image caption:

ਅੰਮ੍ਰਿਤਸਰ ਤੋਂ ਹੁਣ ਬਰਮਿੰਘਮ ਨੂੰ ਸਿੱਧੀ ਫਲਾਈਟ, ਪਹਿਲੀ ਵਾਰ ਹੀ ਜਹਾਜ਼ ਫੁੱਲ

 ਅੰਮ੍ਰਿਤਸਰ: ਅੱਜ ਤੋਂ ਅੰਮ੍ਰਿਤਸਰ ਤੋਂ ਬਰਮਿੰਘਮ ਨੂੰ ਸਿੱਧੀ ਫਲਾਈਟ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਹਰ ਹਫਤੇ ਸ਼ੁੱਕਰਵਾਰ ਤਿੰਨ ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਉਡਾਣ ਭਰੇਗੀ। ਇਹ ਉਡਾਣ ਐਤਵਾਰ ਸਵੇਰੇ 7.35 &lsquoਤੇ ਵਾਪਸੀ ਕਰਿਆ ਕਰੇਗੀ। ਹਾਸਲ ਜਾਣਕਾਰੀ ਮੁਤਾਬਕ ਪਹਿਲੀ ਫਲਾਈਟ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਪਹਿਲੀ ਫਲਾਈਟ ਹੀ ਲਗਪਗ ਫੁੱਲ ਜਾ ਰਹੀ ਹੈ। ਇਹ ਫਲਾਈਟ 229 ਮੁਸਾਫਰਾਂ ਨੂੰ ਲੈ ਕੇ ਉਡਾਨ ਭਰੇਗੀ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਇਹ ਉਡਾਣ ਹਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:00 ਵਜੇ ਉਡਾਣ ਭਰੇਗੀ ਤੇ ਉਸੇ ਦਿਨ ਸ਼ਾਮ 5:20 ਵਜੇ ਬਰਮਿੰਘਮ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ ਬਰਮਿੰਘਮ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਐਤਵਾਰ ਸਵੇਰੇ 7:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ &lsquoਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ।

ਇਸ ਦੇ ਨਾਲ ਹੀ ਯੂਕੇ ਨਾਲ ਇਸ ਸਿੱਧੇ ਹਵਾਈ ਸੰਪਰਕ ਜ਼ਰੀਏ ਇੱਕ ਵਾਰ ਫਿਰ ਅੰਮ੍ਰਿਤਸਰ ਤੋਂ ਯੂਕੇ ਲਈ ਕਾਰਗੋ ਵਪਾਰ ਸ਼ੁਰੂ ਹੋ ਗਿਆ ਹੈ। ਲੰਡਨ ਤੇ ਬਰਮਿੰਘਮ ਨਾਲ ਹਵਾਈ ਸੰਪਰਕ ਮੁੜ ਸ਼ੁਰੂ ਹੋਣ ਦਾ ਸਵਾਗਤ ਕਰਦੇ ਹੋਏ ਵਪਾਰੀਆਂ ਨੇ ਕਿਹਾ ਕਿ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਿਸਾਨ ਤੇ ਵਪਾਰੀਆਂ ਨੂੰ ਵਸਤੂਆਂ ਵਿਦੇਸ਼ ਭੇਜਣ ਵਿੱਚ ਆਸਾਨੀ ਹੋਵੇਗੀ।

ਇਸ ਬਾਰੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬਰਮਿੰਘਮ ਨਾਲ ਪੰਜਾਬ ਦਾ ਸਿੱਧਾ ਸੰਪਰਕ ਸਾਡੀ ਪੁਰਾਣੀ ਮੰਗ ਰਹੀ ਹੈ। ਭਾਰਤ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੇ ਇਸ ਨੂੰ ਮੁੜ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਕੇਵਲ ਵਪਾਰ ਰਸਤਾ ਨਹੀਂ, ਬਲਕਿ ਦਰਬਾਰ ਸਾਹਿਬ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਵੀ ਸਾਨੂੰ ਇਸ ਉਡਾਨ ਦੀ ਲੰਮੇ ਸਮੇਂ ਤੋਂ ਮੰਗ ਰਹੀ ਸੀ।