image caption:

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਟੇਕ ਸਿੰਘ ਵਿਖੇ ਪੰਜਾਬੀ ਮਾਂ-ਬੋਲੀ ਹਫ਼ਤਾ ਮਨਾਇਆ ਗਿਆ

ਬਟਾਲਾ  (ਰਮੇਸ਼ਵਰ ਸਿੰਘ)- ਬਲਾਕ ਬਟਾਲਾ -1 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਟੇਕ ਵਿਖੇ ਪ੍ਰਿੰਸੀਪਲ ਸ਼੍ਰੀ ਜਤਿੰਦਰ ਕੁਮਾਰ ਜੀ ਦੀ ਅਗਵਾਈ ਹੇਠ 23 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖੋਂ ਵੱਖ ਦਿਨ ਵੱਖੋਂ ਵੱਖ ਗਤੀਵਿਧੀਆਂ ਵਿਚ ਭਾਗ ਲਿਆ ਗਿਆ ਜਿਵੇਂ ਸੁੰਦਰ ਸੁਲੇਖ ਰਚਨਾ, ਚਾਰਟ ਮੇਕਿੰਗ ਮੁਕਾਬਲੇ, ਸਲੋਗਨ ਲਿਖਤ, ਕਵਿਤਾ ਮੁਕਾਬਲਾ, ਭਾਸ਼ਣ ਮੁਕਾਬਲੇ ਅਤੇ ਕਵੀਸ਼ਰੀ ਮੁਕਾਬਲੇ ਆਦਿ।
30 ਨਵੰਬਰ ਨੂੰ ਮਾਂ ਬੋਲੀ ਨੂੰ ਸਮਰਪਿਤ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਅਕਾਲ ਅਕੈਡਮੀ ਵਿਛੋਆ ਦੇ ਵਾਇਸ ਪ੍ਰਿੰਸੀਪਲ ਸ਼੍ਰੀ ਮਤੀ ਕੰਵਲਜੀਤ ਕੌਰ ਗੁਰਦਾਸਪੁਰੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲਵਾ ਅਤੇ ਹੋਰ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਿਤ ਹੋਣ ਅਤੇ ਉਹਨਾਂ ਵਰਗੀ ਜੀਵਨ ਜਾਚ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ 'ਤੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਤੇ ਵਿਚਾਰ ਸਾਂਝੇ ਕਰਦਿਆਂ ਕਵਿਤਾ ਪਾਠ ਵੀ ਕੀਤਾ, ਜਿਸ ਦਾ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖ਼ੂਬ ਆਨੰਦ ਮਾਣਿਆ। ਉਹਨਾਂ ਨੇ ਸਕੂਲ ਮੁਖੀ ਦੀ ਵਧੀਆ ਪ੍ਰਾਹੁਣਚਾਰੀ ਅਤੇ ਵਿਦਿਆਰਥੀਆਂ ਵੱਲੋਂ ਪਾਈ ਗਈ ਅਨੁਸ਼ਾਸਨ ਦੀ ਸਾਂਝ ਦੀ ਬਹੁਤ ਪ੍ਰਸੰਸਾ ਕੀਤੀ।
ਸਰਕਾਰੀ ਮਿਡਲ ਸਕੂਲ ਕੰਡਿਆਲ ਤੋਂ ਪੰਜਾਬੀ ਅਧਿਆਪਕਾ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਆਪਣੇ ਚੋਣਵੇਂ ਵਿਦਿਆਰਥੀਆਂ ਨਾਲ਼ ਵਿਸ਼ੇਸ਼ ਤੌਰ 'ਤੇ ਸਕੂਲ ਪਹੁੰਚੇ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪੰਜਾਬੀ ਅਧਿਆਪਕਾ ਸ਼੍ਰੀਮਤੀ ਵੀਨਾ ਰਾਣੀ ਵੱਲੋਂ ਨਿਭਾਈ ਗਈ। ਸਕੂਲ ਵਿੱਚ ਪੰਜਾਬੀ ਮਾਂ ਬੋਲੀ ਦਾ ਇਕ ਵੱਖਰਾ ਅਤੇ ਵਿਸ਼ੇਸ਼ ਹੀ ਰੰਗ ਸੀ। ਇਸ ਮੌਕੇ 'ਤੇ ਪ੍ਰੋ: ਗੁਰਸੇਵਕ ਸਿੰਘ ਲੰਬੀ ਜੀ ਦੇ ਗੀਤ ' ਚੁੰਨੀ ਰੰਗ ਦੇ ਲਲਾਰੀਆ ਮੇਰੀ ' 'ਤੇ ਡਾਂਸ ਦੀ ਪੇਸ਼ਕਾਰੀ ਨੂੰ ਬਹੁਤ ਸਲਾਹਿਆ ਗਿਆ।
ਅਖੀਰ ਵਿਚ ਪੂਰਾ ਹਫ਼ਤਾ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੇ ਸਕੂਲ ਮੁਖੀ ਸ਼੍ਰੀ ਜਤਿੰਦਰ ਕੁਮਾਰ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ, ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਉਹਨਾਂ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦਾ ਵੱਧ ਤੋਂ ਵੱਧ ਸਤਿਕਾਰ ਕਰਨ , ਪੜ੍ਹਨ, ਲਿਖਣ ਅਤੇ ਸਿੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ। ਸਭ ਨੇ ਪ੍ਰੋਗਰਾਮ ਦਾ ਅਨੰਦ ਮਾਣਿਆ ਅਤੇ ਸਲਾਹੁਤਾ ਕੀਤੀ।