image caption:

ਅਮਰੀਕਾ ਜਾਣ ਵਾਲੇ ਕੈਨੇਡੀਅਨਜ਼ ਨੂੰ ਹਵਾਈ ਟਰੈਵਲ ਤੋਂ ਇੱਕ ਦਿਨ ਪਹਿਲਾਂ ਕਰਵਾਉਣਾ ਹੋਵੇਗਾ ਕੋਵਿਡ-19 ਟੈਸਟ

 ਅਗਲੇ ਹਫਤੇ ਦੇ ਸ਼ੁਰੂ ਵਿੱਚ ਅਮਰੀਕਾ ਜਾਣ ਵਾਲੇ ਕੈਨੇਡੀਅਨਜ਼ ਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਟਰੈਵਲ ਤੋਂ ਇੱਕ ਦਿਨ ਪਹਿਲਾਂ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਟੈਸਟ ਕਰਵਾਉਣ ਲਈ ਪਹਿਲਾਂ ਮਿਥੀ ਗਈ 72 ਘੰਟੇ ਦੀ ਸ਼ਰਤ ਨੂੰ ਖ਼ਤਮ ਕਰਦਿਆਂ ਹੋਇਆਂ ਇਸ ਨਵੇਂ ਨਿਯਮ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਕੋਵਿਡ-19 ਦੇ ਨਵੇਂ ਓਮਾਈਕ੍ਰੌਨ ਵੇਰੀਐਂਟ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਵਾੲ੍ਹੀਟ ਹਾਊਸ ਵੱਲੋਂ ਇਸ ਨਵੇਂ ਪਲੈਨ ਬਾਰੇ ਬੁੱਧਵਾਰ ਨੂੰ ਕੀਤੇ ਗਏ ਐਲਾਨ ਦੌਰਾਨ ਜ਼ਮੀਨੀ ਸਰਹੱਦਾਂ ਦਾ ਜਿ਼ਕਰ ਨਹੀਂ ਕੀਤਾ ਗਿਆ। ਇਹ ਵੀ ਨਹੀਂ ਦੱਸਿਆ ਗਿਆ ਕਿ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਕੈਨੇਡੀਅਨਜ਼, ਜਿਹੜੇ ਅਮਰੀਕਾ ਜਾਣਾ ਚਾਹੁੰਦੇ ਹਨ, ਨੂੰ ਆਪਣੇ ਟੈਸਟ ਰਿਜ਼ਲਟ ਵਿਖਾਉਣੇ ਹੋਣਗੇ।
ਓਮਾਈਕ੍ਰੌਨ ਦੇ ਆਉਣ ਨਾਲ ਰੋਜ਼ਾਨਾਂ ਅਮਰੀਕਾ ਤੇ ਕੈਨੇਡਾ ਦਰਮਿਆਨ ਸਫਰ ਕਰਨ ਵਾਲਿਆਂ ਲਈ ਇੱਕ ਵਾਰੀ ਮੁੜ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਅਜੇ ਇੱਕ ਮਹੀਨੇ ਪਹਿਲਾਂ ਹੀ ਅਮਰੀਕਾ ਨੇ ਪੂਰੀ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਲਈ ਪਾਬੰਦੀਆਂ ਹਟਾਈਆਂ ਸਨ।