹਾਂ ਦੋ ਨਾਕਾਮ ਕੋਸ਼ਿਸ਼ਾਂ ਦੇ ਬਾਅਦ ਹਿਲੇਰੀ ਨੇ ਇਸ ਵਾਰੀ ਖੁਦ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਵੱਖ ਕਰ ਲਿਆ ਹੈ ਅਤੇ ਉਹ ਚੋਣ ਲੜਨ ਲਈ ਤਿਆਰ ਨਹੀਂ।
ਆਪਣੇ ਉੱਤੇ ਚੱਲਣ ਵਾਲੇ ਮਹਾਦੋਸ਼ ਦੀ ਜਾਂਚ ਬਾਰੇ ਟਰੰਪ ਲਗਾਤਾਰ ਡੈਮੋਕ੍ਰੇਟਿਕ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੱਲ੍ਹ ਹਿਲੇਰੀ ਕਲਿੰਟਨ ਉੱਤੇ ਵਿਅੰਗ ਕਰਦੇ ਹੋਏ ਟਰੰਪ ਨੇ ਟਵੀਟ ਕੀਤਾ, &lsquoਮੈਨੂੰ ਲੱਗਦਾ ਹੈ ਕਿ ਹਿਲੇਰੀ ਕਲਿੰਟਨ ਨੂੰ ਫਿਰ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਦੇ ਲਈ ਸਿਰਫ਼ ਇਕੋ ਸ਼ਰਤ ਹੈ। ਉਨ੍ਹਾਂ ਨੂੰ ਆਪਣੇ ਸਾਰੇ ਜੁਰਮਾਂ ਦੀ ਸਫਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਸੰਮਨ ਮਿਲਣ ਉੱਤੇ ਉਨ੍ਹਾਂ ਨੇ 33 ਹਜ਼ਾਰ ਈਮੇਲ ਨੂੰ ਡਿਲੀਟ ਕਿਉਂ ਕੀਤਾ ਸੀ।'' ਹਿਲੇਰੀ ਕਲਿੰਟਨ ਨੇ ਟਰੰਪ ਦੀ ਇਸ ਗੱਲ ਦਾ ਕਰਾਰਾ ਜਵਾਬ ਦਿੱਤਾ ਅਤੇ ਕਿਹਾ, &lsquoਮੈਨੂੰ ਨਾ ਸਿਖਾਓ। ਆਪਣਾ ਕੰਮ ਕਰੋ। ਮੈਨੂੰ ਕੋਈ ਸੰਮਨ ਨਹੀਂ ਮਿਲਿਆ। ਜਾਂ ਤੁਸੀਂ ਝੂਠ ਬੋਲ ਰਹੇ ਹੋ ਜਾਂ ਭਰਮ ਦਾ ਸ਼ਿਕਾਰ ਹੋ।'' ਉਨ੍ਹਾਂ ਇਹ ਵੀ ਕਿਹਾ ਕਿ ਸ਼ਾਇਦ ਟਰੰਪ ਨੂੰ ਨਿੱਜੀ ਨਫ਼ਰਤਾਂ ਤੋਂ ਹੀ ਪ੍ਰੇਰਨਾ ਮਿਲਦੀ ਹੈ।
ਹਿਲੇਰੀ ਕਲਿੰਟਨ ਨੇ ਡੋਨਾਲਡ ਟਰੰਪ ਉੱਤੇ ਦੇਸ਼ ਦੀ ਪ੍ਰਭੂਸੱਤਾ ਕਮਜ਼ੋਰ ਕਰਨ ਅਤੇ ਵਿਦੇਸ਼ ਨੀਤੀ ਨੂੰ ਪਲਟਣ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਨੇ ਟਰੰਪ ਉੱਤੇ ਮਹਾਦੋਸ਼ ਬਾਰੇ ਚੱਲਦੀ ਜਾਂਚ ਦੀ ਹਮਾਇਤ ਵੀ ਕੀਤੀ ਹੈ। ਹਿਲੇਰੀ ਨੇ ਕਿਹਾ ਕਿ ਪਾਰਲੀਮੈਂਟ ਨਿਯਮ ਦੇ ਤਹਿਤ ਕੰਮ ਕਰ ਰਹੀ ਹੈ ਤੇ ਸਭ ਨੂੰ ਪ੍ਰਕਿਰਿਆ ਦਾ ਸਨਮਾਨ ਕਰਨਾ ਚਾਹੀਦਾ ਹੈ। ਵਰਨਣ ਯੋਗ ਹੈ ਕਿ ਇਕ ਵ੍ਹਿਸਲ ਬਲੋਅਰ ਦੀ ਸ਼ਿਕਾਇਤ ਕਾਰਨ ਪਾਰਲੀਮੈਂਟ ਡੋਨਾਲਡ ਟਰੰਪ ਦੇ ਖ਼ਿਲਾਫ਼ ਜਾਂਚ ਕਰ ਰਹੀ ਹੈ। ਵ੍ਹਿਸਲ ਬਲੋਅਰ ਦੇ ਮੁਤਾਬਕ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜੈਲੇਂਸਕੀ ਉੱਤੇ ਡੈਮੋਕ੍ਰੇਟ ਨੇਤਾ ਜੋ ਬਿਡੇਨ ਅਤੇ ਉਨ੍ਹਾਂ ਦੇ ਬੇਟ ਹੰਟਰ ਖ਼ਿਲਾਫ਼ ਜਾਂਚ ਕਰਨ ਦਾ ਦਬਾਅ ਬਣਾਇਆ ਸੀ। ਬਿਡੇਨ ਅਗਲੇ ਸਾਲ ਰਾਸ਼ਟਰਪਤੀ ਚੋਣ ਵਿੱਚ ਡੈਮੋਕ੍ਰੇਟ ਪਾਰਟੀ ਵਲੋਂ ਟਰੰਪ ਲਈ ਅਹਿਮ ਚੁਣੌਤੀ ਮੰਨੇ ਜਾ ਰਹੇ ਹਨ।