image caption:

ਡੇਰਾ ਸੱਚਾ ਸੌਦਾ ਦੀ ਚਰਚਾ ਵਿੱਚ ਜਾਣਾ ਫਿਰ ਪੰਜਾਬ ਵਿੱਚ ਰਾਜਨੀਤੀ ਦਾ ਮੁੱਦਾ ਬਣਿਆ

ਅੰਮ੍ਰਿਤਸਰ-ਇਨ੍ਹੀਂ ਦਿਨੀਂ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਮ ਚਰਚਾ ਘਰਾਂ ਵਿੱਚ ਫਿਰ ਤੋਂ ਰੌਣਕ ਵਧਣ ਦੇ ਨਾਲ ਹੀ ਇਹ ਰਾਜਨੀਤੀ ਦਾ ਮੁੱਦਾ ਵੀ ਮੁੜ ਕੇ ਬਣਨ ਲੱਗਾ ਹੈ।
ਬੀਤੇ ਐਤਵਾਰ ਕੁਝ ਥਾਂਈਂ ਇਸ ਡੇਰੇ ਦੀ ਨਾਮ ਚਰਚਾ ਵਿੱਚ ਕੁਝ ਕਾਂਗਰਸੀ ਵਿਧਾਇਕ ਸ਼ਾਮਲ ਹੋਣ ਦੀ ਖਬਰ ਆਈ ਸੀ। ਇਸ ਦੇ ਬਾਅਦ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਨ੍ਹਾਂ ਕਾਂਗਰਸੀ ਆਗੂਆਂ ਉੱਤੇ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ ਹੈ। ਅਕਾਲੀ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਨ੍ਹਾਂ ਕਾਂਗਰਸੀ ਆਗੂਆਂ ਵਿਰੁੱਧ ਸਿੱਖ ਰਵਾਇਤਾਂ ਅਨੁਸਾਰ ਕਾਰਵਾਈ ਕਰਨ, ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਕੀਤੀ ਗਈ &lsquoਨਾਮ ਚਰਚਾ&rsquo ਦੇ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰੀ ਹੈ। ਉਨ੍ਹਾਂ ਏਥੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਵੇ ਕਿ ਗੁਰੂ ਨਾਨਕ ਨਾਮ ਲੇਵਾ ਕੋਈ ਸਿੱਖ ਡੇਰਾ ਸੱਚਾ ਸੌਦਾ ਜਾਂ ਇਸ ਦੇ ਸ਼ਰਧਾਲੂਆਂ ਨਾਲ ਵਾਸਤਾ ਨਹੀਂ ਰੱਖੇਗਾ, ਇਸ ਦੇ ਬਾਵਜੂਦ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਇਸ ਡੇਰੇ ਦੀ &lsquoਨਾਮ ਚਰਚਾ&rsquo ਵਿੱਚ ਗਏ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਡੇਰੇ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ, ਜਿਸ ਤੋਂ ਸਾਫ ਹੈ ਕਿ ਕਾਂਗਰਸ ਪਾਰਟੀ ਇਸ ਡੇਰੇ ਨਾਲ ਅੰਦਰ ਖਾਤੇ ਰਲੀ ਹੋਈ ਹੈ।