image caption:

ਅਮਰੀਕਾ ਦੇ ਸਕੂਲ ’ਚ 15 ਸਾਲ ਦੇ ਵਿਦਿਆਰਥੀ ਨੇ ਗੋਲੀਆਂ ਚਲਾ ਕੇ ਤਿੰਨ ਬੱਚਿਆਂ ਦੀ ਹੱਤਿਆ ਕੀਤੀ, 6 ਜ਼ਖ਼ਮੀ

 ਮਿਸ਼ੀਗਨ-  ਅਮਰੀਕਾ ਵਿਚ ਮਿਸ਼ੀਗਨ ਦੇ ਇੱਕ ਸਕੂਲ ਵਿਚ ਵਿਦਿਆਰਥੀ ਨੇ ਫਾਇਰਿੰਗ ਕਰ ਦਿੱਤੀ। ਜਿਸ ਵਿਚ 3 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਟੀਚਰ ਸਣੇ 8 ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ ਵਿਚ ਇਹ ਘਟਨਾ ਅਮਰੀਕੀ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਵਾਪਰੀ। ਹਮਲਾ ਕਰਨ ਵਾਲਾ 15 ਸਾਲ ਦਾ ਵਿਦਿਆਰਥੀ ਉਸੇ ਸਕੂਲ ਵਿਚ ਪੜ੍ਹਦਾ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਓਕਲੈਂਡ ਕਾਊਂਟੀ ਦੇ ਅੰਡਰਸ਼ੈਰਿਫ ਮਾਈਕਲ ਮੁਤਾਬਕ ਮਾਰੇ ਗਏ ਵਿਦਿਆਰਥੀਆਂ ਵਿਚੋਂ ਇੱਕ 16 ਸਾਲਾ ਮੁੰਡੇ ਤੋਂ ਇਲਾਵਾ 14 ਅਤੇ 17 ਸਾਲ ਦੀ ਦੋ ਲੜਕੀਆਂ ਸ਼ਾਮਲ ਹਨ। ਗੋਲੀ ਲੱਗਣ ਕਾਰਨ ਜੋ 8 ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਵਿਚ ਇੱਕ ਅਧਿਆਪਕ ਹੈ। ਮਾਈਕਲ ਨੇ ਕਿਹਾ, ਫਿਲਹਾਲ ਇਹ ਪਤਾ ਨਹੀਂ ਚਲਿਆ ਕਿ ਮਾਰੇ ਗਏ ਤਿੰਨ ਵਿਦਿਆਰਥੀਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਉਹ ਫਾਇਰਿੰਗ ਦਾ ਸ਼ਿਕਾਰ ਹੋਏ ਹਨ।
ਪੁਲਿਸ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖਮੀ ਹੋਏ 8 ਜ਼ਖਮੀਆਂ ਵਿਚੋਂ ਦੋ ਦੀ ਸਰਜਰੀ ਕੀਤੀ ਗਈ ਹੈ। 6 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਾਇਰਿੰਗ ਕਰਨ ਵਾਲੇ ਵਿਦਿਆਰਥੀ ਦੇ ਕੋਲ ਤੋਂ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ। ਸਕੂਲ ਵਿਚ ਕਈ ਖਾਲੀ ਕਾਰਤੂਸ ਵੀ ਮਿਲੇ ਹਨ। ਇਸ ਤੋਂ ਬਾਅਦ ਇਹ ਤੈਅ ਹੋ ਗਿਆ ਕਿ ਮੁਲਜ਼ਮ ਨੇ 15-20 ਗੋਲੀਆਂ ਚਲਾਈਆਂ ਸੀ। ਹਮਲਾ ਕਰਨ ਵਾਲੇ ਨੇ ਬਾਡੀ ਆਰਮਰ ਨਹੀਂ ਪਹਿਨਿਆ ਸੀ ਅਤੇ ਉਸ ਨੇ ਇਕੱਲੇ ਹੀ ਇਸ ਹਮਲੇ ਨੂੰ ਅੰਜਾਮ ਦਿੱਤਾ। ਉਸ ਨੇ ਫਾਇਰਿੰਗ ਕਿਸ ਕਾਰਨ ਕੀਤੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।