image caption: -ਰਜਿੰਦਰ ਸਿੰਘ ਪੁਰੇਵਾਲ

ਭਾਜਪਾ ਦੇ ਫਿਰਕੂਵਾਦ ਲਈ ਚੁਣੌਤੀ ਕਿਸਾਨ ਜਥੇਬੰਦੀਆਂ

ਇੱਕ ਸਮਾਂ ਸੀ, ਭਾਜਪਾ ਨੂੰ ਇੱਕ ਅਨੁਸ਼ਾਸਨਬੱਧ ਪਾਰਟੀ ਵਜੋਂ ਪ੍ਰਸਿੱਧ ਸੀ ਪਰ ਜਦੋਂ ਤੋਂ ਇਸ ਦੀ ਵਾਗਡੋਰ ਮੋਦੀ-ਸ਼ਾਹ ਜੋੜੀ ਦੇ ਹੱਥ ਆਈ ਹੈ, ਭਾਜਪਾ ਦੂਜੀਆਂ ਸਰਮਾਏਦਾਰ ਪਾਰਟੀਆਂ ਦੀ ਤਰਾਂ ਫਿਰਕੂਵਾਦ ਤੇ ਘਪਲਿਆਂ ਦੇ ਦੋਸ਼ ਵਿਚ ਘਿਰਦੀ ਜਾ ਰਹੀ ਹੈ| ਕਿਸਾਨ ਅੰਦੋਲਨ ਇਸ ਅਗੇ ਵਡੀ ਚੁਣੌਤੀ ਹੈ| ਇਸ ਕਾਰਣ ਭਾਜਪਾ ਨਿਘਰਦੀ ਜਾ ਰਹੀ ਹੈ| ਮੁਜ਼ੱਫਰਨਗਰ ਕਿਸਾਨ-ਮਜ਼ਦੂਰ ਮਹਾਪੰਚਾਇਤ ਵਿੱਚ ਮਿਸ਼ਨ ਉੱਤਰ ਪ੍ਰਦੇਸ਼ ਦੀ ਸ਼ੁਰੂਆਤ ਅਤੇ ਲਖਨਊ ਵਿੱਚ ਸੰਯੁਕਤ ਕਿਸਾਨ ਮੋਰਚਾ-ਉੱਤਰ ਪ੍ਰਦੇਸ਼ ਦੀ ਮੀਟਿੰਗ ਵਿੱਚ ਮਿਸ਼ਨ ਦੀ ਤਫ਼ਸੀਲੀ ਯੋਜਨਾ ਅਤੇ ਪ੍ਰੋਗਰਾਮ ਤਿਆਰ ਕਰਨ ਮਗਰੋਂ ਕਿਸਾਨ ਪੂਰੀ ਤਰ੍ਹਾਂ ਸਰਗਰਮ ਹਨ| ਮੀਟਿੰਗ ਵਿੱਚ ਯੂਪੀ ਦੀਆਂ 85 ਕਿਸਾਨ ਯੂਨੀਅਨਾਂ ਇਕੱਠੀਆਂ ਹੋਈਆਂ ਸਨ| ਆਗੂਆਂ ਮੁਤਾਬਕ ਕਿਸਾਨ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਦ੍ਰਿੜ ਹਨ| ਸੰਯੁਕਤ ਕਿਸਾਨ ਮੋਰਚਾ ਮੋਰਚੇ ਨੇ ਕਿਹਾ ਕਿ ਭਾਰਤ ਬੰਦ ਅਤੇ ਮਿਸ਼ਨ ਉੱਤਰ ਪ੍ਰਦੇਸ਼ ਲਈ ਹਰੇਕ ਪੱਧਰ &rsquoਤੇ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ| ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ 27 ਸਤੰਬਰ ਨੂੰ ਭਾਰਤ ਬੰਦ ਦੀ ਯੋਜਨਾ ਬਣਾਉਣ ਲਈ ਉੱਤਰ ਪ੍ਰਦੇਸ਼ ਦੇ ਹਰ ਜ਼ਿਲ੍ਹੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ| ਮੋਰਚੇ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਵਿੱਚ ਖੇਤੀ ਅੰਦੋਲਨ ਦੀ ਸਫਲਤਾ ਤੋਂ ਬਾਅਦ ਇਹ ਅੰਦੋਲਨ ਸੂਬੇ ਦੇ ਪੂਰਬੀ ਹਿੱਸੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਕਿਸਾਨ ਆਗਾਮੀ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਦ੍ਰਿੜ ਹਨ| 
ਕਿਸਾਨ ਆਗੂਆਂ ਨੇ ਹਿਮਾਚਲ ਪ੍ਰਦੇਸ਼ ਵਿੱਚ ਸੇਬ ਉਤਪਾਦਕ ਕਿਸਾਨਾਂ ਨੇ ਸੇਬਾਂ ਦੇ ਲਾਹੇਵੰਦ ਭਾਅ ਦੀ ਮੰਗ ਅਤੇ ਕਾਰਪੋਰੇਟਾਂ ਦੁਆਰਾ ਕੀਤੀ ਜਾ ਖੁੱਲ੍ਹੀ ਲੁੱਟ ਰੋਕਣੀ ਯਕੀਨੀ ਬਣਾਉਣ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਉਦਾਸੀਨਤਾ ਦਾ ਵਿਰੋਧ ਕੀਤਾ ਹੈ| ਇਸ ਤੋਂ ਜਾਪਦਾ ਹੈ ਕਿ ਕਿਸਾਨ ਅੰਦਲਨ ਹਿਮਾਚਲ ਵਿਚ ਭਾਜਪਾ ਲਈ ਵਡੀ ਚੁਣੌਤੀ ਬਣੇਗਾ| ਹਰ ਸੂਬੇ ਵਿੱਚ ਭਾਜਪਾ ਆਪਾਧਾਪੀ ਦੀ ਸ਼ਿਕਾਰ ਹੈ ਖਾਸ ਕਰ ਉੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ| ਇੱਕ ਪਾਸੇ ਸੂਬਾਈ ਆਗੂਆਂ ਉੱਪਰ ਢਿੱਲੀ ਪੈ ਚੁੱਕੀ ਪਕੜ ਤੇ ਦੂਜੇ ਪਾਸੇ ਖੁਰ ਰਹੇ ਆਧਾਰ ਤੋਂ ਪੈਦਾ ਹੋਏ ਸੱਤਾ ਖੁੱਸਣ ਦੇ ਡਰ ਨੇ ਮੋਦੀ-ਸ਼ਾਹ ਨੂੰ ਪਰੇਸ਼ਾਨ ਕੀਤਾ ਹੋਇਆ ਹੈ| ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਮੋਦੀ-ਸ਼ਾਹ ਦੀ ਪਰਵਾਹ ਨਹੀਂ ਕਰ ਰਿਹਾ| ਪੱਛਮੀ ਬੰਗਾਲ ਹਾਰਨ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਚਾਹੁੰਦੀ ਸੀ ਕਿ ਯੋਗੀ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹ ਕੇ ਆਪਣੇ ਕਿਸੇ ਵਿਸ਼ਵਾਸ ਯੋਗ ਨੂੰ ਦਿੱਤੀ ਜਾਵੇ| ਇਸ ਮਕਸਦ ਲਈ ਸਾਬਕਾ ਅਧਿਕਾਰੀ ਅਰਵਿੰਦ ਸ਼ਰਮਾ ਨੂੰ ਸੂਬਾ ਪਾਰਟੀ ਦਾ ਉਪ ਪ੍ਰਧਾਨ ਬਣਾ ਕੇ ਭੇਜਿਆ ਗਿਆ ਤਾਂ ਕਿ ਪਹਿਲਾਂ ਉਸ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਠਾ ਕੇ ਯੋਗੀ ਦਾ ਨਮਦਾ ਕਸਿਆ ਜਾ ਸਕੇ ਤੇ ਮੁੜ ਸਾਜ਼ਗਾਰ ਮਾਹੌਲ ਬਣਾ ਕੇ ਉਸ ਨੂੰ ਵਿਧਾਨ ਸਭਾ ਚੋਣਾਂ ਦੀ ਕਮਾਨ ਸੌਂਪ ਦਿੱਤੀ ਜਾਵੇ ਪਰ ਯੋਗੀ ਨੇ ਉਸ ਨੂੰ ਉਪ ਮੁੱਖ ਮੰਤਰੀ ਤਾਂ ਕੀ ਮੰਤਰੀ ਬਣਾਉਣ ਤੋਂ ਵੀ ਇਨਕਾਰ ਕਰ ਦਿੱਤਾ| ਯੋਗੀ ਨੇ ਕੇਂਦਰੀ ਲੀਡਰਸ਼ਿਪ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਕਿ  ਯੂਪੀ ਵਿਚ ਦਖਲ ਅੰਦਾਜੀ ਨਾ ਕਰੋ|ਅਗਲੀਆਂ ਚੋਣਾਂ ਉਸ ਦੀ ਅਗਵਾਈ ਵਿੱਚ ਹੀ  ਹੋਣਗੀਆਂ| ਯੋਗੀ ਨੇ ਐਤਵਾਰ ਨੂੰ ਖੁਸ਼ੀਨਗਰ ਚ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਲੋਕਾਂ ਨੂੰ 2017 ਤੋਂ ਪਹਿਲਾਂ ਹੁਣ ਵਾਂਗ ਰਾਸ਼ਨ ਨਹੀਂ ਮਿਲ ਰਿਹਾ ਸੀ ਕਿਉਂਕਿ ਅੱਬਾ ਜਾਨ ਕਹਿਣ ਵਾਲੇ ਲੋਕ ਸਾਰਾ ਰਾਸ਼ਨ ਖਾ ਜਾਂਦੇ ਸਨ| ਮੁੱਖ ਮੰਤਰੀ ਦੀ ਟਿੱਪਣੀ ਮੁਸਲਮਾਨਾਂ ਵਿਰੁੱਧ&rsquo ਫਿਰਕੂ ਹਮਲਾ ਸੀ| ਇਸ ਉਪਰ ਪ੍ਰਤੀਕਿਰਿਆ ਦਿੰਦਿਆਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਨੇ ਟਵੀਟ ਕੀਤਾ ਮੈਂ ਹਮੇਸ਼ਾ ਤੋਂ ਇਹ ਮੰਨਦਾ ਰਿਹਾ ਹਾਂ ਕਿ ਭਾਜਪਾ ਦਾ ਫਿਰਕਾਪ੍ਰਸਤੀ ਤੇ ਨਫ਼ਰਤ ਤੋਂ ਇਲਾਵਾ ਕਿਸੇ ਹੋਰ ਏਜੰਡੇ ਤੇ ਚੋਣ ਲੜਨ ਦਾ ਇਰਾਦਾ ਨਹੀਂ ਹੈ ਅਤੇ ਉਸ ਦਾ ਜ਼ਹਿਰ ਮੁਸਲਮਾਨਾਂ ਦੇ ਖ਼ਿਲਾਫ਼ ਹੁੰਦਾ ਹੈ| ਇੱਥੇ ਇੱਕ ਮੁੱਖ ਮੰਤਰੀ ਹੈ ਜੋ ਦੁਬਾਰਾ ਇਹ ਕਹਿ ਕੇ ਚੋਣ ਜਿੱਤਣਾ ਚਾਹੁੰਦਾ ਹੈ ਕਿ ਮੁਸਲਮਾਨਾਂ ਨੇ ਹਿੰਦੂਆਂ ਦੇ ਹਿੱਸੇ ਦਾ ਸਾਰਾ ਰਾਸ਼ਨ ਖਾ ਲਿਆ|
ਸਮਾਜਵਾਦੀ ਪਾਰਟੀ ਦੇ ਵਿਧਾਨ ਪ੍ਰੀਸ਼ਦ ਮੈਂਬਰ ਆਸ਼ੂਤੋਸ਼ ਸਿਨਹਾ ਨੇ ਕਿਹਾ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਅਸੱਭਿਅਕ ਭਾਸ਼ਾ ਸੋਭਾ ਨਹੀਂ ਦਿੰਦੀ ਅਤੇ ਇਸ ਤੋਂ ਝਲਕਦਾ ਹੈ ਕਿ ਉਹ ਘੱਟ ਪੜ੍ਹੇ-ਲਿਖੇ ਹਨ| ਅਜਿਹਾ ਇਸ ਕਰਕੇ ਹੈ ਕਿਉਂਕਿ ਜਿਹੜੇ ਪੜ੍ਹੇ-ਲਿਖੇ ਹਨ ਉਹ ਢੁੱਕਵੀਂ ਅਤੇ ਸਨਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹਨ| ਸੰਵਿਧਾਨਕ ਅਹੁਦੇ ਤੇ ਬੈਠੇ ਵਿਅਕਤੀ ਨੂੰ ਅਜਿਹੀ ਫਿਰਕੂ ਭਾਸ਼ਾ ਤੋਂ ਬਚਣਾ ਚਾਹੀਦਾ| ਦੂਜੇ ਪਾਸੇ ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਤਰਜਮਾਨ ਅਸ਼ੋਕ ਸਿੰਘ ਨੇ ਯੋਗੀ ਦੀ ਟਿੱਪਣੀ ਬਾਰੇ ਕਿਹਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਵਰਤੀ ਜਾਂਦੀ ਭਾਸ਼ਾ ਅਸਲ ਵਿੱਚ ਜਮਹੂਰੀਅਤ ਤੇ ਕਲੰਕ ਲਾਉਂਦੀ ਹੈ ਅਤ ਇਸ ਦਾ ਮਕਸਦ ਸਮਾਜ ਨੂੰ ਵੰਡਣਾ ਹੈ| ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਕੀਤੀ ਅੱਬਾ ਜਾਨ ਵਾਲੀ ਵਿਵਾਦਤ ਟਿੱਪਣੀ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਬਿਹਾਰ ਦੀ ਇੱਕ ਅਦਾਲਤ ਚ ਪਟੀਸ਼ਨ ਦਾਇਰ ਕੀਤੀ ਗਈ ਹੈ| ਸਥਾਨਕ ਸਮਾਜ ਸੇਵੀ ਕਾਰਕੁਨ ਤਮੰਨਾ ਹਾਸ਼ਮੀ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਮੁਜ਼ੱਫਰਪੁਰ ਦੀ ਅਦਾਲਤ ਚ ਦਾਇਰ ਪਟੀਸ਼ਨ ਚ ਕਥਿਤ ਦੋਸ਼ ਲਾਇਆ ਕਿ ਭਾਜਪਾ ਨੇਤਾ ਨੇ ਉਕਤ ਟਿੱਪਣੀ ਰਾਹੀਂ ਮੁਸਲਿਮ ਲੋਕਾਂ ਦੀ ਤੌਹੀਨ ਕੀਤੀ ਹੈ| ਯੂ ਪੀ ਦੇ ਨਾਲ ਲੱਗਦੇ ਉਤਰਾਖੰਡ ਵਿੱਚ ਪਾਰਟੀ ਕਿੰਨੇ ਖੇਮਿਆਂ ਵਿੱਚ ਵੰਡੀ ਹੋਈ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਪਿਛਲੇ ਚਾਰ ਸਾਲਾਂ ਵਿੱਚ ਤਿੰਨ ਮੁੱਖ ਮੰਤਰੀ ਬਦਲ ਚੁੱਕੀ ਹੈ| ਨਵੇਂ ਬਣਾਏ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਿਰੁੱਧ ਵਿਧਾਇਕਾਂ ਵਿੱਚ ਏਨੀ ਨਰਾਜ਼ਗੀ ਹੈ ਕਿ ਪਾਰਟੀ ਨੂੰ ਐਲਾਨ ਕਰਨਾ ਪਿਆ ਹੈ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਹੋਰ ਯੋਗ ਲੀਡਰ ਦਿੱਤਾ ਜਾਵੇਗਾ| ਭਾਜਪਾ ਦੇ ਸਭ ਤੋਂ ਮਜ਼ਬੂਤ ਗੜ੍ਹ  ਗੁਜਰਾਤ ਵਿੱਚ ਹੋਏ ਰਾਜ ਪਲਟੇ ਨੇ ਦੱਸ ਦਿੱਤਾ ਹੈ ਕਿ ਉੱਥੇ ਵੀ ਭਾਜਪਾ ਕਮਜੋਰ ਪਈ ਹੈ| ਜਦ ਕਿ ਗੁਜਰਾਤ ਵਿੱਚ ਦਸੰਬਰ 2022 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ| ਪਿਛਲੀਆਂ ਚੋਣਾਂ ਵਿੱਚ ਭਾਜਪਾ ਮਸਾਂ ਹੀ ਸੱਤਾ ਉੱਤੇ ਪੁੱਜੀ ਸੀ| ਇਸ ਵਾਰ ਉਸਦੀ ਹਾਲਤ ਹੋਰ ਵੀ ਖਰਾਬ  ਹੈ| ਭਾਜਪਾ ਤੇ ਸੰਘ ਵੱਲੋਂ ਕਰਾਏ ਇੱਕ ਗੁਪਤ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਅੱਜ ਚੋਣਾਂ ਹੋ ਜਾਣ ਤਾਂ ਕਾਂਗਰਸ 43 ਫੀਸਦੀ ਵੋਟਾਂ ਨਾਲ 96 ਤੋਂ 100 ਤੇ ਭਾਜਪਾ 38 ਫ਼ੀਸਦੀ ਵੋਟਾਂ ਨਾਲ 80 ਤੋਂ 84 ਸੀਟਾਂ ਜਿੱਤੇਗੀ| ਇਸੇ ਡਰ ਕਾਰਨ ਹੀ ਵਿਜੇ ਰੁਪਾਨੀ ਦੇ ਹੇਠੋਂ ਕੁਰਸੀ ਖਿਸਕਾ ਕੇ ਪਹਿਲੀ ਵਾਰ ਵਿਧਾਇਕ ਬਣੇ ਭੁਪਿੰਦਰ ਪਟੇਲ ਨੂੰ ਉਸ ਉੱਤੇ ਬਿਠਾ ਦਿੱਤਾ ਗਿਆ ਹੈ| ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਇਸ ਕੁਰਸੀ ਯੁੱਧ ਵਿੱਚ ਅਨੰਦੀਬੇਨ ਪਟੇਲ ਨੇ ਅਮਿਤ ਸ਼ਾਹ ਨੂੰ ਚਿੱਤ ਕਰ ਦਿੱਤਾ ਹੈ| ਨਵਾਂ ਮੁੱਖ ਮੰਤਰੀ ਭੁਪਿੰਦਰ ਪਟੇਲ ਅਨੰਦੀਬੇਨ ਪਟੇਲ ਦਾ ਭਰੋਸੇਮੰਦ ਹੈ ਤੇ ਗੱਦੀਓਂਂ ਲੱਥਾ ਵਿਜੇ ਰੁਪਾਨੀ ਬਾਣੀਆ ਅਮਿਤ ਸ਼ਾਹ ਦਾ ਜੋਟੀਦਾਰ ਸੀ| ਕਰਨਾਟਕ ਵਿੱਚ ਲੰਮੀ ਜੱਦੋਜਹਿਦ ਤੋਂ ਬਾਅਦ ਯੇਦੀਯੁਰੱਪਾ ਨੂੰ ਅਸਤੀਫ਼ਾ ਦੇਣ ਲਈ ਮਨਾਇਆ ਗਿਆ ਸੀ| ਨਵੇਂ ਮੁੱਖ ਮੰਤਰੀ ਬਾਸਵਰਾਜ ਬੋਮਈ ਵਿਰੁੱਧ ਮੰਤਰੀ ਬਣਨੋਂ ਰਹਿ ਗਏ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ| ਯੇਦੀਯੁਰੱਪਾ ਦੇ ਬੇਟੇ ਨੂੰ ਮੰਤਰੀ ਨਾ ਬਣਾਉਣ ਤੋਂ ਉਸ ਦੇ ਸਮੱਰਥਕ ਨਰਾਜ਼ ਹਨ| ਮੱਧ ਪ੍ਰਦੇਸ਼ ਵਿੱਚ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਵੀ ਮੋਦੀ-ਸ਼ਾਹ ਜੋੜੀ ਦੀ ਪਸੰਦ ਨਹੀਂ ਹਨ| ਉਸ ਵਿਰੁੱਧ ਚਾਲਾਂ ਚੱਲਣ ਲਈ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੈ ਵਰਗੀਆ ਨੂੰ ਲਾਇਆ ਹੋਇਆ ਹੈ| ਹੁਣ ਕਾਂਗਰਸ ਛੱਡ ਕੇ ਆਏ ਜਿਉਤਿਰਦਿਤਿਆ ਸਿੰਧੀਆ ਨੇ ਆਪਣਾ ਧੜਾ ਬਣਾ ਲਿਆ ਹੈ| ਕੇਂਦਰੀ ਮੰਤਰੀ ਬਣਨ ਨਾਲ ਉਸ ਦੀ ਪੁੱਛਗਿੱਛ ਵਧ ਗਈ ਹੈ| ਇਹ ਚਰਚਾ ਹੈ ਕਿ ਸ਼ਿਵਰਾਜ ਚੌਹਾਨ ਨੂੰ ਚਾਰੇ ਪਾਸਿਓਾ ਘੇਰ ਕੇ ਕੇਂਦਰ ਵਿੱਚ ਆਉਣ ਲਈ ਮਜਬੂਰ ਕੀਤਾ ਜਾਵੇਗਾ| ਹਰਿਆਣੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਵਿਚਾਲੇ ਅਣਬਣ ਹੈ| ਤ੍ਰਿਪੁਰਾ ਵਿੱਚ ਮੁੱਖ ਮੰਤਰੀ ਬਿਪਲਵ ਦੇਵ ਵੱਲੋਂ ਨਵੇਂ ਮੰਤਰੀਆਂ ਨੂੰ ਸਹੁੰ ਦਿਵਾਉਣ ਲਈ ਰੱਖੇ ਸਮਾਗਮ ਵਿੱਚ ਪੰਜ ਬਾਗੀ ਵਿਧਾਇਕ ਸ਼ਾਮਲ ਨਹੀਂ ਹੋਏ ਤੇ ਉਨ੍ਹਾਂ ਵੱਖਰੀ ਮੀਟਿੰਗ ਕੀਤੀ| ਪੱਛਮੀ ਬੰਗਾਲ ਵਿੱਚ ਤਾਂ ਭਾਜਪਾ ਆਗੂਆਂ ਦਾ ਟੀ ਐੱਮ ਸੀ ਵਿੱਚ ਸ਼ਾਮਲ ਹੋਣ ਲਈ ਤਾਂਤਾ ਲੱਗਾ ਹੋਇਆ ਹੈ| ਇਸ ਮਹੀਨੇ ਅੰਦਰ ਹੀ ਤਿੰਨ ਭਾਜਪਾ ਵਿਧਾਇਕ ਤ੍ਰਿਣਮੂਲ ਕਾਂਗਰਸ ਦਾ ਹੱਥ ਫੜ ਚੁੱਕੇ ਹਨ| ਮਮਤਾ ਬੈਨਰਜੀ ਅਗੇ ਭਾਜਪਾ ਫੇਲ ਹੈ| ਛੱਤੀਸਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਤੇ ਸਾਬਕਾ ਮੰਤਰੀ ਬ੍ਰਿਜਮੋਹਨ ਅਗਰਵਾਲ ਦੇ ਖੇਮਿਆਂ ਵਿੱਚ ਪਾਰਟੀ ਵੰਡੀ ਹੋਈ ਹੈ| ਅਗਰਵਾਲ ਨੂੰ ਕੇਂਦਰੀ ਆਗੂਆਂ ਤੋਂ ਥਾਪੀ ਮਿਲੀ ਹੋਈ ਹੈ| ਝਾਰਖੰਡ ਵਚ ਪਾਰਟੀ ਪ੍ਰਦੇਸ਼ ਪ੍ਰਧਾਨ ਤੇ 3 ਸਾਬਕਾ ਮੁੱਖ ਮੰਤਰੀਆਂ ਦੇ ਗੁੱਟਾਂ ਵਿੱਚ ਵੰਡੀ ਹੋਈ ਹੈ| ਰਾਜਸਥਾਨ ਵਿੱਚ ਵਸੁੰਧਰਾ ਰਾਜੇ ਮੋਦੀ-ਸ਼ਾਹ ਜੋੜੀ ਨੂੰ ਟਿੱਚ ਸਮਝਦੀ ਹੋਈ ਆਪਣੀ ਵੱਖਰੀ ਜਥੇਬੰਦੀ ਚਲਾ ਰਹੀ ਹੈ| ਮਹਾਰਾਸ਼ਟਰ ਵਿੱਚ ਪਾਰਟੀ ਸਾਬਕਾ ਮੁੱਖ ਮੰਤਰੀ ਦਵੇਂਦਰ ਫੜਨਵੀਸ ਤੇ ਪ੍ਰਦੇਸ਼ ਪ੍ਰਧਾਨ ਚੰਦਰਕਾਂਤ ਪਾਟਿਲ ਦੇ ਧੜਿਆਂ ਵਿੱਚ ਵੰਡੀ ਹੋਈ ਸੀ ਹੁਣ ਨਰਾਇਣ ਰਾਣੇ ਦੇ ਕੇਂਦਰੀ ਮੰਤਰੀ ਬਣਨ ਦੇ ਬਾਅਦ ਇੱਕ ਤੀਜਾ ਧੜਾ ਖੜ੍ਹਾ ਹੋ ਗਿਆ ਹੈ| ਇੱਕ ਸਮਾਂ ਸੀ ਜਦੋਂ ਰਾਜਾਂ ਵਿੱਚ ਕਾਂਗਰਸੀ ਆਗੂਆਂ ਦੀ ਖਿੱਚੋਤਾਣ ਬਾਰੇ ਕਿਹਾ ਜਾਂਦਾ ਸੀ ਕਿ ਕੇਂਦਰੀ ਲੀਡਰਸ਼ਿਪ ਦੀ ਪਾਰਟੀ ਉੱਤੇ ਪਕੜ ਨਹੀਂ ਰਹੀ ਹੁਣ ਲੱਗਦਾ ਹੈ ਕਿ ਭਾਜਪਾ ਦਾ ਹਾਲ ਉਸ ਤੋਂ ਵੀ ਬੁਰਾ ਹੋ ਚੁੱਕਾ ਹੈ|

-ਰਜਿੰਦਰ ਸਿੰਘ ਪੁਰੇਵਾਲ