image caption: ਕੁਲਵੰਤ ਸਿੰਘ ‘ਢੇਸੀ’

ਕਿੰਨਾ ਚਿਰ ਤੱਕ ਜ਼ੁਲਮ ਉਹਨਾ ਨੇ ਜਰਨਾ ਸੀ, ਅੰਤ ਘੜਾ ਪਾਪਾਂ ਦਾ ਇੱਕ ਦਿਨ ਭਰਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ: ਕੀ ਹੁਣ ਸਿੱਖਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਤੇ ਯਕੀਨ ਨਹੀਂ ਰਿਹਾ ?

ਸ਼ਨਿਚਰਵਾਰ ੧੮ ਦਸੰਬਰ ਨੂੰ ਜਦੋਂ ਇੱਕ ਵਿਅਕਤੀ ਵਲੋਂ ਹਰਮੰਦਰ ਸਾਹਿਬ ਵਿਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਖਬਰ ਨਾਲ ਸਾਰੇ ਸੰਸਾਰ ਦੇ ਸਿੱਖਾਂ ਵਿਚ ਸਨਸਨੀ ਫੈਲ ਗਈ। ਇਹ ਗੱਲ ਕਿਸੇ ਦੇ ਵੀ ਚਿੱਤ ਚੇਤੇ ਨਹੀਂ ਸੀ ਕਿ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਜਿਸ ਮੁਬਾਰਕ ਅਸਥਾਨ ਤੋਂ ਰੱਬੀ ਬਾਣੀ ਦਾ ਕੀਰਤਨ ਸਰਬਤ ਦੇ ਭਲੇ ਹਿੱਤ ਹੁੰਦਾ ਹੈ ਉਥੇ ਕੋਈ ਕਲਯੁਗੀ ਬਿਰਤੀ ਵਾਲਾ ਇਸ ਤਰਾਂ ਦੇ ਨੀਚ ਇਰਾਦੇ ਨਾਲ ਵੀ ਜਾ ਸਕਦਾ ਹੈ। ਇਹ ਕਰਤੂਤ ਉਸ ਨੇ ੧੮ ਦਸੰਬਰ ੨੦੨੧ ਦੀ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਸਮੇਂ ਕੀਤੀ ਜਦ ਕਿ ਉਸ ਨੇ ਤੇਜੀ ਨਾਲ ਜੰਗਲਾ ਟੱਪ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚੋਂ ਸ੍ਰੀ ਸਾਹਿਬ ਚੁੱਕਣ ਦੀ ਜੁਰਅੱਤ ਕੀਤੀ। ਟਹਿਲੀਏ ਸਿੱਖਾਂ ਨੇ ਤਤਕਾਲ ਹੀ ਉਹਨੂੰ ਕਾਬੂ ਕਰਕੇ ਸੰਗਤਾਂ ਦੇ ਹਵਾਲੇ ਕਰ ਦਿੱਤਾਦੱਸਿਆ ਜਾਂਦਾ ਹੈ ਕਿ ਬਾਅਦ ਵਿਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਜਿਸ ਵੇਲੇ ਉਸ ਨੂੰ ਪੁੱਛ ਤਾਸ਼ ਕਰਨ ਲਈ ਸੋਧਾ ਲਾਇਆ ਤਾਂ ਉਹ ਸੱਟਾਂ ਦੀ ਤਾਬ ਨਾ ਸਹਾਰਦਾ ਹੋਇਆ ਪ੍ਰਾਣ ਤਿਆਗ ਗਿਆ। ਸ਼੍ਰੋਮਣੀ ਕਮੇਟੀ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਟਾਸਕ ਫੋਰਸ ਵਲੋਂ ਇਸ ਸ਼ੱਕੀ ਵਿਅਕਤੀ ਨੂੰ ੩/੪ ਵਾਰੀ ਅੰਦਰ ਜਾਣ ਤੋਂ ਰੋਕਿਆ ਗਿਆ ਸੀ ਪਰ ਸ਼ਾਮ ਨੂੰ ਜਦੋਂ ਟਾਸਕ ਫੋਰਸ ਦੀਆਂ ਡਿਊਟੀਆਂ ਬਦਲੀਆਂ ਤਾਂ ਇਹ ਕਿਸੇ ਤਰਾਂ ਮੂੰਹ ਲਕੋ ਕੇ ਅੰਦਰ ਚਲੇ ਗਿਆ। ਇਹ ਵਿਅਕਤੀ ਕਰੀਬ ੬/੭ ਘੰਟੇ ਦਰਬਾਰ ਸਾਹਿਬ ਸਮੂਹ ਵਿਚ ਰਿਹਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਧਾਮੀ ਨੇ ਕਿਹਾ ਹੈ ਕਿ ਜਿਸ ਤਰਾਂ ਇਸ ਵਿਅਕਤੀ ਨੇ ਜੰਗਲੇ ਤੋਂ ਛਾਲ ਮਾਰੀ ਉਸ ਤੋਂ ਇਹ ਜਾਪਦਾ ਹੈ ਕਿ ਇਸ ਨੂੰ ਬਕਾਇਦਾ ਕਿਸੇ ਕਮਾਂਡੋ ਫੋਰਸ ਵਲੋਂ ਟਰੇਨਿੰਗ ਦੇ ਕੇ ਭੇਜਿਆ ਗਿਆ ਸੀ। ਸ: ਧਾਮੀ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀ ਜਾਂਚ ਟੀਮ ਦਾ ੨ ਦਿਨ ਇੰਤਜ਼ਾਰ ਕਰਾਂਗੇ ਭਾਵੇਂ ਕਿ ਸਰਕਾਰ ਦੀ ਜਾਂਚ &lsquoਤੇ ਸਾਨੂੰ ਕੋਈ ਯਕੀਨ ਨਹੀਂ । ਜੇ ਸਰਕਾਰੀ ਐਸ ਆਈ ਟੀ (ਸਪੈਸ਼ਲ ਇਨਵੈਸਟੀਗੇਨ ਟੀਮ) ਨੇ ਕੁੱਝ ਨਤੀਜੇ ਨਾ ਦਿਖਾਏ ਤਾਂ ਸ਼੍ਰੋਮਣੀ ਕਮੇਟੀ ਖੁਦ ਜਾਂਚ ਕਰੇਗੀ। ਇਹ ਲੇਖ ਲਿਖਣ ਤਕ ਦਰਬਾਰ ਸਾਹਿਬ ਬੇਅਦਬੀ ਦੇ ਦੋਸ਼ੀ ਦੀ ਫੋਟੋ ਭਾਵੇਂ ਜਨਤਕ ਕੀਤੀ ਗਈ ਹੈ ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ। ਇਸ ਮਾਮਲੇ ਸਬੰਧੀ ਖੋਜ ਕਰ ਰਹੀ ਐਸ ਆਈ ਟੀ ਨੂੰ ਮਾਰੇ ਗਏ ਵਿਅਕਤੀ ਦੇ ਫਿੰਗਰ ਪ੍ਰਿੰਟ ਦਾ ਅਧਾਰ ਡਾਟਾ ਬੇਸ ਵਿਚ ਨਹੀਂ ਮਿਲਿਆ। ਹੁਣ ਤਕ ਗੁਰਬਾਣੀ ਦੀ ਬੇਅਦਬੀ ਦੇ ੪੦੦ ਤੋਂ ਵੱਧ ਕੇਸ ਹੋ ਚੁੱਕੇ ਹਨ ਅਤੇ ਜਿੰਨੇ ਵੀ ਵਿਅਕਤੀ ਫੜੇ ਗਏ ਉਹਨਾ ਨੂੰ ਦਿਮਾਗੀ ਹਾਲਤ ਖਰਾਬ ਕਹਿ ਕੇ ਛੱਡ ਦਿੱਤਾ ਗਿਆ। ਇਹ ਗੱਲ ਵਿਚਾਰ ਵਾਲੀ ਹੈ ਕਿ ਬੇਅਦਬੀਆਂ ਕਰਨ ਵਾਲਿਆਂ ਨੂੰ ਸਿਰਫ ਸਿੱਖ ਧਰਮ ਹੀ ਕਿਓਂ ਦਿਸਦਾ ਹੈ? ਇਹ ਨੁਕਤੇ ਵਾਰ ਵਾਰ ਭਾਰਤ ਵਿਚ ਸਿੱਖ ਕੌਮ ਦੀ ਪ੍ਰਭੂਸੱਤਾ &lsquoਤੇ ਸਵਾਲ ਖੜ੍ਹੇ ਕਰਦੇ ਹਨ!!!


ਜਿਕਰ-ਯੋਗ ਹੈ ਕਿ ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਸਰੋਵਰ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਹੋਇਆ ਸੀ ਜਦ ਕਿ ਸ੍ਰੀ ਕੇਸਗੜ੍ਹ ਸਾਹਿਬ ਵਿਖੇ ੧੩ ਸਤੰਬਰ ੨੦੧ ਨੂੰ ਕਿਸੇ ਦੁਸ਼ਟ ਨੇ ਸਿਗਰਟ ਦਾ ਧੂੰਆਂ ਛੱਡਣ ਦਾ ਕੁਕਰਮ ਕੀਤਾ ਸੀ ਜਿਸ ਨੂੰ ਸੇਵਾਦਾਰਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ। ਕੇਸ ਗੜ੍ਹ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਮ ਪ੍ਰਮਜੀਤ ਸਿੰਘ ਵਾਸੀ ਲੁਧਿਆਣਾ ਦੱਸਿਆ ਗਿਆ ਸੀ। ਇਸੇ ਤਰਾਂ ਕਿਸਾਨ ਅੰਦੋਲਨ ਸਮੇਂ ੧੫ ਅਕਤੂਬਰ ੨੦੨੧ ਨੂੰ ਸਿੰਘੂ ਬਾਰਡਰ ਤੇ ਨਿਹੰਗ ਛਉਣੀ ਵਿਚ ਸਰਬਲੋਹ ਗ੍ਰੰਥ ਦੀ ਬੇਅਦਬੀ ਦੇ ਸਬੰਧ ਵਿਚ ਤਰਨਤਾਰਨ ਦੇ ਲਖਬੀਰ ਸਿੰਘ ਨਾਮੀ ਬੰਦੇ ਨੂੰ ਕਤਲ ਕਰ ਦਿੱਤਾ ਗਿਆ ਸੀ। ਦਰਬਾਰ ਸਾਹਿਬ ਦੀ ਘਟਨਾ ਤੋਂ ਦੂਸਰੇ ਦਿਨ ੧੯ ਦਸੰਬਰ ੨੦੨੧ ਨੂੰ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿਖੇ ਇੱਕ ਵਿਅਕਤੀ &lsquoਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਪੁਲਿਸ ਦੇ ਸਾਹਮਣੇ ਹੀ ਪਿੰਡ ਵਾਲਿਆਂ ਨੇ ਕਥਿਤ ਦੋਸ਼ੀ ਨੂੰ ਕਤਲ ਕਰ ਦਿੱਤਾ ਗਿਆ ਸੀ ਜਦ ਕਿ ਮੌਕੇ ਤੇ ਐਸ ਐਸ ਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਮੀਡੀਏ ਨੂੰ ਦਿੱਤੇ ਬਿਆਨ ਵਿਚ ਕਿਹਾ ਸੀ ਕਿ ਦੋਸ਼ੀ ਤਾਂ ਗੁਰਦੁਆਰੇ ਗੈਸ ਸਿਲੰਡਰ ਚੋਰੀ ਕਰਨ ਗਿਆ ਸੀ ਨਾ ਕਿ ਬੇਅਦਬੀ ਕਰਨ। ਐਸ ਐਸ ਪੀ ਦਾ ਕਹਿਣਾ ਸੀ ਕਿ ਗੁਰਦੁਆਰਾ ਸਾਹਿਬ ਤਾਂ ਇਮਾਰਤ ਦੀ ਉੱਪਰਲੀ ਮੰਜ਼ਿਲ ਤੇ ਹੈ ਜਦ ਕਿ ਦੋਸ਼ੀ ਹੇਠੋਂ ਫੜਿਆ ਗਿਆ ਸੀ। ਪੁਲਿਸ ਦੇ ਇਸ ਬਿਆਨ &lsquoਤੇ ਸਿੱਖ ਸੰਗਤ ਵਿਚ ਰੋਸ ਹੈ ਇਸ ਦੋਸ਼ੀ ਸਬੰਧੀ ਏਨੀ ਕੁ ਖਬਰ ਅਜੇ ਤਕ ਮਿਲੀ ਹੈ ਕਿ ਬਿਹਾਰ ਦੀ ਇੱਕ ਔਰਤ ਵਲੋਂ ਦੋਸ਼ੀ ਨੂੰ ਆਪਣਾ ਭਰਾ ਦੱਸਿਆ ਗਿਆ ਹੈ। ਇਸ ਔਰਤ ਵਲੋਂ ਕਪੂਰਥਲਾ ਪੁਲਸ ਨੂੰ ਇਸ ਵਿਅਕਤੀ ਦੀ ਜਾਣਕਾਰੀ ਭੇਜੀ ਗਈ ਹੈ ਜਿਸ ਵਿਚ ਉਸ ਦਾ ਨਾਮ, ਜਨਮ ਤਾਰੀਖ ਅਤੇ ਬਚਪਨ ਦੀ ਫੋਟੋ ਵੀ ਹੈ। ਇਹ ਔਰਤ ਛੇਤੀ ਹੀ ਸ਼ਨਾਖਤ ਕਰਨ ਲਈ ਕਪੂਰਥਲਾ ਆ ਰਹੀ ਹੈ।

ਪੰਜਾਬ ਸਰਕਾਰ ਵਲੋਂ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਗੁਹਾਰ

ਦਰਬਾਰ ਸਾਹਿਬ ਅਤੇ ਕਪੂਰਥਲੇ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਮਗਰੋਂ ਪੰਜਾਬ ਦੇ ਗ੍ਰਹਿ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਇਕ ਚਿੱਠੀ ਦੇ ਮੀਡੀਏ ਵਿਚ ਚਰਚੇ ਹਨ। ਇਸ ਚੱਠੀ ਵਿਚ ਰੰਧਾਵਾ ਨੇ ਕਿਹਾ ਹੈ ਕਿ ਬੇਅਦਬੀ ਮੁੱਦੇ ਹੁਣ ਬਹੁਤ ਗੰਭੀਰ ਹੁੰਦੇ ਜਾ ਰਹੇ ਹਨ। ਰੰਧਾਵਾ ਨੇ ਲੋਕਾਂ ਦੀਆਂ ਧਾਰਮਕ ਭਾਂਵਨਾਵਾਂ ਭੜਕਾਉਣ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ ੨੯੫ ਏ ਬਾਰੇ ਕਿਹਾ ਹੈ ਕਿ ਆਈ ਪੀ ਸੀ -੧੮੬੦ ਦੀ ਇਸ ਧਾਰਾ ਵਿਚ ੩ ਸਾਲ ਤਕ ਦੀ ਸਜ਼ਾ ਦਾ ਪ੍ਰਬੰਧ ਹੈ ਪਰ ਇਹ ਬੇਅਦਬੀਆਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕਾਫੀ ਨਹੀਂ ਹੈ। ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਨੇ ਇੰਡੀਅਨ ਪੀਨਲ ਕੋਡ ਦੇ ਦਾ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਪੰਜਾਬ ਸੋਧ) ਬਿੱਲ ੨੦੧੮ ਪਾਸ ਕੀਤਾ ਗਿਆ ਸੀ ਜਿਸ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਾਗਵਤ ਗੀਤਾ, ਪਵਿੱਤਰ ਕੁਰਾਨ ਅਤੇ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਅਥਵਾ ਨੁਕਸਾਨ ਪਹੁੰਚਾਉਣ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਹੈ। ਇਹ ਬਿੱਲ ਪੰਜਾਬ ਰਾਜਪਾਲ ਵਲੋਂ ੧੨ ਅਗਸਤ ੨੦੧੮ ਨੂੰ ਪਾਸ ਕਰ ਦਿੱਤਾ ਗਿਆ ਸੀ। ਅਕਤੂਬਰ ੨੦੧੮ ਨੂੰ ਇਹ ਬਿੱਲ ਰਾਸ਼ਟਰਪਤੀ ਕੋਲ ਦਸਤਖਤਾਂ ਲਈ ਪੇਸ਼ ਕੀਤਾ ਗਿਆ ਜੋ ਕਿ ਪੈਂਡਿੰਗ ਹੈ। ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਬੇਅਦਬੀ ਦੀਆਂ ਘਟਨਾਵਾਂ ਵਿਚ ਰੋਕ ਲੱਗਣ ਦੀ ਸੰਭਾਵਨਾ ਹੈ।


ਬਹਿਬਲ ਕਲਾਂ ਧਰਨੇ ਤੇ ਪੀੜਤ ਪਰਿਵਾਰਾਂ ਨਾਲ ਸਿੱਧੂ ਧਰਨੇ ਤੇ ਜਾ ਬੈਠਾ

ਪਿਛਲੇ ੬ ਸਾਲਾਂ ਤੋਂ ਬਹਿਬਲ ਕਲਾਂ ਗੋਲੀ ਕਾਂਡ ਵਿਚ ਪੁਲਿਸ ਵਲੋਂ ਕੀਤੇ ਗਏ ਦੋ ਕਤਲਾਂ ਸਬੰਧੀ ਇਨਸਾਫ ਦੀ ਉਡੀਕ ਕਰ ਰਹੇ ਪੀੜਤ ਪਰਿਵਾਰ ਮੁੜ ਉਥੇ ਹੀ ਧਰਨੇ &lsquoਤੇ ਬੈਠ ਗਏ ਹਨ ਜਦੋਂ ਕਿ ਬਾਦਲ ਰਾਜ ਸਮੇਂ ਸ਼ਾਂਤਮਈ ਸਿੱਖਾਂ &lsquoਤੇ ਗੋਲੀ ਚਲਾ ਕੇ ਭਾਈ ਕ੍ਰਿਸ਼ਨ ਭਗਾਵਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ੧ ਜੂਨ ੨੦੧੫ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੁਰਾ ਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਲਾਪਤਾ ਹੋਈ ਸੀ ਜਿਸ ਸਬੰਧੀ ਦੋਸ਼ੀਆਂ ਨੇ ੨੦ ਸਤੰਬਰ ੨੦੧੫ ਨੂੰ ਗੁਰਦੁਆਰੇ ਦੀ ਕੰਧ ਤੇ ਇਸ਼ਤਿਹਾਰ ਲਾ ਕੇ ਸਿੱਖ ਪੰਥ ਨੂੰ ਚਣੌਤੀ ਦਿੱਤੀ ਸੀ ਕਿ ਇਸ ਬੇਅਦਬੀ ਵਿਚ ਸੌਦੇ ਵਾਲੇ ਡੇਰੇ ਦਾ ਹੱਥ ਹੈ ਅਤੇ ਉਹ ਇਸ ਬੀੜ ਦਾ ਅੰਗ ਅੰਗ ਗਲੀਆਂ ਵਿਚ ਖਿਲਾਰ ਦੇਣਗੇ। ੧੨ ਅਕਤੂਬਰ ੨੦੧੫ ਨੂੰ ਗੁਰੂ ਗ੍ਰੰਥ ਦੇ ਅੰਗ ਫਰੀਦਕੋਟ ਦੇ ਪਿੰਡ ਬਰਗਾੜੀ ਵਿਚੋਂ ਮਿਲੇ ਸਨ। ੧੪ ਅਕਤੂਬਰ ੨੦੧੫ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਹਾਰਾ ਕੀਤਾ ਸੀ ਜਿਥੇ ਪੁਲਿਸ ਨੇ ਲੋਕਾਂ ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਸੀ। ਹੁਣ ਤਕ ਇਸ ਕਾਂਡ ਸਬੰਧੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਵਲੋਂ ੧੨ ਦੋਸ਼ੀ ਨਾਮਜਦ ਕੀਤੇ ਸਨ ਜਿਹਨਾ ਵਿਚ ਸੌਦੇ ਵਾਲਾ ਖੁਦ ਮੁਖ ਦੋਸ਼ੀ ਸੀ। ਇਹਨਾ ਦੋਸ਼ੀਆਂ ਵਿਚੋਂ ਕੋਟਕਪੁਰਾ ਦੇ ਮਹਿੰਦਰਪਾਲ ਸਿੰਘ ਬਿੱਟੂ ਨੂੰ ਜਿਹਲ ਵਿਚ ਕਤਲ ਕਰ ਦਿੱਤਾ ਗਿਆ ਸੀ ਜਦ ਕਿ ਇੱਕ ਹੋਰ ਦੋਸ਼ੀ ਭਗੌੜਾ ਹੈ।

ਹੁਣ ਜਦੋਂ ਇਸ ਧਰਨੇ ਵਿਚ ਕਾਂਗਰਸ ਦਾ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਵੀ ਆ ਬੈਠਾ ਤਾਂ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਸਿੱਧੂ ਨੂੰ ਤੱਤੀਆਂ ਠੰਢੀਆਂ ਸੁਣਾਈਆਂ ਕਿ ਆਏ ਤਾਂ ਤੁਸੀਂ ਪਹਿਲਾਂ ਵੀ ਸੀ ਪਰ ਦੋਸ਼ੀਆਂ ਨੂੰ ਫੜਿਆ ਕਿਓਂ ਨਹੀਂ ਗਿਆ? ਸਿੱਧੂ ਨੇ ਕਿਹਾ ਕਿ ਮੇਰੇ ਕੋਲ ਫੈਸਲੇ ਲੈਣ ਦੇ ਅਧਿਕਾਰ ਨਹੀਂ ਹਨ ਪਰ ਜਦ ਵੀ ਮੇਰੇ ਕੋਲ ਪਾਵਰ ਆਈ ਤਾਂ ਮੈਂ ਇੱਕ ਦਿਨ ਵਿਚ ਮਾਮਲਾ ਸੁਲਝਾਂ ਦਿਆਂਗਾ ਜਦ ਕਿ ਇਹੀ ਗੱਲ ਕਦੀ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਹੀ ਸੀ ਕਿ ਕਾਂਗਰਸ ਨੂੰ ਵੋਟ ਦਿਓ ਤਾਂ ਇੱਕ ਦਿਨ ਵਿਚ ਮਾਮਲਾ ਸੁਲਝਾ ਦਿਆਂਗੇ ਜਦ ਕਿ ਕਾਂਗਰਸ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਗੁਟਕਾ ਸਾਹਿਬ ਦੀ ਸਹੁੰ ਹੀ ਚੁੱਕ ਲਈ ਸੀ। ਹੁਣ ਜਿਥੇ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਬੇਅਦਬੀ ਕਾਂਡ ਸਬੰਧੀ ਕਾਂਗਰਸ ਤੇ ਨਿਸ਼ਾਨੇ ਸੇਧ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ ਪੰਜਾਬ ਦਾ ਗ੍ਰਹਿ ਮੰਤਰੀ ਅਸਤੀਫਾ ਦੇਵੇ ਤੇ ਬੇਅਦਬੀ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਉਥੇ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਨੇ ਜਿਥੇ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਰੋਸ ਪ੍ਰਗਟ ਕੀਤਾ ਹੈ ਉਥੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਵੀ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਘੋਰ ਨਿੰਦਾ ਹੈ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਕਾਂਗਰਸ ਦੇ ਆਪਣੇ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਗੰਭੀਰ ਸਮੇਂ ਵੀ ਇਹ ਕਾਂਗਰਸੀ ਆਗੂ ਇੱਕ ਦੂਜੇ ਨਾਲ ਛਿੱਤਰ ਪਤਾਣ ਹੁੰਦੇ ਵੀ ਨਜ਼ਰ ਆ ਰਹੇ ਹਨ। ਅਸਲ ਵਿਚ ਇਹ ਆਗੂ ਆਪਸੀ ਕਿੜਾਂ ਕੱਢਣ ਦਾ ਤਮਾਸ਼ਾ ਹੀ ਕਰ ਰਹੇ ਹਨ । ਹੁਣ ਜਦੋਂ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਰਾਣਾ ਗੁਰਜੀਤ ਨੂੰ ਨਿਸ਼ਾਨੇ ਤੇ ਲਿਆ ਹੈ ਤਾਂ ਰਾਣਾ ਗੁਰਜੀਤ ਨੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਨੂੰ ਭਾੜੇ ਦਾ ਆਗੂ ਕਿਹਾ ਹੈ ਜੋ ਕੇਵਲ ਮੁਖ ਮੰਤਰੀ ਦਾ ਸੁਫਨਾ ਸਾਕਾਰ ਕਰਨ ਲਈ ਕਾਂਗਰਸ ਵਿਚ ਆਇਆ ਹੈ। ਇਹ ਗੱਲ ਗੌਰ ਕਰਨ ਵਾਲੀ ਹੈ ਕਿ ਸੰਨ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਦਾ ਕਾਰਨ ਬਹਿਬਲ ਕਲਾਂ ਅਤੇ ਕੋਟਕਪੁਰੇ ਵਿਚ ਸਰਕਾਰ ਵਲੋਂ ਕੀਤੇ ਗਏ ਲਾਠੀਚਾਰ ਅਤੇ ਗੋਲੀਬਾਰੀ ਸੀ ਜਦ ਕਿ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਅਸਮਰਥ ਰਹੀ ਸੀ। ਕਾਂਗਰਸ ਦੇ ਮੁਖ ਮੰਤਰੀ ਇਸੇ ਬੇਅਦਬੀ ਸਬੰਧੀ ਸਿੱਖਾਂ ਨੂੰ ਇਨਸਾਫ ਦੇਣ ਲਈ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਰਾਜਗੱਦੀ &lsquoਤੇ ਬੈਠਿਆ ਪਰ ਸਾਢੇ ਚਾਰ ਸਾਲ ਤਕ ਇਸ ਸਬੰਧੀ ਕੁਝ ਵੀ ਕਰ ਸਕਣੋ ਅਸਮਰਥ ਰਹਿਣ ਮਗਰੋਂ ਉਸ ਦੀ ਗੱਦੀ ਵੀ ਜਾਂਦੀ ਰਹੀ। ਸੰਨ ੨੦੨੨ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਵੀ ਬੇਅਦਬੀਆਂ ਦੇ ਮੁੱਦੇ ਦੇ ਭਾਰੂ ਰਹਿਣ ਦੇ ਸੰਕੇਤ ਹਨ।


ਸਾਡੇ ਸਿਆਸੀ ਮੱਤਭੇਦ ਤਾਂ ਹਨ ਪਰ ਕਿਸੇ ਦੀ ਸੋਚ ਏਨੀ ਮਾੜੀ ਨਹੀਂ - ਜਾਖੜ

ਪੰਜਾਬ ਕਾਂਗਰਸ ਦੇ ਆਗੂ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਰਾਜਨੀਤਕ ਮੱਤਭੇਦ ਹਨ ਪਰ ਸਾਡੀ ਸੋਚ ਏਨੀ ਵੀ ਮਾੜੀ ਨਹੀਂ ਹੈਇਹ ਗੱਲ ਕਹਿਣ ਦੀ ਸ੍ਰੀ ਜਾਖੜ ਨੂੰ ਲੋੜ ਸ਼ਾਇਦ ਏਸ ਕਰਕੇ ਪਈ ਕਿਓਂਕਿ ਲੋਕ ਹੁਣ ਬੇਅਦਬੀਆਂ ਦੇ ਮਗਰ ਰਾਜਨੀਤਕ ਆਗੂਆਂ ਨੂੰ ਦੋਸ਼ ਦੇ ਰਹੇ ਹਨ। ਕੋਈ ਇਸ ਕਰਤੂਤ ਨੂੰ ਕਿਸਾਨੀ ਅੰਦੋਲਨ ਵਿਚ ਭਾਜਪਾ ਅਤੇ ਆਰ ਐਸ ਐਸ ਦੇ ਹੋਏ ਤ੍ਰਿਸਕਾਰ ਨਾਲ ਜੋੜ ਰਿਹਾ ਹੈ ਅਤੇ ਕੋਈ ਭਾਰਤ ਵਿਚ ਇੱਕ ਅੱਤ ਕੱਟੜ ਸਿੱਖ ਵਿਰੋਧੀ ਜਮਾਤ ਨੂੰ ਦੋਸ਼ ਦੇ ਰਿਹਾ ਹੈ ਜਿਹਨਾ ਤੋਂ ਕਿਸਾਨ ਮੋਰਚੇ ਦੀ ਫਤਹਿ ਕਾਰਨ ਸਿੱਖਾਂ ਅਤੇ ਪੰਜਾਬੀਆਂ ਦੇ ਚੜ੍ਹਦੀ ਕਲਾ ਵਾਲਾ ਪ੍ਰਤੀਬਿੰਬ ਸਹਾਰਿਆ ਨਹੀਂ ਜਾ ਰਿਹਾ। ਸ੍ਰੀ ਸੁਨੀਲ ਜਾਖੜ ਨੇ ਦਰਬਾਰ ਸਾਹਿਬ ਬੇਅਦਬੀ ਨੂੰ ਸਰਹੱਦੋਂ ਪਾਰ ਕੀਤੀ ਗਈ ਕਾਰਵਾਈ ਕਿਹਾ ਹੈ।

ਕਾਂਗਰਸ ਦੇ ਸੀਨਅਰ ਆਗੂ ਅਸ਼ੋਕ ਸਿੰਘਵੀ ਨੇ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਬੇਅਦਬੀ ਮਾਮਲੇ ਭਿਆਨਕ ਹਨ ਤਾਂ ਐਸੇ ਮੌਕਿਆਂ ਤੇ ਲਿੰਚਿੰਗ (ਦੋਸ਼ੀ ਨੂੰ ਕੁੱਟ ਕੇ ਮਾਰ ਦੇਣਾ) ਵੀ ਸਹੀ ਨਹੀਂ ਹੈ। ਸਿੰਘਵੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਹਨਾ ਲੋਕਾਂ &lsquoਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹਨਾ ਨੇ ਦੋਸ਼ੀਆਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਹੈ। ਸਿੰਘਵੀ ਦੇ ਜਵਾਬ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਕਿਹਾ ਕਿ ਤੁਹਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਖ਼ਰ ਨੌਬਤ ਇਥੋਂ ਤਕ ਆਈ ਕਿਵੇਂ ਹੈ ਕਿਓਂਕਿ ਲੋਕਾਂ ਨੂੰ ਕਾਨੂੰਨ ਤੇ ਭਰੋਸਾ ਹੀ ਨਹੀਂ ਰਿਹਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸੀ ਆਗੂ ਨੂੰ ਸੰਨ ੧੯੮੪ ਵਿਚ ਗਿਣ ਮਿੱਥ ਕੇ ਸਿੱਖਾਂ ਦੇ ਕੀਤੇ ਕਤਲ ਸਬੰਧੀ ਵੀ ਨਿਸ਼ਾਨੇ &lsquoਤੇ ਲਿਆ ਹੈ। ਉਹਨਾ ਕਿਹਾ ਕਿ ਕਤਲ ਹੋਏ ਸਿੱਖਾਂ ਦੇ ਵਾਰਸ ਇਨਸਾਫ ਦੀ ਉਡੀਕ ਕਰਦੇ ਕਰਦੇ ਦੁਨੀਆਂ ਤੋਂ ਜਾ ਚੁੱਕੇ ਹਨ। ਜਥੇਦਾਰ ਸਾਹਿਬ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਜੇਕਰ ਦੋਸ਼ੀਆਂ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਕੁਝ ਹੀ ਦੇਰ ਮਗਰੋਂ ਸਰਕਾਰਾਂ ਇਹਨਾ ਦੋਸ਼ੀਆਂ ਨੂੰ ਛੱਡ ਦਿੰਦੀਆਂ ਹਨ। ਇਹ ਹੀ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਵਲੋਂ ਵੀ ਕਹੀ ਗਈ ਹੈ ਕਿ ਬੇਅਦਬੀ ਦੇ ਸਬੰਧ ਵਿਚ ਧਾਰਾ ੨੯੫ ਏ ਲਾਈ ਗਈ ਹੈ ਜਿਸ ਵਿਚ ਜਮਾਨਤ ਮਿਲ ਜਾਂਦੀ ਹੈ ਜਦ ਕਿ ਜੀਵਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿਚ ਕਤਲ ਦੀ ਧਾਰਾ ਲੱਗਣੀ ਚਾਹੀਦੀ ਹੈ।

ਇਹ ਗੱਲ ਖਾਸ ਤੌਰ &lsquoਤੇ ਜਿਕਰਯੋਗ ਹੈ ਕਿ ਭਾਰਤੀ ਦੰਡਾਵਾਲੀ ਸਿੱਖਾਂ ਪ੍ਰਤੀ ਏਨੀ ਪੱਖਪਾਤ ਵਿਚ ਹੈ ਕਿ ਜੇਕਰ ਕਿਸੇ ਸਿੱਖ ਕੋਲੋਂ ਖਾਲਿਸਤਾਨ ਸਬੰਧੀ ਕੋਈ ਸਾਹਿਤ ਮਿਲਦਾ ਹੈ ਤਾਂ ਉਸ ਨੂੰ ਉਮਰ ਕੈਦ ਦਿੱਤੀ ਜਾ ਸਕਦੀ ਹੈ ਪਰ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਧਾਰਾ 295A ਦੀ ਛਾਨਣੀ ਵਿਚੋਂ ਦੋਸ਼ੀ ਸਹਿਜੇ ਹੀ ਖਿਸਕ ਜਾਂਦੇ ਹਨ। ਪੰਜਾਬ ਵਿਚ ਸਿਆਸੀ ਪਾਰਟੀਆਂ ਦੀ ਸ਼ਹਿ &lsquoਤੇ ਡੇਰਾਵਾਦ ਵਿਕਸਿਤ ਹੋਇਆ ਹੈ ਜਿਹਨਾ ਨੇ ਹਮੇਸ਼ਾਂ ਸਿੱਖ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਬੇਅਦਬੀ ਦੀਆਂ ਅਜੋਕੀਆਂ ਘਟਨਾਵਾਂ ਨੇ ਸੰਨ ੧੯੭੮ ਦੇ ਕਾਂਡ ਨੂੰ ਤਾਜ਼ਾ ਕਰ ਦਿੱਤਾ ਹੈ ਜਦ ਕਿ ਨਰਕਧਾਰੀਆਂ ਨੇ ਗੋਲੀਆਂ ਮਾਰ ਕੇ ੧੩ ਸਿੰਘ ਸ਼ਹੀਦ ਕਰ ਦਿੱਤੇ ਸਨ ਤੇ ਉਸ ਸਮੇਂ ਵੀ ਬਾਦਲ ਸਰਕਾਰ ਵਲੋਂ ਹੀ ਨਰਕਧਾਰੀਆਂ ਦੀ ਪੁਸ਼ਤ ਪਨਾਹੀ ਕੀਤੀ ਗਈ ਸੀ।

 ਕੁਲਵੰਤ ਸਿੰਘ &lsquoਢੇਸੀ&rsquo