image caption:

ਬਿਕਰਮ ਸਿੰਘ ਮਜੀਠੀਆ ਨੂੰ ਹਲਕਾ ਮਜੀਠਾ ਤੋਂ ਉਮੀਦਵਾਰ ਐਲਾਨੇ ਜਾਣ ਦਾ ਇੰਗਲੈਂਡ ਦੇ ਅਕਾਲੀ ਹਿਮਾਇਤੀਆਂ ਵੱਲੋਂ ਸਵਾਗਤ

ਪੰਜਾਬ ਚ ਅਕਾਲੀ ਦਲ (ਬ) ਤੇ ਬਸਪਾ ਦੀ ਸਰਕਾਰ ਹੀ ਬਣੇਗੀ- ਜਲਵੰਤ ਸਿੰਘ ਢੱਡੇ
ਲੈਸਟਰ (ਇੰਗਲੈਂਡ),   (ਸੁਖਜਿੰਦਰ ਸਿੰਘ ਢੱਡੇ)-ਸ੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਲਕਾ ਮਜੀਠਾ ਤੋਂ ਵਿਧਾਇਕ ਸ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਚੌਥੀ ਵਾਰ ਟਿਕਟ ਦੇਣ ਦਾ ਇੰਗਲੈਂਡ ਚ ਵੱਸਦੇ ਮਜੀਠਾ ਹਲਕੇ ਨਾਲ ਸਬੰਧਿਤ ਅਕਾਲੀ ਹਿਮਾਇਤੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਲੱਡੂ ਵੰਡ ਕੇ ਅਕਾਲੀ ਦਲ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਸਬੰਧੀ ਜਾਰੀ ਬਿਆਨ ਵਿਚ ਇੰਗਲੈਂਡ ਤੋ ਜਲਵੰਤ ਸਿੰਘ ਢੱਡੇ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਮਜੀਠੀਆ ਨੂੰ ਮੁੜ ਟਿਕਟ ਦੇ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੂਰ ਅੰਦੇਸ਼ੀ ਵਾਲਾ ਫੈਸਲਾ ਕੀਤਾ ਹੈ , ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਸ ਮਜੀਠੀਆ ਦੀ ਵੱਡੀ ਜਿੱਤ ਪੱਕੀ ਹੈ। ਇੰਗਲੈਂਡ ਦੇ ਆਗੂਆਂ ਨੇ ਕਿਹਾ ਕਿ ਮਜੀਠੀਆ ਵੱਲੋਂ ਹਲਕਾ ਮਜੀਠਾ ਵਿਚ ਵਿਕਾਸ ਕਾਰਜ ਵੱਡੇ ਪੱਧਰ ਉਤੇ ਕਰਵਾਏ ਗਏ ਹਨ, ਅਤੇ ਉਹ ਆਪਣੇ ਹਲਕੇ ਨਾਲ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਵਿਚਰਦੇ ਰਹੇ ਹਨ ,ਅਤੇ ਵਿਕਾਸ ਦੇ ਕੰਮ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ ਰਹੇ। ਜਲਵੰਤ ਸਿੰਘ ਢੱਡੇ, ਰਾਜਨਬੀਰ ਸਿੰਘ ਰਾਜਾ, ਬਲਵਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਸੁਖਮਨ ਸਿੰਘ ਰਾਣਾ ਅਤੇ ਹੋਰ ਆਗੂਆਂ ਨੇ ਦਾਅਵਾ ਕੀਤਾ ਕਿ ਮਜੀਠੀਆ ਦੀ ਹਲਕਾ ਮਜੀਠਾ ਤੋਂ ਜਿੱਤ ਪੱਥਰ ਉਤੇ ਲਕੀਰ ਹੈ ਅਤੇ ਉਹ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਕੇ ਅਕਾਲੀ-ਬਸਪਾ ਸਰਕਾਰ ਦੀ ਪੰਜਾਬ ਵਿਚ ਹੋਂਦ ਦਾ ਰਾਹ ਪੱਧਰਾ ਕਰਨਗੇ। ਉਕਤ ਆਗੂਆਂ ਨੇ ਸ ਮਜੀਠੀਆ ਨੂੰ ਯਕੀਨ ਦਿਵਾਇਆ ਕਿ ਵਿਦੇਸ਼ਾਂ ਵਿੱਚ ਵੱਸਦੇ ਅਕਾਲੀ ਹਿਮਾਇਤੀ ਪੰਜਾਬ ਵਿੱਚ ਅਕਾਲੀ ਸਰਕਾਰ ਦੀ ਵਾਪਸੀ ਲਈ ਸਿਰਤੋੜ ਯਤਨ ਕਰਨਗੇ ।