image caption:

ਵੀਜ਼ਾ ਘੁਟਾਲੇ ਕਾਰਨ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਨੂੰ ਡੇਢ ਸਾਲ ਦੀ ਸਜ਼ਾ

 ਸੈਕਰਾਮੈਂਟੋ,  ਸਨੀਵੇਲ (ਕੈਲੀਫੋਰਨੀਆ) ਦੇ ਵਾਸੀ ਅਤੇ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਕਿਸ਼ੋਰ ਕੁਮਾਰ ਕਾਵੂਰੂ ਨੂੰ ਇੱਕ ਫੈਡਰਲ ਅਦਾਲਤ ਨੇ ਵੀਜ਼ਾ ਘੁਟਾਲੇ ਦੇ ਦੋਸ਼ ਵਿੱਚ 15 ਮਹੀਨਿਆਂ ਦੀ ਸਜ਼ਾ ਸੁਣਾਈ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਅਟਾਰਨੀ ਸਟੈਫਾਈਨ ਐਮ ਹਿੰਡਸ ਨੇ ਦੱਸਿਆ ਕਿ ਕਾਵੂਰੂ ਨੇ ਵਿਦੇਸ਼ੀ ਵਰਕਰ ਵੀਜ਼ੇ ਹਾਸਲ ਕਰਨ ਲਈ ਗਲਤ ਜਾਣਕਾਰੀ ਦੇ ਕੇ ਲੱਖਾਂ ਡਾਲਰ ਕਮਾਏ। ਨਿਆਂ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ 49 ਸਾਲਾ ਕਾਵੂਰੂ ਨੂੰ ਸਜ਼ਾ ਯੂ ਐਸ ਡਿਸਟਿ੍ਰਕਟ ਜੱਜ ਐਡਵਰਡ ਜੇ ਡਾਵਿਲਾ ਨੇ ਸੁਣਾਈ। ਕਾਵੂਰੂ ਦਾ ਦਾਅਵਾ ਸੀ ਕਿ ਉਹ ਚਾਰ ਕੰਪਨੀਆਂ ਦਾ ਮਾਲਕ ਅਤੇ ਸੀ ਈ ਓ ਹੈ। ਉਸ ਦੀਆਂ ਕੰਪਨੀਆਂ ਵਿਦੇਸ਼ੀ ਹੁਨਰਮੰਦ ਵਰਕਰਾਂ ਲਈ ਐਚ-1ਬੀ ਵੀਜ਼ਾ ਹਾਸਲ ਕਰਨ ਵਿੱਚ ਮਾਹਿਰ ਹਨ ਤੇ ਇਨ੍ਹਾਂ ਵਰਕਰਾਂ ਨੂੰ ਅਮਰੀਕਾ ਦੀਆਂ ਤਕਨੀਕੀ ਫਰਮਾਂ ਵਿੱਚ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਕਾਵੂਰੂ ਨੇ ਮੰਨਿਆ ਕਿ ਉਸ ਨੇ 2009 ਤੋਂ 2017 ਤਕ ਗਲਤ ਤੇ ਝੂਠੀ ਜਾਣਕਾਰੀ ਦੇ ਆਧਾਰ ਉੱਤੇ ਸਰਕਾਰੀ ਏਜੰਸੀਆਂ ਤੋਂ ਐਚ-1 ਬੀ ਵੀਜ਼ਾ ਲੈਣ ਦੀ ਸਕੀਮ ਉਪਰ ਕੰਮ ਕੀਤਾ। ਕਾਵੂਰੂ ਨੇ ਮੰਨਿਆ ਕਿ ਉਸ ਨੇ ਐਚ-1 ਬੀ ਵੀਜ਼ਾ ਦਰਖਾਸਤਾਂ ਦਾਇਰ ਕਰਨ ਦੇ ਬਦਲੇ ਵਿਦੇਸ਼ੀ ਹੁਨਰਮੰਦ ਵਰਕਰਾਂ ਕੋਲੋਂ ਹਜ਼ਾਰਾਂ ਡਾਲਰ ਲਏ ਜੋ ਕਿ ਅਮਰੀਕਾ ਦੇ ਕਿਰਤ ਨਿਯਮਾਂ ਦੀ ਉਲੰਘਣਾ ਹੈ। ਉਸ ਨੇ ਗਲਤ ਢੰਗ ਤਰੀਕੇ ਨਾਲ 15 ਲੱਖ ਡਾਲਰ ਤੋਂ ਵਧ ਕਮਾਏ।