image caption: ਤਸਵੀਰ: ਟਿਕਰੀ ਕਿਸਾਨ-ਮੋਰਚੇ 'ਤੇ ਮੀਟਿੰਗ ਦੌਰਾਨ ਕਿਸਾਨ ਆਗੂ

ਕਿਸਾਨ ਆਗੂਆਂ ਵੱਲੋਂ ਦਿੱਲੀ ਦੇ ਮੋਰਚਿਆਂ ਨੂੰ ਮਜ਼ਬੂਤ ਕਰਨ ਲਈ ਉਲੀਕੀ ਵਿਉਂਤਬੰਦੀ 27 ਸਤੰਬਰ ਦੇ 'ਭਾਰਤ-ਬੰਦ' ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਕੇਂਦਰ-ਸਰਕਾਰ ਨੂੰ ਖੇਤੀ-ਕਾਨੂੰਨ ਰੱਦ ਕਰਨੇ ਹੀ ਪੈਣਗੇ: ਬੁਰਜ਼ਗਿੱਲ

 ਦਲਜੀਤ ਕੌਰ ਭਵਾਨੀਗੜ੍ਹ

ਦਿੱਲੀ, 10 ਸਤੰਬਰ, 2021: ਤਿੰਨ ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਵਾਉਣ ਅਤੇ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖ੍ਰੀਦ ਦੀ ਗਰੰਟੀ ਲਈ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੇ ਸਿੰਘੂ ਅਤੇ ਟੀਕਰੀ ਬਾਰਡਰ 'ਤੇ ਚੱਲ ਰਹੇ ਕਿਸਾਨੀ-ਮੋਰਚਿਆਂ ਨੂੰ ਮਜ਼ਬੂਤ ਕਰਨ ਅਤੇ 27 ਸਤੰਬਰ ਦੇ ਭਾਰਤ-ਬੰਦ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੀ ਅਹਿਮ ਮੀਟਿੰਗ ਟੀਕਰੀ-ਮੋਰਚੇ 'ਤੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਨੇ ਕਿਹਾ ਕਿ 600 ਤੋਂ ਉੱਪਰ ਕਿਸਾਨਾਂ ਦੇ ਸ਼ਹੀਦ ਹੋ ਜਾਣ ਦੇ ਬਾਵਜੂਦ ਵੀ ਕੇਂਦਰ-ਸਰਕਾਰ ਦਾ ਤਾਨਾਸ਼ਾਹੀ ਰਵੱਈਆ ਬਰਕਰਾਰ ਹੈ, ਪਰ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ-ਸੰਘਰਸ਼ ਦੇਸ਼ ਭਰ 'ਚ ਫੈਲ ਗਿਆ ਹੈ। ਪਿਛਲੇ ਹਫ਼ਤੇ ਮੁਜੱਫਰਨਗਰ-ਉੱਤਰ ਪ੍ਰਦੇਸ਼ 'ਚ ਹੋਈ ਮਹਾਂ-ਕਿਸਾਨ ਪੰਚਾਇਤ ਨੇ ਭਾਜਪਾ ਨੂੰ ਭਾਜੜਾਂ ਪਾ ਦਿੱਤੀਆਂਂ ਹਨ। ਕਿਸਾਨ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਣਗੇ ਅਤੇ ਕੇਂਦਰ-ਸਰਕਾਰ ਨੂੰ ਖੇਤੀ-ਕਾਨੂੰਨ ਹਰ ਹੀਲੇ ਵਾਪਿਸ ਲੈਣੇ ਹੀ ਪੈਣਗੇ। 
ਕਿਸਾਨ-ਆਗੂਆਂ ਨੇ ਕਿਹਾ ਕਿ ਕਰਨਾਲ 'ਚ ਕਿਸਾਨਾਂ ਖ਼ਿਲਾਫ਼ ਫਰਮਾਨ ਜਾਰੀ ਕਰਨ ਵਾਲ਼ੇ ਐਸਡੀਐਮ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਉਹਨਾਂ ਪੰਜਾਬ-ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਮੋਗਾ ਅਤੇ ਮਾਛੀਵਾੜਾ 'ਚ ਕਿਸਾਨਾਂ 'ਤੇ ਦਰਜ਼ ਕੀਤੇ ਕੇਸ ਤੁਰੰਤ ਰੱਦ ਕੀਤੇ ਜਾਣ, ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਜਲਦ ਕੋਈ ਪ੍ਰੋਗਰਾਮ ਉਲੀਕਿਆ ਜਾਵੇਗਾ। 
ਬੁਰਜ਼ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਉਂਦੇ ਸ਼ੀਜਨ 'ਚ ਫਸਲਾਂ ਦੀ ਖਰੀਦ ਲਈ ਇਸ ਦੇ ਰਕਬੇ ਦੀ ਫਰਦ ਮੰਡੀ ਬੋਰਡ ਦੇ ਪੋਰਟਲ 'ਤੇ ਅਪਲੋਡ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ। ਫਰਮਾਨ ਅੱਗੇ ਚੱਲ ਕੇ ਸਰਕਾਰੀ ਖਰੀਦ ਬੰਦ ਕਰਨ ਦੀ ਸਾਜਿਸ਼ੀ ਕਵਾਇਦ ਦਾ ਹਿੱਸਾ ਹੈ। ਪੰਜਾਬ ਵਿੱਚ ਇੱਕ-ਤਿਹਾਈ ਤੋਂ ਵੀ ਵੱਧ ਜ਼ਮੀਨ ਉਪਰ ਖੇਤੀ, ਠੇਕੇ 'ਤੇ ਲੈ ਕੇ ਕੀਤੀ ਜਾਂਦੀ ਹੈ। ਫਰਦ ਵਾਲੇ ਫਰਮਾਨ ਕਾਰਨ ਇਨ੍ਹਾਂ ਠੇਕੇ ਵਾਲੇ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨੀ ਹੋਵੇਗੀ ਕਿਉਂਕਿ ਨਵੇਂ ਫਰਮਾਨ ਅਨੁਸਾਰ ਫਸਲ ਦੀ ਪੇਮੈਂਟ ਜ਼ਮੀਨ ਮਾਲਕ ਨੂੰ ਹੋਵੇਗੀ। ਕਿਸਾਨਾਂ ਨੂੰ ਫਰਦਾਂ ਲੈਣ, ਅਪਲੋਡ ਕਰਨ, ਫਰਦਾਂ 'ਚ ਮ੍ਰਿਤਕਾਂ ਦੇ ਨਾਂਅ ਹੋਣ, ਮਲਕੀਅਤਾਂ ਸਾਂਝੀਆਂ ਹੋਣ ਆਦਿ ਵਰਗੀਆਂ ਅਨੇਕਾਂ ਅਮਲੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਇਹ ਨਾਦਰਸ਼ਾਹੀ ਫਰਮਾਨ ਤੁਰੰਤ ਵਾਪਸ ਲਵੇ। ਉਹਨਾਂ ਦੁੱਖ ਜ਼ਾਹਰ ਕਰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਜਿਲ੍ਹਾ ਜਲੰਧਰ ਦੇ ਪਿੰਡ ਰਾਪੁਰ ਦੇ ਕੁਲਦੀਪ ਸਿੰਘ ਸਾਡੇ ਵਿਚਕਾਰ ਨਹੀਂ ਰਹੇ। ਕੁਲਦੀਪ ਸਿੰਘ ਆਪਣੇ ਸਾਥੀਆ ਸਮੇਤ ਦਿੱਲੀ ਮੋਰਚੇ ਵਿਚ ਡਟੇ ਹੋਏ ਸਨ ਅਤੇ ਪਾਣੀ ਦੀ ਸੇਵਾ ਪਹਿਲੇ ਦਿਨ ਤੋ ਕਰ ਰਹੇ ਸਨ। ਪਿਛਲੇ ਦਿਨੀਂ ਮੁਜ਼ਫਰ ਨਗਰ ਤੋ ਵਾਪਿਸ ਆਉਣ ਤੋ ਬਾਅਦ ਸਿਹਤ ਖ਼ਰਾਬ ਹੋਈ ਸੀ।
ਇਸ ਦੌਰਾਨ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਲੁਧਿਆਣਾ ਜਿਲ੍ਹੇ ਦੇ ਆਗੂ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਅਖਾੜਾ, ਗੁਰਪ੍ਰੀਤ ਸਿੰਘ ਸਿੱਧਵਾਂ ਕਲਾਂ, ਮਾਨਸਾ ਜਿਲ੍ਹੇ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਰਣਧੀਰ ਸਿੰਘ ਬੱਸੀਆਂ ਸਮੇਤ ਦੋ ਦਰਜ਼ਨ ਆਗੂ ਹਾਜ਼ਰ ਸਨ।