image caption:

ਦਿੱਲੀ ਦੀਆਂ ਸਰਹੱਦਾਂ ਸੀਲ- ਅਕਾਲੀ ਵਰਕਰਾਂ ਨੂੰ ਨਹੀਂ ਮਿਲਿਆ ਦਿੱਲੀ ਵਿਚ ਦਾਖਲ ਹੋਣ ਦਾ ਰਾਹ

ਬਹਾਦਰਗੜ੍ਹ/ਹਰਿਆਣਾ: ਖੇਤੀ ਕਾਨੂੰਨਾਂ ਦਾ ਇਕ ਸਾਲ ਮੁਕੰਮਲ ਹੋਣ 'ਤੇ ਵਿਰੋਧ ਪ੍ਰਦਰਸ਼ਨਾਂ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਬਹਾਦਰਗੜ੍ਹ ਦੇ ਝੜੌਦਾ ਬਾਰਡਰ 'ਤੇ ਵੀ ਬੈਰੀਕੇਡਿੰਗ ਕਰ ਦਿੱਤੀ ਹੈ।

ਬਹਾਦਰਗੜ੍ਹ ਤੋਂ ਦਿੱਲੀ ਜਾਣ ਵਾਲੇ ਸਾਰੇ ਕੱਚੇ-ਪੱਕੇ ਰਾਹ ਸੀਲ ਕਰ ਦਿੱਤੇ ਗਏ ਹਨ। ਝਾੜੌਦਾ ਬਾਰਡਰ, ਨਿਜਾਮਪੁਰ ਬਾਰਡਰ, ਸਿੱਧੀਪੁਰ ਪਿੰਡ, ਜੋਹਨਤੀ ਬਾਰਡਰ ਸਭ ਬੰਦ ਹਨ। ਇਸ ਸਥਿਤੀ ਤੋਂ ਆਮ ਲੋਕ ਕਾਫੀ ਪਰੇਸ਼ਾਨ ਹਨ।

ਪੰਜਾਬ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸਰਹੱਦਾਂ ਸੀਲ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਨੇ ਵਾਹਨ ਰੋਕ ਰੋਕ ਕੇ ਵਾਪਸ ਮੋੜੇ ਹਨ। ਦਰਅਸਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਪੀਲ ਤੇ ਪੰਜਾਬ ਤੋਂ ਵਰਕਰ ਦਿੱਲੀ ਜਾ ਰਹੇ ਸਨ।

ਅੱਜ ਦਿੱਲੀ ਤੋਂ ਰਕਾਬਗੰਜ ਗੁਰਦੁਆਰਾ ਤੋਂ ਸੰਸਦ ਤਕ ਪੈਦਲ ਮਾਰਚ ਕੱਢਿਆ ਜਾਣਾ ਹੈ। ਖੇਤੀ ਕਾਨੂੰਨਾਂ ਖਿਲਾਫ ਅਕਾਲੀ ਦਲ ਅੱਜ ਕਾਲਾ ਦਿਵਸ ਮਨਾ ਰਿਹਾ ਹੈ। ਅਕਾਲੀ ਵਰਕਰਾਂ ਦੇ ਨਾਲ ਹੀ ਆਮ ਨੌਕਰੀ ਪੇਸ਼ਾ ਲੋਕ ਵੱਖ-ਵੱਖ ਰਾਹਾਂ ਤੋਂ ਦਿੱਲੀ 'ਚ ਦਾਖਲ ਹੋਣ ਲਈ ਰਾਹ ਲੱਭ ਰਹੇ ਹਨ।