image caption:

ਆਪਣੀ ਕੋਵਿਡ-19 ਵੈਕਸੀਨ ਦੀ ਰੈਸਿਪੀ ਸਾਂਝੀ ਕਰਨ ਲਈ ਤਿਆਰ ਨਹੀਂ ਮੌਡਰਨਾ

ਰੋਮ- ਆਪਣੀ ਕੋਵਿਡ-19 ਵੈਕਸੀਨ ਦੀ ਰੈਸਿਪੀ ਕਿਸੇ ਹੋਰ ਨਾਲ ਸਾਂਝਾ ਕਰਨ ਦਾ ਮੌਡਰਨਾ ਦਾ ਕੋਈ ਇਰਾਦਾ ਨਹੀਂ ਹੈ। ਕੰਪਨੀ ਦੇ ਐਗਜ਼ੈਕਟਿਵਜ਼ ਦਾ ਮੰਨਣਾ ਹੈ ਕਿ ਆਪਣੀ ਵੈਕਸੀਨ ਦੇ ਉਤਪਾਦਨ ਵਿੱਚ ਵਾਧਾ ਕਰਕੇ ਇਸ ਦੀ ਗਲੋਬਲ ਸਪਲਾਈ ਵੀ ਆਪ ਹੀ ਕਰਨ ਵਿੱਚ ਅਕਲਮੰਦੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਕੰਪਨੀ ਦੇ ਚੇਅਰਮੈਨ ਵੱਲੋਂ ਦਿੱਤੀ ਗਈ।
ਇੱਕ ਇੰਟਰਵਿਊ ਵਿੱਚ ਚੇਅਰਮੈਨ ਨੂਬਰ ਆਫਿਆਨ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਮੌਡਰਨਾ ਉੱਤੇ ਆਪਣਾ ਫੌਰਮੂਲਾ ਸਾਂਝਾ ਕਰਨ ਲਈ ਦਬਾਅ ਪਾਇਆ ਸੀ। ਆਫਿਆਨ ਨੇ ਆਖਿਆ ਕਿ ਕੰਪਨੀ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਸ ਨਤੀਜੇ ਉੱਤੇ ਪਹੁੰਚੀ ਹੈ ਕਿ ਭਾਵੇਂ ਮੈਸੈਂਜਰ ਆਰਐਨਏ ਤਕਨਾਲੋਜੀ ਨੂੰ ਸਾਂਝਾ ਕਰਨ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ ਤੇ 2022 ਵਿੱਚ ਕਈ ਬਿਲੀਅਨ ਵਾਧੂ ਡੋਜ਼ਾਂ ਡਲਿਵਰ ਕੀਤੀਆਂ ਜਾ ਸਕਣਗੀਆਂ ਪਰ ਕੰਪਨੀ ਦਾ ਮੰਨਣਾਂ ਇਹ ਹੈ ਕਿ ਅਗਲੇ ਛੇ ਤੋਂ ਨੌਂ ਮਹੀਨੇ ਤੱਕ ਉਹ ਆਪ ਹੀ ਉੱਚ ਮਿਆਰੀ ਵੈਕਸੀਨ ਤਿਆਰ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਅਸਰਦਾਰ ਰਹਿ ਸਕੇ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਤੇ ਹੋਰਨਾਂ ਏਜੰਸੀਆਂ ਵੱਲੋਂ ਫੌਰਮੂਲਾ ਸਾਂਝਾ ਕਰਨ ਦੀਆਂ ਅਪੀਲਾਂ ਦੇ ਸਬੰਧ ਵਿੱਚ ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਦਬਾਅ ਤੋਂ ਲੱਗਦਾ ਹੈ ਕਿ ਸਾਡੀ ਵੈਕਸੀਨ ਤਿਆਰ ਕਰਨ ਦੀ ਓਨੀ ਸਮਰੱਥਾ ਨਹੀਂ ਹੈ ਪਰ ਅਜਿਹਾ ਨਹੀਂ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੀ ਸਮਰੱਥਾ ਹੈ।ਉਨ੍ਹਾਂ ਆਖਿਆ ਕਿ ਮੌਡਰਨਾਂ ਨੂੰ ਕੋਵਿਡ-19 ਵੈਕਸੀਨ ਤਿਆਰ ਕਰਨ ਲਈ ਪਲੇਟਫਾਰਮ ਤਿਆਰ ਕਰਨ ਵਾਸਤੇ ਦਸ ਸਾਲ ਦਾ ਸਮਾਂ ਤੇ 2·5 ਬਿਲੀਅਨ ਡਾਲਰ ਦਾ ਖਰਚ ਆਇਆ।