image caption:

ਚੰਨੀ ਲਈ ਮੁੱਖ ਮੰਤਰੀ ਦਾ ਅਹੁਦਾ ਫੁੱਲਾਂ ਦੀ ਨਹੀਂ ਕੰਡਿਆਂ ਦੀ ਸੇਜ ਹੋਵੇਗੀ

 ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪੰਜਾਬ ਵਿਚ ਕਾਂਗਰਸ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਸਿਰੇ ਚਾੜ੍ਹਨਾ ਹੈ।

ਨਵੇਂ ਮੁੱਖ ਮੰਤਰੀ ਵਜੋਂ ਚੰਨੀ ਲਈ ਇਹ ਪਰਖ ਦੀ ਘੜੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦਿਆਂ ਤੋਂ ਪਲਟਣ ਕਰਕੇ ਲੋਕਾਂ ਦਾ ਵਿਸਵਾਸ਼ ਟੁੱਟਿਆ ਹੈ। ਕਾਂਗਰਸ ਹਾਈ ਕਮਾਨ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ &rsquoਤੇ ਬਿਠਾਉਣ ਦਾ ਫੈਸਲਾ ਕਰਕੇ ਅਗਾਮੀ ਚੋਣਾਂ ਲਈ ਵੱਡਾ ਦਾਅ ਖੇਡਿਆ ਹੈ।

ਚੰਨੀ ਲਈ ਮੁੱਖ ਮੰਤਰੀ ਦਾ ਅਹੁਦਾ ਫੁੱਲਾਂ ਦੀ ਨਹੀਂ ਕੰਡਿਆਂ ਦੀ ਸੇਜ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਇਥੇ ਵੱਡਾ ਮਸਲਾ ਇਹ ਹੈ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਨੂੰ ਕੰਮ ਕਰਨ ਲਈ ਲਗਭਗ 100 ਦਿਨ ਹੀ ਮਿਲਣਗੇ। ਉਨ੍ਹਾਂ ਲਈ 18 ਨੁਕਾਤੀ ਏਜੰਡਾ ਪਰਖ ਬਣੇਗਾ।
ਪੰਜਾਬ ਵਿਚ ਅਗਲੇ ਸਾਲ ਫਰਵਰੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੀ ਸਥਿਤੀ ਵਿੱਚ, ਮੰਨਿਆ ਜਾ ਰਿਹਾ ਹੈ ਕਿ ਜਨਵਰੀ ਤੋਂ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਭਾਵ, ਨਵੇਂ ਮੁੱਖ ਮੰਤਰੀ ਕੋਲ ਕੰਮ ਕਰਨ ਲਈ ਵੱਧ ਤੋਂ ਵੱਧ ਤਿੰਨ ਮਹੀਨੇ ਹੋਣਗੇ।

ਨਵੇਂ ਮੁੱਖ ਮੰਤਰੀ ਨੂੰ ਖਾਸ ਕਰਕੇ ਬਹਿਬਲ ਤੇ ਬਰਗਾੜੀ ਮਾਮਲੇ &rsquoਤੇ ਨਤੀਜੇ ਦੇਣੇ ਹੋਣਗੇ। ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਾਂਗਰਸ &rsquoਤੇ ਮਾਫੀਆ ਰਾਜ ਦੇ ਲੱਗੇ ਦਾਗ਼ ਨੂੰ ਧੋਣਾ ਵੀ ਚੁਣੌਤੀ ਹੋਵੇਗਾ। ਇਸ ਤੋਂ ਇਲਾਵਾ ਵੱਧ ਨਸ਼ਾ ਤਸਕਰੀ ਦੇ ਮਾਮਲੇ &rsquoਚ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਦਲੇਰੀ ਦਿਖਾਉਣੀ ਹੋਵੇਗੀ। ਇਸੇ ਤਰ੍ਹਾਂ ਮਹਿੰਗੇ ਬਿਜਲੀ ਸਮਝੌਤੇ ਵੀ ਉਨ੍ਹਾਂ ਦਾ ਇਮਤਿਹਾਨ ਲੈਣਗੇ। ਪੰਜਾਬ ਵਿੱਚ ਰੁਜ਼ਗਾਰ ਦਾ ਵੱਡਾ ਮਸਲਾ ਹੈ। ਕਿਸਾਨੀ ਸਭ ਤੋਂ ਵੱਡਾ ਮਸਲਾ ਹੋਵੇਗਾ।