image caption:

ਸਕਾਟਲੈਂਡ: ਮਹਾਂਮਾਰੀ 'ਚ ਲੋਕਾਂ ਨੂੰ ਉਮੀਦ ਦੇਣ ਲਈ ਉਗਾਏ ਗਏ 100,000 ਤੋਂ ਵੱਧ ਸੂਰਜਮੁਖੀ ਦੇ ਫੁੱਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਫਾਈਫ ਦੇ ਖੇਤਾਂ 'ਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੋਕਾਂ ਨੂੰ ਉਮੀਦ ਅਤੇ ਹੌਸਲਾ ਦੇਣ ਲਈ ਇੱਕ ਵਿਸ਼ਾਲ ਖੇਤਰ ਵਿੱਚ ਸੂਰਜਮੁਖੀ ਦੇ 1 ਲੱਖ ਫੁੱਲ ਉਗਾ ਕੇ 'ਹੋਪ' ਸ਼ਬਦ ਲਿਖਿਆ ਗਿਆ ਹੈ। ਏਲੀ ਦੇ ਨੇੜੇ ਅਰਡ੍ਰੌਸ ਫਾਰਮ ਦਾ ਮੈਦਾਨ 1.5 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਚਾਰ ਫੁੱਟਬਾਲ ਪਿੱਚਾਂ ਦੇ ਆਕਾਰ ਵਿੱਚ ਬੀਜੇ ਜਾਣ ਤੋਂ ਤਕਰੀਬਨ ਪੰਜ ਮਹੀਨਿਆਂ ਬਾਅਦ ਫੁੱਲ ਖਿੜੇ ਹਨ। ਈਸਟ ਨਿਊਕ ਟ੍ਰਿਨਿਟੀ ਚਰਚ ਦੇ 36 ਸਾਲਾਂ ਰੇਵ ਡਗਲਸ ਕ੍ਰੀਯਟਨ ਨੇ ਮਹਾਂਮਾਰੀ ਦੇ ਦੌਰਾਨ ਲੋਕਾਂ ਨੂੰ ਇੱਕ ਉਮੀਦ ਦੇਣ ਅਤੇ ਚੈਰਟੀਆਂ ਦੀ ਆਰਥਿਕ ਮੱਦਦ ਕਰਨ ਲਈ ਸੂਰਜਮੁਖੀ ਦੇ ਫੁੱਲ ਉਗਾਏ। ਉਸਨੇ 30 ਸਾਲਾਂ ਕਿਸਾਨ ਕਲੇਅਰ ਪੋਲੌਕ ਦੀ ਸਹਾਇਤਾ ਨਾਲ ਮਈ ਦੇ ਅਰੰਭ ਵਿੱਚ 100,000 ਤੋਂ ਵੱਧ ਸੂਰਜਮੁਖੀ ਦੇ ਬੀਜ ਬੀਜੇ। ਇਸ ਜੋੜੀ ਨੂੰ ਉਮੀਦ ਹੈ ਕਿ ਇਹ ਕਦਮ ਸਥਾਨਕ ਭਾਈਚਾਰੇ ਲਈ ਖੁਸ਼ੀ ਲਿਆਏਗਾ ਅਤੇ ਪਿਛਲੇ ਹਫਤੇ ਇਸ ਦੇ ਖੁੱਲ੍ਹਣ 'ਤੇ 500 ਲੋਕ ਇਸ ਨੂੰ ਦੇਖਣ ਆਏ। ਇਸ ਵਿਸ਼ਾਲ ਸੂਰਜਮੁਖੀ ਫੁੱਲਾਂ ਦੇ ਸਥਾਨ ਨੂੰ ਪਾਰ ਕਰਨ ਵਿੱਚ 20 ਮਿੰਟ ਲੱਗਦੇ ਹਨ, ਇਸ ਦੁਆਰਾ ਅਤੇ ਸਥਾਨਕ ਚੈਰਿਟੀਆਂ ਲਈ 2,000 ਪੌਂਡ ਇਕੱਠੇ ਕੀਤੇ ਜਾ ਚੁੱਕੇ ਹਨ। ਡਗਲਸ ਅਨੁਸਾਰ ਤਾਲਾਬੰਦੀ ਲੋਕਾਂ ਲਈ ਬਹੁਤ ਨਿਰਾਸ਼ਾਜਨਕ ਸੀ ਅਤੇ ਉਹ ਅਜਿਹਾ ਕੁਝ ਕਰਨਾ ਚਾਹੁੰਦਾ ਸੀ ਜਿਸ ਨਾਲ ਲੋਕ ਮੁਸਕਰਾਉਣ ਅਤੇ ਜਿੰਦਗੀ ਦੀ ਨਵੀਂ ਉਮੀਦ ਪੈਦਾ ਕਰਨ।