image caption: ਕੁਲਵੰਤ ਸਿੰਘ ਢੇਸੀ

ਅਗਰ ਕਿਸ਼ਤੀ ਹੋ ਤੂਫਾਂ ਮੇਂ, ਤੋ ਕਾਮ ਆਤੀ ਹੈਂ ਤਦਬੀਰੇਂ, ਮਗਰ ਕਿਸ਼ਤੀ ਮੇਂ ਤੂਫਾਂ ਹੋ ਤੋ ਮਿਟ ਜਾਤੀ ਹੈਂ ਤਕਦੀਰੇਂ ਅਮਰੀਕਾ ਦਾ ਨਜ਼ਲਾ ਹੁਣ ਪਾਕਿਸਤਾਨ ਤੇ ਡਿਗਣ ਲੱਗਾ

੯/੧੧ ਨੂੰ ਅਮਰੀਕੀ ਟਾਵਰਾਂ ਤੇ ਤਾਲਿਬਾਨੀ ਹਮਲੇ ਮਗਰੋਂ ਲਗਾਤਾਰ ਅਮਰੀਕਾ ਅਫਗਾਨਿਸਤਾਨ ਅਤੇ ਪਾਕਿਸਤਾਨ ਸਿਰ ਦਹਿਸ਼ਤਗਰਦਾਂ ਦੀ ਪੁਸ਼ਤ ਪਨਾਹੀ ਦਾ ਦੋਸ਼ ਮੜ੍ਹਦਾ ਆ ਰਿਹਾ ਹੈ ਪਰ ਹੁਣ ਇਹ ਦੋਸ਼ ਹੋਰ ਵੀ ਗੰਭੀਰ ਮੋੜ ਲੈ ਰਿਹਾ ਜਾਪਦਾ ਹੈ। ਦਹਿਸ਼ਤਗਰ ਦਾ ਸੇਕ ਜਿਥੇ ਅਮਰੀਕਾ ਨੂੰ ਲੱਗਿਆ ਉਥੇ ਇਸ ਦਾ ਸ਼ਿਕਾਰ ਇਸ ਖਿੱਤੇ ਵਿਰ ਰਹਿੰਦੀਆਂ ਘੱਟ ਗਿਣਤੀਆਂ ਵੀ ਹੋਈਆਂ। ਅਫਗਾਨਿਸਤਾਨ ਵਿਚ ਤਾਲਿਬਾਨਾ ਦਾ ਕਬਜਾ ਹੋਣ ਮਗਰੋਂ ਜਿਥੇ ਘੱਟ ਗਿਣਤੀ ਸਿੱਖ ਅਤੇ ਹਿੰਦੂ ਦੇਸ਼ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹੁੰਦੇ ਗਏ। ਹੁਣੇ ਹੁਣੇ ਕਾਬਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਵਿਚ ਤਾਲਿਬਾਨਾ ਨੇ ਦਾਖਲ ਹੋ ਕੇ ਪਹਿਰੇ &lsquoਤੇ ਖੜ੍ਹੇ ਦੋ ਮੁਸਲਮਾਨਾਂ ਦੇ ਹੱਥ ਪੈਰ ਬੰਨ੍ਹ ਕੇ ਸੀਸੀਟੀਵੀ ਕੈਮਰਿਆਂ ਦੀ ਭੰਨ ਤੋੜ ਕੀਤੀ। ਇੱਕ ਖਬਰ ਹੋਰ ਵੀ ਆਈ ਹੈ ਕਿ ਹੁਣ ਅਫਗਾਨੀ ਸਿੱਖਾਂ ਦੇ ਘਰਾਂ &lsquoਤੇ ਤਾਲਿਬਾਨਾ ਨੇ ਨਿਸ਼ਾਨ ਲਾਏ ਹਨ ਅਤੇ ਉਹਨਾ ਨੂੰ ਦੇਸ਼ ਛੱਡ ਜਾਣ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵੇਲੇ ਦੁਨੀਆਂ ਸਕਤੇ ਵਿਚ ਹੈ ਕਿ ਪਿਛਲੇ ਵੀਹ ਸਾਲਾਂ ਦੇ ਅਫਗਾਨਿਸਾਨ &lsquoਤੇ ਅਮਰੀਕੀ ਕਬਜੇ ਨੇ ਜਿਸ ਅਫਗਾਨਿਸਤਾਨੀ ਸਰਕਾਰ ਨੂੰ ਸਥਾਪਤ ਕੀਤਾ ਸੀ ਉਸ ਨੂੰ ਤਾਲਿਬਾਨਾ ਨੇ ਦਿਨਾ ਵਿਚ ਹੀ ਕਿਵੇਂ ਉਖੇੜ ਦਿੱਤਾ।
ਅਫਗਾਨਿਸਤਾਨ ਦੇ ਮੌਜੂਦਾ ਹਾਲਤਾਂ ਬਾਰੇ ਹੁਣੇ ਹੁਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਿਡਲਈਸਟ ਆਈ ਨੂੰ ਦਿੱਤੀ ਇੰਟਵਿਊ ਵਿਚ ਕਿਹਾ ਹੈ ਕਿ ਅਮਰੀਕਾ ਆਪਣੇ ਆਪ ਨੂੰ ਕਾਬੂ ਵਿੱਚ ਰੱਖੇ ਅਤੇ ਅਫਗਾਨਿਸਤਾਨ ਨੂੰ ਤਤਕਾਲ ਲੋੜੀਂਦੀ ਜਨਤਕ ਮੱਦਤ ਭੇਜੇ ਵਰਨਾ ਅਫਗਾਨਿਸਤਾਨ ਵਿਚ ਅਰਾਜਕਤਾ ਫੈਲ ਜਾਏਗੀ ਅਤੇ ਦੇਸ਼ ਦਾ ਪਤਨ ਹੋ ਜਾਏਗਾ ਅਤੇ ਫਿਰ ਇਹ ਦਹਿਸ਼ਤਗਰਦਾਂ ਦਾ ਗੜ੍ਹ ਬਣ ਜਾਏਗਾ। ਇਸ ਵੇਲੇ ਦੇਸ਼ ਦੀ ੭੫% ਵਸੋਂ ਗਰੀਬੀ ਰੇਖਾ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ। ਜੇਕਰ ਹੁਣ ਅਮਰੀਕਾ ਨੂੰ ਉਸ ਦੇ ਆਪਣੇ ਹਾਲ &lsquoਤੇ ਛੱਡ ਦਿੱਤਾ ਤਾਂ ਇਹ ੧੯੮੯ ਵਾਲੇ ਹਾਲਾਤ ਮੁੜ ਆ ਜਾਣਗੇ ਜਦੋਂ ਸੋਵੀਅਤ ਯੂਨੀਅਨ ਇਥੋਂ ਨਿਕਲੀ ਤਾ ਦੋ ਲੱਖ ਲੋਕ ਅਫਗਾਨੀ ਮਾਰੇ ਗਏ ਸਨ। ਖਾਨ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨਾਂ ਦੀ ਅਗਵਾਈ ਵਿਚ ਫਿਲਹਾਲ ਆਰਜੀ ਸਰਕਾਰ ਬਣੀ ਹੈ ਜਦ ਕਿ ਭਵਿੱਖ ਵਿਚ ਸਾਰੀਆਂ ਧਿਰਾਂ ਨੂੰ ਸ਼ਾਮਲ ਕਰਕੇ ਇੱਕ ਸਰਬ ਸਾਂਝੀ ਸਰਕਾਰ ਬਨਾਉਣ ਲਈ ਤਾਲਿਬਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਖਾਨ ਨੇ ਕਿਹਾ ਹੈ ਕਿ ਇਸ ਖਿੱਤੇ ਵਿਚ ਇਸਲਾਮਕ ਸਟੇਟ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਤਾਲਿਬਾਨ ਹੀ ਕਰ ਸਕਦੇ ਹਨ।
ਹੁਣੇ ਹੁਣੇ ਤਨਜ਼ੀਮ ਡੌਟ ਓਰਗ ਦੇ ਹਵਾਲੇ ਨਾਲ ਪਾਕਿਸਤਾਨੀ ਅਦੀਬਾਂ ਦੀ ਇਕ ਅਹਿਮ ਗੱਲਬਾਤ ਵੀ ਧਿਆਨ ਵਿਚ ਆਈ ਹੈ ਜਿਸ ਵਿਚ ਅਮਰੀਕਾ ਵਲੋਂ ਤਾਲਿਬਾਨਾਂ ਦੀ ਮੱਦਤ ਕਰਨ ਦੇ ਮੁੱਦੇ ਨੂੰ ਲੈ ਕੇ ਪਕਿਸਤਾਨ ਖਿਲਾਫ ਤਿੱਖੇ ਤੇਵਰਾਂ ਦਾ ਜ਼ਿਕਰ ਹੋਇਆ ਹੈ। ਇਸ ਗੱਲ ਦਾ ਅਗਾਊਂ ਇੰਕਸ਼ਾਫ ਕੀਤਾ ਗਿਆ ਹੈ ਕਿ ਇਸ ਮੁੱਦੇ &lsquoਤੇ ਅਮਰੀਕਾ ਪਾਕਿਸਤਾਨ ਖਿਲਾਫ ਆਰਥਿਕ ਅਤੇ ਫੌਜੀ ਬੰਦਸ਼ਾਂ ਲਾ ਕੇ ਉਸ ਦੇ ਨਮਦੇ ਕੱਸ ਸਕਦਾ ਹੈ ਅਤੇ ਜੇਕਰ ਇੰਝ ਹੁੰਦਾ ਹੈ ਤਾਂ ਅਮਰੀਕਾ ਦੀਆਂ ਇਹ ਨੀਤੀਆਂ ਇਸ ਖਿੱਤੇ ਨੂੰ ਭਵਿੱਖ ਵਿਚ ਕਿਵੇਂ ਪ੍ਰਭਾਵਤ ਕਰਨਗੀਆਂ ਅਹਿਮ ਵਿਸ਼ਾ ਹੈ। ਚੇਤੇ ਰਹੇ ਕਿ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਵੀਰਵਾਰ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਸਿੱਖ ਹਕੀਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਸਬੰਧੀ ਵੀ ਇਹ ਪ੍ਰਸ਼ਨ ਉੱਠਦਾ ਹੈ ਕਿ ਇਸ ਖਿੱਤੇ ਵਿਚ ਸਿੱਖਾਂ ਖਿਲਾਫ ਚਲ ਰਹੀ ਹਵਾ ਪਿੱਛੇ ਕੀ ਕਾਰਨ ਹਨ ਤੇ ਇਹ ਅਨਸਰ ਕੌਣ ਹਨ।
ਤਨਜ਼ੀਮ ਡੌਟ ਓਰਗ ਦੀ  ਗੱਲਬਾਤ ਵਿਚ ਕਿਹਾ ਗਿਆ ਹੈ ਕਿ ਮਨੁੱਖੀ ਇਤਹਾਸ ਤਕੜੀਆਂ ਤਾਕਤਾਂ ਦੀ ਜੋਰ ਅਜਮਾਈ ਦਾ ਇਤਹਾਸ ਹੈ। ਜਦੋਂ ਵੱਡੀਆਂ ਸ਼ਕਤੀਆਂ ਭਿੜਦੀਆਂ ਹਨ ਤਾ ਫਿਰ ਉਸ ਭੇੜ ਵਿਚ ਕਈ ਕੌਮਾਂ ਨੂੰ ਬਲੀ ਦਾ ਬੱਕਰਾ ਬਣਨਾ ਪੈਂਦਾ ਹੈ ਅਤੇ ਇਸ ਟਕਰਾਓ ਵਿਚ ਉਹ ਲਕੱੜੀ ਵਿਚ ਘੁਣ ਵਾਂਗ ਪੀਸੇ ਜਾਂਦੇ ਹਨ। ਅਮਰੀਕਾ ਨੇ ਵੀਹ ਸਾਲ ਦੀ ਲੰਮੀ ਜੱਦੋਜਹਿਦ ਮਗਰੋਂ ਅਫਗਾਨਸਿਤਾਨ ਵਿਚ ਮਾਰ ਖਾਧੀ ਅਤੇ ਹੁਣ ਅਮਰੀਕਾ ਆਪਣੀ ਇਸ ਹਾਰ ਦਾ ਨਜ਼ਲਾ ਪਾਕਿਸਤਾਨ ਸਿਰ ਡੇਗਣ ਦੇ ਅਮਲ &lsquoਤੇ ਕੰਮ ਕਰ ਰਿਹਾ ਜਾਪਦਾ ਹੈ। ਇਸ ਸਬੰਧੀ ਹੁਣੇ ਹੁਣੇ ੨੨ ਰਿਪਬਲੀਕਨ ਸੈਨੇਟਰਾਂ ਨੇ ਇੱਕ ਬਿੱਲ ਪਾਰਲੀਮੈਂਟ ਵਿਚ ਪੇਸ਼ ਕੀਤਾ ਹੈ। ਇਸ ਬਿੱਲ ਦਾ ਨਾਮ ਹੈ ਅਫਗਾਨਿਸਤਾਨ ਕਾਊਂਟਰ ਟੈਰੋਰਿਜ਼ ਓਵਰਸਾਈਟ ਐਂਡ ਅਕਾਊਂਟੇਵਿਲਿਟੀ ਐਕਟ (Afghanistan counter Terrorism oversight and accountability act) ਸਿਆਸੀ ਪੰਡਤਾਂ ਦਾ ਇਹ ਅੰਦਾਜ਼ਾ ਹੈ ਕਿ ਅਫਗਾਨਿਸਤਾਨ ਵਿਚ ਆਪਣੀ ਹੋਈ ਹਾਰ ਦਾ ਕਾਰਨ ਪਾਕਿਸਤਾਨ ਸਿਰ ਮੜ੍ਹ ਕੇ ਅਮਰੀਕਾ ਹੁਣ ਪਾਕਿਸਤਾਨ &lsquoਤੇ ਆਰਥਿਕ ਅਤੇ ਫੌਜੀ ਬੰਦਸ਼ਾਂ ਲਾ ਸਕਦਾ ਹੈ। ਪੈਂਟਾਗੌਨ ਵਿਚ ਹੋ ਰਹੀ ਹਿੱਲ ਜੁੱਲ ਤਾਂ ਪਾਕਿਸਤਾਨ ਦੇ ਨਿਊਕਲਿਆਈ ਅਮਲਾਂ &lsquoਤੇ ਵੀ ਵੱਡੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰਦੀ ਹੈ। ਇਸ ਦੇ ਨਾਲ ਹੀ ਚੀਨ ਨਾਲ ਫੌਜੀ ਮੁਕਾਬਲੇ ਦੇ ਸਬੰਧ ਵਿਚ ਇੱਕ ਗੰਭੀਰ ਫੌਜੀ ਪੈਂਤੜੇ ਨੂੰ ਮੁਖ ਰੱਖਦਿਆਂ ਅਮਰੀਕਾ ਵਲੋਂ ਕੁਆਡ (Quad) ਤੋਂ ਬਾਅਦ ਔਕਸ (Aukus) ਨਾਮ ਦੀ ਸੰਸਥਾ ਸਥਾਪਤ ਕਰਨਾ ਵੀ ਗੰਭੀਰ ਸੰਕੇਤ ਹੈ। ਔਕਸ ਸਮਝੌਤੇ ਤਹਿਤ ਅਮਰੀਕਾ ਅਤੇ ਯੂ ਕੇ ਰਲ ਕੇ ਅਸਟਰੇਲੀਆ ਨੂੰ ਨਿਊਕਲੀਅਰ ਪਣਡੁੱਬੀ ਬਨਾਉਣ ਵਿਚ ਮੱਦਤ ਕਰ ਰਹੇ ਹਨ। ਇਸ ਤਰਾਂ ਅਸਟਰੇਲੀਆ ਹੁਣ ਦੁਨੀਆਂ ਦਾ ਨਿਊਕਲੀਅਰ ਰਿਐਕਟਰਾਂ ਨਾਲ ਲੈਸ ਪਣਡੁੱਬੀਆਂ ਵਾਲਾ ਸੱਤਵਾਂ ਦੇਸ਼ ਬਣ ਜਾਵੇਗਾ।
ਸਬੰਧਤ ਬਿੱਲ ਨੂੰ ਪੇਸ਼ ਕਰਨ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਧੜੱਲੇਦਾਰ ਸੈਨੇਟਰ ਹਨ ਜਿਹਨਾ ਵਿਚ ਯਹੂਦੀਆਂ ਦਾ ਬੋਲ ਬਾਲਾ ਵੀ ਹੈ ਜੋ ਕਿ ਅਮਰੀਕਾ ਦੀ ਸਿਆਸਤ ਵਿਚ ਹਮੇਸ਼ਾਂ ਰਿਹਾ ਹੈ। ਇਸ ਬਿੱਲ ਵਿਚ ਜਿਥੇ ਚੀਨ ਅਤੇ ਰੂਸ ਦਾ ਜ਼ਿਕਰ ਹੈ ਉਥੇ ਸੈਕਸ਼ਨ ੨੦੨ ਵਿਚ ਪਾਕਿਸਤਾਨ ਦਾ ਉਚੇਚੇ ਤੌਰ &lsquoਤੇ ਜ਼ਿਕਰ ਹੈ। ਇਸ ਸੈਕਸ਼ਨ ਦੇ ਅਹਿਮ ਨੁਕਤੇ ਇਹ ਹਨ- 
੧) ਸੰਨ ੨੦੦੧ ਤੋਂ ਲਾ ਕੇ ੨੦੨੧ ਤਕ ਪਾਕਸਿਤਾਨ ਨੇ ਅਫਗਾਨਿਸਤਾਨ ਨੂੰ ਜਿਸ ਤਰੀਕੇ ਨਾਲ ਵੀ ਮੱਦਤ ਕੀਤੀ ਉਸ ਦੀ ਸਬੂਤਾਂ ਤਹਿਤ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। 
੨) ੧੫ ਅਗਸਤ ਨੂੰ ਤਾਲਿਬਾਨੀ ਲਹਿਰ ਦਾ ਪੂਰੇ ਜੋਸ਼ ਨਾਲ ਉੱਠ ਕੇ ਕਾਬਲ ਨੂੰ ਫਤਹਿ ਕਰ ਲੈਣ ਪਿੱਛੇ ਪਾਕਿਸਤਾਨ ਦਾ ਕਿੰਨਾ ਕੁ ਹੱਥ ਸੀ?
੩) ਸਮੂਹਕ ਤੌਰ ਤੇ ਅਫਗਾਨਿਸਤਾਨ ਦੇ ਕਿਹਨਾ ਕਿਹਨਾ ਖੇਤਰਾਂ ਵਿਚ ਪਾਕਿਸਤਾਨ ਨੇ ਤਾਲਿਬਾਨ ਦੀ ਮੱਦਤ ਕੀਤੀ ਅਤੇ ਕਿਸ ਰੂਪ ਵਿਚ ਕੀਤੀ ਇਸ ਦੀ ਵੀ ਪੂਰੀ ਪੂਰੀ ਛਾਣਬੀਣ ਹੋਣੀ ਚਾਹੀਦੀ ਹੈ। ਇਹ ਇੱਕ ਲੰਬੀ ਫਹਿਰਸਤ ਹੈ ਜਿਸ ਦੀ ਛਾਣਬੀਣ ਕੀਤੀ ਜਾਣੀ ਹੈ ਅਤੇ ਜੇਕਰ ਪਾਕਿਸਤਾਨ ਦਾ ਹੱਥ ਸਾਬਤ ਹੁੰਦਾ ਹੈ ਤਾਂ ਪਾਕਿਸਤਾਨ &lsquoਤੇ ਬੰਦਸ਼ਾਂ ਲਾਈਆਂ ਜਾਣਗੀਆਂ। 
ਇਸ ਬਿੱਲ ਵਿਚ ਤਾਲਿਬਾਨਾਂ &lsquoਤੇ ਬੰਦਸ਼ਾਂ ਦਾ ਜਿਕਰ ਤਾਂ ਹੈ ਹੀ ਅਤੇ ਇਹ ਵੀ ਕਿਹਾ ਗਿਆ ਹੈ ਕਿ ਯੂ ਐਨ ਵਿਚ ਤਾਲਿਬਾਨ ਨੂੰ ਕੋਈ ਥਾਂ ਨਾ ਦਿੱਤੀ ਜਾਵੇ। ਪਰ ਇਸ ਬਿੱਲ ਵਿਚ ਪਾਕਿਸਤਾਨ ਦੇ ਨਮਦੇ ਕੱਸਣ ਦੇ ਸੰਕੇਤ ਵੀ ਹਨ। ਔਕਸ (Aukus) ਵਲੋਂ ਅਫਗਾਨਿਸਤਾਨ ਵਿਚ ਤਾਲਿਬਾਨਾਂ ਦਾ ਮਕੰਮਲ ਕਬਜਾ ਹੋਣ ਮਗਰੋਂ ਪਾਕਸਿਤਾਨ ਦੇ ਨਿਊਕਲਿਆਈ ਹਥਿਆਰਾਂ ਨੂੰ ਵਿਆਪਕ ਖਤਰੇ ਦੀ ਗੱਲ ਵੀ ਕੀਤੀ ਗਈ ਹੈ ਕਿ ਜੇਕਰ ਤਾਲਿਬਾਨੀ ਦਬਦਬਾ ਇਸ ਖਿੱਤੇ ਵਿਚ ਹੋਰ ਵਧਦਾ ਹੈ ਤਾਂ ਇਸ ਨਾਲ ਕੌਮਾਂਤਰੀ ਸ਼ਾਂਤੀ ਨੂੰ ਗੰਭੀਰ ਖਤਰਾ ਹੋ ਸਕਦਾ ਹੈ। ਇਹਨਾ ਗਤੀਵਿਧੀਆਂ ਤੋਂ ਇੰਝ ਜਾਪਦਾ ਹੈ ਕਿ ਕਲ੍ਹ ਤਕ ਜੋ ਅਮਰੀਕਾ ਵਾਲੋਂ ਪਾਕਿਸਤਾਨ ਖਿਲਾਫ ਤਾਲਿਬਾਨਾਂ ਦੀ ਪਿੱਠ ਠੋਕਣ ਦੇ ਇਲਜਾਮ ਸਨ ਹੁਣ ਉਹਨਾ ਨੂੰ ਸਾਬਤ ਕਰਕੇ ਪਾਕਿਸਤਾਨ ਖਿਲਾਫ ਅਮਲੀ ਤੌਰ &lsquoਤੇ ਨੀਤੀਆਂ ਲਾਗੂ ਕਰਨ ਦਾ ਸਮਾਂ ਨੇੜੇ ਆਉਂਦਾ ਵਿਖਾਈ ਦੇ ਰਿਹਾ ਹੈ। 
ਇਸ ਟੀਵੀ ਸੰਵਾਦ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਤਾਂ ਸੰਨ ੨੦੧੧ ਵਿਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਅਫਗਾਨਿਸਤਾਨ ਵਿਚ ਤਾਲਿਬਾਨਾਂ ਨਾਲ ਜੰਗ ਜਿੱਤੀ ਨਹੀਂ ਜਾ ਸਕਦੀ ਪਰ ਇਸ ਸਬੰਧ ਵਿਚ ਪਾਕਿਸਤਾਨੀ ਦਖਲ ਅੰਦਾਜ਼ੀ ਜਾਂ ਮੱਦਤ ਇਮਦਾਤ ਨੂੰ ਉਹ ਜਾਣ ਕੇ ਅੱਖ ਪਰੋਖੇ ਕਰ ਰਹੇ ਸਨ ਤਾਂ ਕਿ ਠੀਕ ਸਮਾਂ ਆਉਣ &lsquoਤੇ ਹੀ ਇਸ ਤੇ ਨਜ਼ਰਸਾਨੀ ਕੀਤੀ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਅੱਜਕਲ ਮਨੁੱਖੀ ਯਾਦਸ਼ਕਤੀ ਮਹਿਜ਼ ਵਕਤੀ ਜਹੀ ਹੋ ਕੇ ਰਹਿ ਗਈ ਹੈ ਅਤੇ ਅਮਰੀਕੀ ਤਕਾਜੇ ਪਾਕਿਸਤਾਨ ਖਿਲਾਫ ਜੋ ਹਵਾ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹੈ ਉਸ ਲਈ ਠੋਸ ਸਬੂਤਾਂ ਦੀ ਨਹੀਂ ਸਗੋਂ ਗੱਲਾਂ ਨੂੰ ਆਪਣੇ ਹਿਸਾਬ ਨਾਲ ਤਰਤੀਬ ਦੇ ਕੇ ਸਿਰਫ ਢੁੱਕਵਾਂ ਪ੍ਰਾਪੇਗੰਡਾ ਕਰਨ ਨਾਲ ਹੀ ਅਗਲੀ ਰਣਨੀਤੀ ਲਈ ਜ਼ਮੀਨ ਤਿਆਰ ਹੋ ਜਾਂਦੀ ਹੈ। 
ਇਸ ਗਲਬਾਤ ਵਿਚ ਪਾਕਿਸਤਾਨ ਪ੍ਰਤੀ ਅਮਰੀਕੀ ਨਜ਼ਰੀਏ ਨੂੰ ਬਹੁਰੂਪੀਏ ਦੇ ਰੂਪ ਵਿਚ ਦੇਖਿਆ ਗਿਆ ਹੈ ਜਦ ਕਿ ਪਾਕਿਸਤਾਨੀ ਸਿਆਸਤਦਾਨਾਂ ਖੁਦਗਰਜ਼ ਅਤੇ ਵਿਕਾਊ ਬਿਰਤੀ ਦੇ ਹਨ। ਇਹ ਵੀ ਕਿਹਾ ਗਿਆ ਕਿ ਸੰਨ ੧੯੪੫ ਤੋਂ ਮਗਰੋਂ ਜਦੋਂ  ਅਮਰੀਕਾ ਦੁਨੀਆਂ ਵਿਚ ਸੁਪਰਪਾਵਰ ਦੇ ਰੂਪ ਵਿਚ ਉਭਰਿਆ ਤਾਂ ਉਸ ਦੇ ਸਾਹਮਣੇ ਪ੍ਰਮੁਖ ਰੂਪ ਵਿਚ ਸੋਵੀਅਤ ਯੂਨੀਅਨ ਵੱਡੀ ਚਣੌਤੀ ਸੀ ਜਿਸ ਨਾਲ ਸਿੱਝਣ ਲਈ ਅਮਰੀਕਾ ਨੇ ਪਾਕਿਸਤਾਨ ਨਾਲ ਵਲ ਦੋਸਤੀ ਵਾਲਾ ਲਹਿਜ਼ਾ ਅਪਣਾਇਆ। ਪਰ ਜਦੋਂ ਰੂਸ ਅਫਗਾਨਿਸਤਾਨ ਵਿਚ ਆ ਕੇ ਬੈਠ ਗਿਆ ਤਾਂ ਅਮਰੀਕਾ ਦੀ ਪਾਕਿਸਤਾਨ ਨਾਲ ਨੇੜਤਾ ਹੋਰ ਵੀ ਪੀਡੀ ਹੋ ਗਈ। ਇਸੇ ਤਰਾਂ ਜਨਰਲ ਮੁਸ਼ੱਰਫ ਦੇ ਦੌਰ ਵਿਚ ਜਦੋਂ ਅਮਰੀਕਾ ਨੇ ਅਫਗਾਨਸਿਤਾਨ &lsquoਤੇ ਹਮਲਾ ਕੀਤਾ ਤਾਂ ਉਸ ਨੂੰ ਫੇਰ ਪਾਕਿਸਤਾਨ ਦੀ ਲੋੜ ਪਈ । ਜਦ ਕਿ ਅੱਜ ਦੇ ਅਮਰੀਕੀ ਸਾਮਰਾਜ ਲਈ ਪ੍ਰਮੁਖ ਚਣੌਤੀ ਸੋਵੀਅਤ ਯੂਨੀਅਨ ਨਹੀਂ ਸਗੋਂ ਚੀਨ ਜਾਂ ਇਸਲਾਮੀ ਕੱਟੜਪੰਥੀ ਹਨ। ਜੇਕਰ ਅੱਜ ਪਾਕਿਸਤਾਨ ਆਪਣੀ ਬਿਦੇਸ਼ ਨੀਤੀ ਚੀਨ ਪੱਖੀ ਹੋਣ ਦੀ ਬਜਾਏ ਅਮਰੀਕਾ ਪੱਖੀ ਹੋਣ ਦਾ ਐਲਾਨ ਕਰ ਦੇਵੇ ਤਾਂ ਅਮਰੀਕਾ ਤੇ ਪਾਕਿਸਤਾਨ ਦੀ ਫੇਰ ਗਲਵਕੜੀ ਪੈ ਜਾਵੇਗੀ ਅਤੇ ਫਿਰ ਨਾ ਕੇਵਲ ਤਾਲਿਬਾਨਾਂ ਨੂੰ ਪਾਕਿਸਤਾਨ ਵਲੋਂ ਦਿੱਤੀ ਗਈ ਜਾਂ ਦਿੱਤੀ ਜਾ ਰਹੀ ਮੱਦਤ ਨੂੰ ਦਰ ਕਿਨਾਰ ਕਰ ਦਿੱਤਾ ਜਾਵੇਗਾ ਸਗੋਂ ਮੁੜ ਡਾਲਰਾਂ ਦੇ ਮੋਘੇ ਖੋਹਲ ਦਿੱਤੇ ਜਾਣਗੇ। 
ਇਸ ਵੇਲੇ ਪਾਕਸਿਤਾਨੀ ਜਨਤਾ ਦਾ ਮਹਿੰਗਾਈ ਨਾਲ ਤਰਾਹ ਨਿਕਲਿਆ ਹੋਇਆ ਹੈ ਅਤੇ ਦੇਸ਼ ਮਾਲੀ ਸੰਕਟ ਨਾਲ ਜੂਝ ਰਿਹਾ ਹੈ। ਹੁਣ ਅਮਰੀਕਾ ਦੇ ਵਿਗੜੇ ਹੋਏ ਤੇਵਰ ਪਾਕਿਸਤਾਨ ਖਿਲਾਫ ਕੌਮਾਂਤਰੀ ਤੌਰ &lsquoਤੇ ਅਜੇਹੀ ਹਵਾ ਪੈਦਾ ਕਰ ਸਕਦੇ ਹਨ ਜਿਦ ਦੇ ਨਤੀਜੇ ਵਜੋਂ ਦੇਸ਼ ਵਿਚ ਗ੍ਰਹਿ ਯੁੱਧ ਛਿੜਨ ਦਾ ਤੌਖਲਾ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕੀ ਮੀਡੀਏ ਨੇ ਅਮਰੀਕਾ ਦੇ ਲੋਕਾਂ ਤਕ ਹੁਣ ਨਵੀਂ ਸੁਰ ਵਿਚ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਅਫਗਾਨਿਸਤਾਨ ਵਿਚ ਅਮਰੀਕਾ ਦੀ ਹਾਰ ਨਹੀਂ ਹੋਈ ਸਗੋਂ ਤਾਲਿਬਾਨਾ ਦੀ ਚੜ੍ਹਤ ਮਗਰ ਪਾਕਿਸਤਾਨ ਹੈ ਜੋ ਕਿ ਪੈਸੇ ਤਾਂ ਅਮਰੀਕਾ ਤੋਂ ਲੈਂਦਾ ਰਿਹਾ ਪਰ ਹਿਮਾਇਤ ਤਾਲਿਬਾਨਾਂ ਦੀ ਕਰਦਾ ਰਿਹਾ । 
ਪਾਕਿਸਤਾਨੀ ਵਿਦਵਾਨ ਤਾਂ ਸੰਨ ੨੦੦੧ ਤੋਂ ੨੦੦੩ ਦੇ ਦਰਮਿਆਨ ਕੋਆਡ ਅਹਿਦ ਤਹਿਤ ਭਾਰਤ, ਜਪਾਨ, ਅਮਰੀਕਾ ਅਤੇ ਅਸਟਰੇਲੀਆ ਦਾ ਅਸਲ ਮਕਸਦ ਵਿਓਪਾਰਕ ਨਾ ਹੋ ਕੇ ਚੀਨ ਦੀ ਘੇਰਾਬੰਦੀ ਨੂੰ ਮੰਨਦੇ ਹਨ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਅਫਗਾਨਸਿਤਾਨ ਵਿਚ ਆਇਆ। ਇਹ ਗੱਲ ਬੜੀ ਅਹਿਮ ਹੈ ਕਿ ਜਿਵੇਂ ਇਜ਼ਰਾਈਲ ਦੇ ਹਵਾਲੇ ਨਾਲ ਅਮਰੀਕਾ ਲਈ ਖਾੜੀ ਦੇਸ਼ਾਂ ਵਿਚ ਇਸਲਾਮੀ ਸ਼ਕਤੀਆਂ ਨੂੰ ਵੰਡ ਕੇ ਰੱਖਣਾ ਜਰੁਰੀ ਹੈ ਤਿਵੇਂ ਹੀ ਹੁਣ ਦੱਖਣੀ ਏਸ਼ੀਆ ਵਿਚ ਚੀਨ, ਪਾਕਿਸਤਾਨ ਅਤੇ ਅਫਗਾਨਸਿਤਾਨੀ ਚੜ੍ਹਤ ਨੂੰ ਹਰ ਹਾਲ ਵਿਚ ਠੱਲਣਾਂ ਅਤੇ ਹਰ ਕੀਮਤ &lsquoਤੇ ਠੱਲਣਾ ਅਮਰੀਕਾ ਦੀ ਮਜ਼ਬੂਰੀ ਹੈ। ਇਸੇ ਕਰਕੇ ਅਮਰੀਕਾ ਨੇ ਆਪਣੀਆਂ ਸੱਤ ਕਮਾਂਡਾਂ ਵਿਚ ਭਾਰਤੀ ਰਣਨੀਤੀ ਨੂੰ ਧਿਆਨ ਵਿਚ ਰੱਖਦਿਆਂ ਇੱਕ ਕਮਾਂਡ ਦਾ ਨਾਮ ਇੰਡੋ ਪਸਿਫਿਕ ਕਮਾਂਡ ਰੱਖਿਆ ਹੈ। ਜਦੋਂ ਭਾਰਤ ਅਫਗਾਨਸਿਤਾਨ ਵਿਚ ਅਮਰੀਕਾ ਦੀਆਂ ਆਸਾਂ ਤੇ ਪੂਰਾ ਨਾ ਉਤਰਿਆ ਅਤੇ ਜਦੋਂ ਭਾਰਤ ਸਰਹੱਦੀ ਤੌਰ &lsquoਤੇ ਚੀਨ ਦਾ ਬਣਦਾ ਵਰੋਧ ਨਾ ਕਰ ਸਕਿਆ ਤਾਂ ਹੁਣ ਅਮਰੀਕਾ ਭਾਰਤ ਵਲੋਂ ਬਹੁਤਾ ਆਸਵੰਦ ਨਾ ਹੋਣ ਕਾਰਨ ਉਸ ਨੇ ਚੀਨ ਦਾ ਤਾਇਵਾਨ ਤੇ ਜਤਾਏ ਜਾ ਰਹੇ ਹੱਕ ਨੂੰ ਪ੍ਰਮੁਖ ਮੁੱਦਾ ਬਣਾ ਲਿਆ ਹੈ। ਹੁਣ ਜੋ ਪਣਡੁੱਬੀਆਂ ਨੂੰ ਲੈ ਕੇ ਅਸਟਰੇਲੀਆ ਅਤੇ ਯੂ ਕੇ ਨਾਲ ਸਾਜ ਬਾਜ ਹੋ ਰਹੇ ਹਨ ਇਹ ਦੱਖਣੀ ਚੀਨੀ ਸਮੁੰਦਰ ਦੀ ਲੋੜ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ। 
ਅਮਰੀਕੀ ਦਹਿਸ਼ਤ ਦੇ ਨਾਲ ਨਾਲ ਇਸ ਵਾਰਤਾਲਾਪ ਵਿਚ ਪਾਕਿਸਤਾਨੀ ਸਿਆਸਤਦਾਨਾਂ ਨੇ ਦੇਸ਼ ਵਿਚ ਇਸਲਾਮ ਦੇ ਨਾਮ ਤੇ ਹੋ ਰਹੀ ਦਹਿਸ਼ਤਗਰਦੀ ਨੂੰ ਮਹਿਸੂਸ ਤਾਂ ਜਰੂਰ ਕੀਤਾ ਪਰ ਉਸ ਦਾ ਕਾਰਨ ਉਹਨਾ ਨੇ ਬਾਹਰਲੀਆਂ ਤਾਕਤਾਂ ਨੂੰ ਮੰਨਿਆਂ ਤੇ ਆਪਣੀ ਗੱਲਬਾਤ ਨੂੰ ਇੱਕ ਸ਼ਿਅਰ ਕਹਿ ਕੇ ਵਿਰਾਮ ਦਿੱਤਾ&mdash
ਖੁਲਾਮੀ ਮੇਂ ਕਾਮ ਆਤੀ ਹੈਂ ਨਾ ਤਦਬੀਰੇਂ, ਨਾ ਤਕਦੀਰੇਂ
ਜੇ  ਹੋ  ਜ਼ੌਕਿ  ਯਕੀਂ  ਪੈਦਾ, ਤੋ  ਕੱਟ ਜਾਤੀ ਹੈਂ ਜੰਜੀਰੇਂ