image caption:

ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਚੋਣਾਂ ਦੇ ਰਸਤਾ ਛੱਡ ਕੇ ਸੰਘਰਸ਼ ਦੇ ਰਸਤੇ 'ਤੇ ਮੁੜ ਆਉਣ ਦੀ ਅਪੀਲ

 ਦਲਜੀਤ ਕੌਰ ਭਵਾਨੀਗੜ੍ਹ

ਸੰਗਰੂਰ,- ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪਿੰਡ ਬਡਬਰ ਵਿਖੇ ਇਕਾਈ ਦੀ ਚੋਣ ਕਰਦਿਆਂ ਮਲਕੀਤ ਸਿੰਘ ਗਿੱਲ ਨੂੰ ਪ੍ਰਧਾਨ, ਬਾਬਾ ਬਲਵਿੰਦਰ ਸਿੰਘ ਮੀਤ ਪ੍ਰਧਾਨ, ਸਵਿੰਦਰ ਸਿੰਘ ਚੰਬਲ ਸੀਨੀਅਰ ਮੀਤ ਪ੍ਰਧਾਨ, ਜਗੀਰ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਗੋਬਿੰਦ ਸਿੰਘ ਜਵੰਧਾ ਕੈਸ਼ੀਅਰ, ਜਸਪਾਲ ਸਿੰਘ ਸੰਧੂ ਸਹਾਇਕ ਕੈਸ਼ੀਅਰ, ਸੁਖਪਾਲ ਸਿੰਘ ਸਹਾਇਕ ਕੈਸ਼ੀਅਰ ਅਤੇ ਕਸ਼ਮੀਰ ਸਿੰਘ ਭੁੱਲਰ ਨੂੰ ਸਕੱਤਰ, ਬਲਵੀਰ ਸਿੰਘ ਸਧਾਰੀਆ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਨ੍ਹਾਂ ਸਮੇਤ 41 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਜਥੇਬੰਦੀ ਦੇ ਵਿਧਾਨ ਅਤੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਜਥੇਬੰਦੀ ਦੁਆਰਾ ਦਿੱਲੀ ਅੰਦੋਲਨ ਵਿੱਚ ਨਿਭਾਏ ਰੋਲ ਬਾਰੇ ਵਿਸਥਾਰ ਵਿੱਚ ਦੱਸਿਆ ਤੇ ਕਿਹਾ ਕਿ ਕਾਰਪੋਰੇਟ ਖੇਤੀ ਮਾਡਲ ਨੇ ਜਿੱਥੇ ਸਾਡੇ ਕਿਸਾਨਾਂ ਨੂੰ ਕਰਜ਼ਾਈ ਕੀਤਾ, ਸਾਡੀ ਜ਼ਮੀਨ ਜ਼ਹਿਰੀਲੀ ਕੀਤੀ ਅਤੇ ਸਾਡੇ ਪਾਣੀ ਦੀ ਬਰਬਾਦੀ ਕੀਤੀ ਹੈ ਉਥੇ ਵੱਡੀ ਪੱਧਰ ਤੇ ਬੇਰੁਜ਼ਗਾਰੀ ਦਾ ਵੀ ਕਾਰਨ ਬਣਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣੇ ਇਸ ਮਾਡਲ ਨੂੰ ਹੋਰ ਅੱਗੇ ਵਧਾਉਂਦਿਆਂ ਸਾਡੀ ਜ਼ਮੀਨ ਵੀ ਸਾਡੇ ਤੋਂ ਖੋਹਣ ਦੀ ਤਾਕ ਵਿੱਚ ਹਨ। ਇਸ ਲਈ ਅਜੋਕੇ ਸਮੇਂ ਦੌਰਾਨ ਮਜ਼ਬੂਤ ਕਿਸਾਨ ਲਹਿਰ ਦੀ ਲੋੜ ਹੈ ਤਾਂ ਜੋ ਇਕ ਬਦਲਵਾਂ ਖੇਤੀ ਮਾਡਲ ਉਸਾਰ ਕੇ ਕਿਸਾਨਾਂ ਸਿਰ ਚੜੇ ਕਰਜ਼ੇ ਦਾ ਮਸਲਾ, ਵਾਤਾਵਰਣ ਦੀ ਬੱਚਤ ਅਤੇ ਪਾਣੀ ਦੀ ਬੱਚਤ ਕੀਤੀ ਜਾ ਸਕੇ। 

ਇਸ ਮੌਕੇ ਜਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਾ ਕੋਈ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ ਤੇ ਨਾ ਹੀ ਕਿਸੇ ਦੀ ਹਮਾਇਤ ਕੀਤੀ ਜਾਵੇਗੀ, ਬਲਕਿ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚੋਣਾਂ ਦੇ ਰਸਤੇ ਤੋਂ ਵਾਪਸ ਆ ਕੇ ਸੰਘਰਸ਼ ਦੇ ਰਸਤੇ ਤੇ ਪਹਿਲਾਂ ਦੀ ਤਰ੍ਹਾਂ ਮੁੜ ਆਉਣ ਅਤੇ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਲੋਕਾਂ ਅਤੇ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਾਰੀਆਂ ਜਥੇਬੰਦੀਆਂ ਦੇ ਆਗੂ ਸਤਿਕਾਰਯੋਗ ਹਨ ਕਿਸੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਦੀ ਬਜਾਏ ਪਹਿਲਾਂ ਦੀ ਤਰ੍ਹਾਂ ਜਥੇਬੰਦੀਆਂ ਨੂੰ ਇੱਕ ਮੰਚ ਤੇ ਲਿਆ ਕੇ ਸੰਘਰਸ਼ ਦੇ ਰਾਹ ਪਾਉਣ ਵੱਲ ਤੋਰਨਾ ਚਾਹੀਦਾ ਹੈ। ਆਗੂ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੇ ਹਰ ਤਰ੍ਹਾਂ ਦੇ ਮਸਲਿਆਂ ਤੇ ਜਥੇਬੰਦੀ ਪਿੰਡ ਇਕਾਈ ਦਾ ਤੇ ਕਿਸਾਨਾਂ ਦਾ ਡਟ ਕੇ ਸਾਥ ਦੇਵੇਗੀ। 

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਭਜਨ ਸਿੰਘ ਢੱਡਰੀਆਂ, ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ, ਯੂਥ ਵਿੰਗ ਦੇ ਆਗੂ ਮਨਦੀਪ ਸਿੰਘ ਲਿੱਦੜਾਂ, ਇਕਾਈ ਲੌਂਗੋਵਾਲ ਦੇ ਪ੍ਰਧਾਨ ਹਰਦੇਵ ਸਿੰਘ ਦੁੱਲਟ, ਲਿੱਦਡ਼ਾਂ ਦੇ ਪ੍ਰਧਾਨ ਸੁਰਿੰਦਰ ਸਿੰਘ, ਤਕੀਪੁਰ ਦੇ ਪ੍ਰਧਾਨ ਸਾਹਿਬ ਸਿੰਘ, ਯੂਥ ਆਗੂ ਰਵਿੰਦਰ ਸਿੰਘ, ਤੇਜਿੰਦਰ ਸਿੰਘ ਢੱਡਰੀਆਂ, ਜਥੇਦਾਰ ਸੁਖਦੇਵ ਸਿੰਘ, ਕਰਮ ਸਿੰਘ, ਭੋਲਾ ਸਿੰਘ ਪਨਾਂਚ ਸਮੇਤ ਵੱਡੀ ਗਿਣਤੀ ਆਗੂ ਅਤੇ ਕਿਸਾਨ ਹਾਜ਼ਰ ਸਨ।