image caption:

ਗਾਖਲ ਗਰੁੱਪ ਸੁਰਜੀਤ ਹਾਕੀ ਲੀਗ  8 ਅਕਤੂਬਰ ਤੋਂ

   ਜਲੰਧਰ ਦੇਸ਼ ਦੀ ਨਾਮਿ ਸੰਸਥਾ ਸੁਰਜੀਤ ਹਾਕੀ ਸੁਸਾਇਟੀ ਅਤੇ ਅਕੈਡਮੀ  ਵੱਲੋਂ ਕਰਵਾਈ ਜਾ ਰਹੀ  ਗਾਖਲ ਗਰੁੱਪ ਸੁਰਜੀਤ ਹਾਕੀ ਲੀਗ  (ਸੀਜ਼ਨ -1) ਅੱਜ ਤੋਂ ਸਥਾਨਕ ਲਾਇਲਪੁਰ ਖਾਲਸਾ ਕਾਲਜ ਦੇ ਐਸਟਰੋਟਰਫ ਹਾਕੀ ਮੈਦਾਨ ਵਿੱਚ ਸ਼ੁਰੂ ਹੋ ਰਹੀ ਹੈ ।

ਜਲੰਧਰ ਦੇ ਡਿਪਟੀ ਕਮਿਸ਼ਨਰ  ਘਣਸ਼ਿਆਮ ਥੋਰੀ, ਆਈ.ਏ.ਐਸ. ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਦੇ  ਅਨੁਸਾਰ  ਇਹ ਦੋ ਦਿਨਾਂ ਸਿਕਸ-ਏ-ਸਾਈਡ ਲੀਗ ਜੂਨੀਅਰ, ਸਬ ਜੂਨੀਅਰ ਅਤੇ ਛੋਟੇ ਬੱਚਿਆਂ ਦੇ ਵਰਗਾਂ ਵਿੱਚ ਹਾਕੀ ਨੂੰ ਉਤਸ਼ਾਹਤ ਕਰਨ ਲਈ ਆਯੋਜਿਤ ਕੀਤੀ ਜਾ ਰਹੀ ਹੈ।   ਤਿੰਨੇ ਉਮਰ ਵਰਗਾਂ ਵਿਚ ਕੁੱਲ  26 ਮੈਚ ਖੇਡੇ ਜਾਣਗੇ ।  ਪ੍ਰਸਿੱਧ ਖੇਡ ਪ੍ਰਮੋਟਰ ਅਤੇ ਐਨ.ਆਰ.ਆਈ ਅਮੋਲਕ ਸਿੰਘ ਗਾਖਲ, ਚੇਅਰਮੈਨ, ਗਾਖਲ ਗਰੁੱਪ (ਯੂ.ਐਸ.ਏ.) ਇਸ ਲੀਗ ਦੇ ਮੁੱਖ ਸਪਾਂਸਰ ਹੋਣਗੇ ।

ਸੁਰਜੀਤ ਹਾਕੀ ਲੀਗ ਦੇ ਪ੍ਰਬੰਧਕੀ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਇਸ ਲੀਗ ਵਿਚ  ਕੁੱਲ 18 ਟੀਮਾਂ ਹਿੱਸਾ ਲੈਣਗੀਆਂ  ਅਤੇ ਜੂਨੀਅਰ ਗਰੁੱਪ ਦੇ  ਪੂਲ-ਏ ਵਿੱਚ ਰਕਸ਼ਕ-ਇਲੈਵਨ, ਜੇ.ਪੀ.ਜੀ.ਏ. ਫਾਰਮਰਜ਼, ਟਾਇਕਾ ਸਪੋਰਟਸ, ਗਾਖਲ ਬ੍ਰਦਰਜ਼ (ਯੂ.ਐਸ.ਏ.),  ਪੂਲ-ਬੀ ਵਿੱਚ ਰਾਇਲ ਇਨਫਰਾ, ਜੋਨੇਕਸ ਸਪੋਰਟਸ, ਅਲਫਾ ਹਾਕੀ, ਕੈਲੀਫੋਰਨੀਆ ਈਗਲਜ਼ (ਯੂ.ਐਸ.ਏ.) ਹਨ। ਲੀਗ ਦੇ ਸਬ ਜੂਨੀਅਰ ਗਰੁੱਪ ਦੇ ਪੂਲ-ਏ ਵਿੱਚ- ਪੁਖਰਾਜ ਹੈਲਥ ਕੇਅਰ, ਟ੍ਰੇਸਰ ਸ਼ੂਜ਼, ਬਲੈਕ ਪੈਂਥਰ ਜਦੋਂ ਕਿ ਪੂਲ-ਬੀ ਵਿੱਚ ਸ਼ਰੇ ਸ਼ੇਰੇ ਸਪੋਰਟਸ, ਕੌਂਟੀਨੈਂਟਲ ਹੋਟਲ ਅਤੇ ਫਲੈਸ਼ ਹਾਕੀ ਟੀਮਾਂ ਅਤੇ ਕਿਡਜ਼ ਗਰੁੱਪ ਦੀਆਂ ਟੀਮਾਂ ਮਿਲਵਾਕੀ ਵੁਲਵਜ਼, ਟੁੱਟ ਬ੍ਰਦਰਜ਼ (ਯੂ.ਐਸ.ਏ.), ਹੰਸ ਰਾਜ ਐਂਡ ਸੰਨਜ਼ ਅਤੇ ਏ.ਜੀ.ਆਈ. ਇਨਫਰਾ ਹਿੱਸਾ ਲੈ ਰਹੀਆਂ ਹਨ।

ਸੰਧੂ ਨੇ ਅੱਗੇ ਦੱਸਿਆ ਕਿ ਸਾਰੀਆਂ ਟੀਮਾਂ ਲੜਕੇ ਤੇ ਲੜਕੀਆਂ ਰਲਕੇ ਖੇਡਣਗੀਆਂ ਅਤੇ ਹਰੇਕ ਖਿਡਾਰੀ/ਅਧਿਕਾਰੀ ਨੂੰ ਪੂਰੀ ਖੇਡਣ ਵਾਲੀ ਕਿੱਟ, 2 ਸਮੇਂ ਦਾ ਖਾਣਾ ਤੇ ਡਾਇਟ ਲੀਗ ਵੱਲੋਂ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ।  ਇਸ਼ ਮੈਚ  ਸਵੇਰੇ 7:30 ਵਜੇ ਤੋਂ ਸ਼ਾਮ ਤੱਕ ਖੇਡੇ ਜਾਣਗੇ ।  ਦਿਨ ਦਾ ਉਦਘਾਟਨੀ ਮੈਚ ਰਕਸ਼ਕ-ਇਲੈਵਨ ਅਤੇ ਜੇ.ਪੀ.ਜੀ.ਏ. ਫਾਰਮਰਜ਼ ਵਿਚਕਾਰ ਸਵੇਰੇ 730 ਵਜੇ ਖੇਡਿਆ ਜਾਵੇਗਾ।