image caption:

ਭਾਰਤ-ਅਮਰੀਕਾ ਤੇ ਕੁਐਡ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਲਈ ਉੱਚ ਅਧਿਕਾਰੀ ਕੰਮ ਕਰਨਗੇ-ਵਾਈਟ ਹਾਊਸ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਕੁਐਡ ਦੇ ਆਸਟ੍ਰੇਲੀਆ ਤੇ ਜਪਾਨ ਦੇ ਆਗੂਆਂ ਵਿਚਾਲੇ ਹੋਈ ਮੀਟਿੰਗ ਵਿਚ ਤੈਅ ਕੀਤੀ ਕਾਰਜ ਪ੍ਰਣਾਲੀ ਅਨੁਸਾਰ ਸਹਿਯੋਗ ਵਧਾਉਣ ਲਈ ਉੱਚ ਪੱਧਰ ਦੇ ਅਧਿਕਾਰੀ ਕੰਮ ਕਰਨਗੇ। ਪ੍ਰੈਸ ਸਕੱਤਰ ਨੇ ਕਿਹਾ ਕਿ 'ਇਸ ਵੇਲੇ ਸਾਡਾ ਧਿਆਨ ਉੱਚ ਪੱਧਰ ਦੇ ਵਾਰਤਾਕਾਰਾਂ ਰਾਹੀਂ ਕੰਮ ਨੂੰ ਜਾਰੀ ਰਖਣ ਵੱਲ ਹੈ। ਇਹ ਵਾਰਤਾਕਾਰ ਵਿਦੇਸ਼ ਮੰਤਰੀ, ਵਿਦੇਸ਼ ਵਿਭਾਗ ਜਾਂ ਸਾਡੀ ਕੌਮੀ ਸੁਰੱਖਿਆ ਟੀਮ ਵਿਚੋਂ ਹੋ ਸਕਦੇ ਹਨ। ਇਹ ਵਾਰਤਕਾਰ ਆਰਥਕ ਸੁਰੱਖਿਆ, ਕੌਮੀ ਸੁਰੱਖਿਆ, ਕੋਵਿਡ ਉਪਰ ਕਾਬੂ ਪਾਉਣ ਸਮੇਤ ਹੋਰ ਮੁੱਦਿਆਂ ਉਪਰ ਗੱਲਬਾਤ ਨੂੰ ਕਿਸ ਤਰਾਂ ਅੱਗੇ ਜਾਰੀ ਰਖਿਆ ਜਾ ਸਕਦਾ ਹੈ, ਬਾਰੇ ਕੰਮ ਕਰਨਗੇ।' ਵਾਈਟ ਹਾਊਸ ਵਿਚ ਰੋਜਾਨਾ ਦੀ ਗੱਲਬਾਤ ਦੌਰਾਨ ਭਾਰਤ ਤੇ ਅਮਰੀਕਾ ਦੇ ਅਧਿਕਾਰੀਆਂ ਵਿਚਾਲੇ ਹੋਈਆਂ ਮੀਟਿੰਗਾਂ ਤੇ ਹੋਣ ਵਾਲੀਆਂ ਮੀਟਿੰਗਾਂ ਸਬੰਧੀ ਪੁੱਛੇ ਇਕ ਪ੍ਰਸ਼ਨ ਦੇ ਉਤਰ ਵਿਚ ਜੇਨ ਪਸਾਕੀ ਨੇ ਕਿਹਾ ਕਿ ਦੁਪਾਸੜ ਮੀਟਿੰਗ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਤੇ ਤਤਕਾਲ ਜਪਾਨੀ ਆਗੂ ਯੋਸ਼ਿਹਿਡੇ ਸੂਗਾ ਨਾਲ ਹੋਇਆ ਕੁਐਡ ਸੰਮੇਲਨ ਆਪਸੀ ਰਿਸ਼ਤਿਆਂ ਤੇ ਭਾਈਵਾਲੀ ਬਾਰੇ ਵਿਚਾਰ ਵਟਾਂਦਾਰਾ ਕਰਨ ਦਾ ਅਵਸਰ ਸੀ ਤੇ ਇਸ ਨੂੰ ਅੱਗੇ ਲਿਜਾਣ ਲਈ ਕੰੰਮ ਕੀਤਾ ਜਾਵੇਗਾ। ਪ੍ਰੈਸ ਸਕੱਤਰ ਨੇ ਕਿਹਾ ਕਿ ਹੇਠਲੇ ਪੱਧਰ ਉਪਰ ਵੀ ਕੰਮ ਜਾਰੀ ਰਖਿਆ ਜਾਵੇਗਾ ਪਰ ਆਉਣ ਵਾਲੇ ਹਫਤਿਆਂ ਤੇ ਮਹੀਨਿਆਂ ਦੌਰਾਨ ਗੱਲਬਾਤ ਉੱਚ ਪੱਧਰ 'ਤੇ ਹੋਵੇਗੀ। ਇਸੇ ਦੌਰਾਨ ਪੈਂਟਾਗਨ ਨੇ ਕਿਹਾ ਹੈ ਕਿ ਭਾਰਤ ਦੇ ਰਖਿਆ ਸਕੱਤਰ ਅਜੇ ਕੁਮਾਰ ਤੇ ਅਮਰੀਕਾ ਦੇ ਰਖਿਆ ਨੀਤੀ ਬਾਰੇ ਅੰਡਰ ਸਕੱਤਰ ਕੋਲਿਨ ਕਾਹਲ ਵਿਚਾਲੇ 8 ਅਕਤੂਬਰ ਨੂੰ ਮੀਟਿੰਗ ਹੋਈ ਸੀ ਜਿਸ ਵਿਚ ਦੁਪਾਸੜ ਤਰਜੀਹਾਂ ਤੇ ਭਾਰਤੀ ਪ੍ਰਸ਼ਾਂਤ ਮਹਾਸਾਗਰ ਖੇਤਰ ਵਿਚ ਹੋਰ ਦੇਸ਼ਾਂ ਨਾਲ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਤੋਂ ਇਲਾਵਾ ਡਿਪਟੀ ਵਿਦੇਸ਼ ਸਕੱਤਰ ਵੈਂਡੀ ਸ਼ਰਮਨ ਨੇ 6 ਅਕਤੂਬਰ ਨੂੰ ਨਵੀਂ ਦਿੱਲੀ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼ਰਿੰਗਲਾ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦੌਰਾਨ ਦੋਨਾਂ ਦੇਸ਼ਾਂ ਵਿਚਾਲੇ ਸੁਰੱਖਿਆ ਤੇ ਵਪਾਰ ਖੇਤਰ ਵਿਚ ਵਧ ਰਹੇ ਸਹਿਯੋਗ ਤੇ ਕੋਵਿਡ ਵੈਕਸੀਨ ਸਬੰਧੀ ਮੁੱਦਿਆਂ ਉਪਰ ਚਰਚਾ ਹੋਈ ਸੀ।