image caption: ਕੁਲਵੰਤ ਸਿੰਘ ਢੇਸੀ

ਬਹੁਤ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ, ਜਬ ਦੇਖਾ ਤੋ ਕਤਰਾ ਏ ਖੂਨ ਨਿਕਲਾ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਤੋਂ ਬੇਰੰਗ ਮੁੜਨਾ ਮੀਡੀਏ ਨੂੰ ਰੰਗ ਗਿਆ

ਅੱਜਕਲ ਮੀਡੀਏ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਜ਼ਿਕਰ ਭਾਰੂ ਹੈ। ਪ੍ਰਧਾਨ ਮੰਤਰੀ ਦੀ ਸਰੱਖਿਆ ਨੂੰ ਲੈ ਕੇ ਮਾਮਲਾ ਕੁਝ ਏਨੀ ਤੂ਼ਲ ਫੜ ਗਿਆ ਹੈ ਕਿ ਗੱਲ ਸੁਪਰੀਮ ਕੋਰਟ ਤੱਕ ਪਹੁੰਚ ਗਈ। ਗੋਦੀ ਮੀਡੀਏ ਵਲੋਂ ਸਾਰੇ ਦਾ ਸਾਰਾ ਭਾਂਡਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਿਰ ਭੰਨਿਆਂ ਜਾਂਦਾ ਹੈ ਅਤੇ ਜਾਂ ਕਿਸਾਨ ਮੋਰਚੇ ਦੀ ਰੈਲੀ ਨੂੰ ਨਿਸ਼ਾਨੇ &lsquoਤੇ ਰੱਖਿਆ ਜਾ ਰਿਹਾ ਹੈ ਮੁੱਦਾ ਕੋਈ ਵੀ ਹੋਵੇ ਜਦੋਂ ਉਹ ਰਾਜਨੀਤਕ ਤੂਲ ਫੜ ਜਾਵੇ ਤਾਂ ਹਰ ਧਿਰ ਆਪੋ ਆਪਣੇ ਹਿਸਾਬ ਨਾਲ ਲਾਹਾ ਲੈਣ ਲਈ ਟਿੱਲ ਲਉਂਦੀ ਹੈ। ਸਾਲ ਭਰ ਚੱਲੇ ਕਿਸਾਨੀ ਅੰਦੋਲਨ ਕਾਰਨ ਪੰਜਾਬ ਵਿਚ ਭਾਜਪਾ ਮੂਧੇ ਮੂੰਹ ਪਈ ਹੈ। ਮੋਦੀ ਦੀ ਪੰਜਾਬ ਫੇਰੀ ਪੰਜਾਬ ਭਾਜਪਾ ਲਈ ਇੱਕ ਆਸ ਦੀ ਕਿਰਨ ਸੀ ਅਤੇ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਮੋਦੀ ਦੀ ਰੈਲੀ ਵਿਚ ਇੱਕ ਲੱਖ ਤਕ ਲੋਕ ਸ਼ਾਮਲ ਹੋ ਸਕਦੇ ਹਨ। ਇਹੀ ਕਾਰਨ ਸੀ ਕਿ ਇਸ ਰੈਲੀ ਲਈ ਸੱਤਰ ਹਜ਼ਾਰ ਕੁਰਸੀਆਂ ਲਾਈਆਂ ਗਈਆਂ ਜਦ ਕਿ ਕੇਵਲ ੭੦੦ ਕੁ ਵਿਅਕਤੀ ਹੀ ਹਾਜ਼ਰ ਪਾਏ ਗਏ। ਰੈਲੀ ਦੀ ਮੰਦਹਾਲੀ ਦਾ ਵੱਡਾ ਕਾਰਨ ਬਾਰਸ਼ ਦੱਸਿਆ ਗਿਆ ਅਤੇ ਨਿਰਾਸ਼ ਭਾਜਪਾ ਹੁਣ ਆਪਣਾ ਨਜਲਾ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਕਿਸਾਨ ਧਰਨਾਕਾਰੀਆਂ &lsquoਤੇ ਕੱਢ ਰਹੀ ਹੈ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਅਹਿਮੀਅਤ

ਇਹ ਗੱਲ ਗੌਰ ਕਰਨ ਵਾਲੀ ਹੈ ਕਿ ਜਿਥੇ ਆਮ ਤੌਰ &lsquoਤੇ ਕਿਸੇ ਵੀ ਦੇਸ਼ ਦੇ ਆਗੂ ਦੀ ਸੁਰੱਖਿਆ ਦਾ ਮੁੱਦਾ ਅਹਿਮ ਹੁੰਦਾ ਹੈ ਉਥੇ ਗੁਜਰਾਤ ਦੰਗਿਆਂ ਅਤੇ ਘੱਟ ਗਿਣਤੀਆਂ ਦੀ ਰਾਜਨੀਤੀ ਨਾਲ ਜੁੜੇ ਹੋਏ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਆਪਣੇ ਆਪ ਵਿਚ ਹੋਰ ਵੀ ਗੰਭੀਰ ਮੁੱਦਾ ਹੈ ਜੇਕਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕਮੀ ਕਾਰਨ ਕਿਧਰੇ ਵੀ ਹਬੀ ਨਬੀ ਹੁੰਦੀ ਹੈ ਤਾਂ ਇਸ ਦਾ ਪ੍ਰਕੋਪ ਕਿਸੇ ਘੱਟ ਗਿਣਤੀ &lsquoਤੇ ਉਸੇ ਹੀ ਰੂਪ ਵਿਚ ਨਿਕਲ ਸਕਦਾ ਹੈ ਜਿਵੇਂ ਕਿ ਇੰਦਰਾਂ ਦੇ ਕਤਲ ਤੋਂ ਬਾਅਦ ਕਾਂਗਰਸੀਆਂ ਨੇ ਦੇਸ਼ ਭਰ ਵਿਚ ਸਿੱਖਾਂ ਨੂੰ ਜੀਂਦੇ ਜੀਅ ਸਾੜਿਆ ਸੀਇਹਨੀ ਦਿਨੀ ਇਹ ਗੱਲ ਵੀ ਸੁਰਖੀਆਂ ਵਿਚ ਆਈ ਹੈ ਕਿ ਕਈ ਵੇਰ ਤਾਂ ਪ੍ਰਧਾਨ ਮੰਤਰੀ ਆਪਣੀ ਸੁਰੱਖਿਆ ਲਈ ਆਪ ਹੀ ਖਤਰਾ ਬਣ ਜਾਂਦੇ ਹਨਇਸ ਦੀ ਮਿਸਾਲ ਯੂ ਪੀ / ਵਾਰਾਣਸੀ ਮੋਦੀ ਦੀ ਰੈਲੀ ਹੈ ਜਿਥੇ ਇੱਕ ਤੰਗ ਸੜਕ ਵਿਚ ਪ੍ਰਧਾਨ ਮੰਤਰੀ ਦੀ ਗੱਡੀ ਜਦੋਂ ਜਾ ਰਹੀ ਹੁੰਦੀ ਹੈ ਤਾਂ ਉਸ ਦੀ ਗੱਡੀ ਵਲ ਉਮੜ ਰਹੀ ਭੀੜ ਨੂੰ ਬੇਸ਼ਕ ਪ੍ਰਧਾਨ ਮੰਤਰੀ ਦੇ ਅੰਗ ਰੱਖਿਅਕ ਖਦੇੜਨ ਦੀ ਕੋਸ਼ਿਸ਼ ਕਰਦੇ ਹਨ ਪਰ ਪ੍ਰਧਾਨ ਮੰਤਰੀ ਖੁਦ ਹੀ ਗੱਡੀ ਦਾ ਦਰਵਾਜਾ ਖੋਹਲ ਕੇ ਅੰਗ ਰੱਖਿਅਕਾਂ ਨੂੰ ਕਹਿ ਰਹੇ ਹਨ ਕਿ ਭੀੜ ਨੂੰ ਨਾ ਰੋਕਿਆ ਜਾਵੇ ਅਤੇ ਫਿਰ ਇੱਕ ਮੋਦੀ ਭਗਤ ਮੋਦੀ ਜੀ ਦੇ ਸਿਰ ਤੇ ਟੋਪੀ ਰੱਖ ਕੇ ਗਲ ਵਿਚ ਸਾਫਾ ਵੀ ਪਾ ਦਿੰਦਾ ਹੈ। ਕਿਹਾਂ ਜਾਂਦਾ ਹੈ ਕਿ ਵਾਰਾਣਸੀ ਦਾ ਇਹ ਇਲਾਕਾ ਪ੍ਰਧਾਨ ਮੰਤਰੀ ਮੋਦੀ ਦਾ ਆਪਣਾ ਹਲਕਾ ਸੀ ਅਤੇ ਉਸ ਦੀ ਗੱਡੀ ਵਲ ਉਮੜ ਰਹੇ ਲੋਕ ਵੀ ਭਾਜਪਾ ਦੇ ਆਪਣੇ ਲੋਕ ਸਨ। ਹੁਣ ਇਹ ਗੱਲ ਵਿਸ਼ੇਸ਼ ਤੌਰ &lsquoਤੇ ਖਿਆਲ ਕਰਨ ਵਾਲੀ ਹੈ ਕਿ ਖੁਦਾ ਨਾ ਖਾਸਤਾ ਜੇਕਰ ਕਿਸੇ ਨੇ ਪ੍ਰਧਾਨ ਮੰਤਰੀ &lsquoਤੇ ਹਮਲਾ ਕਰਨਾ ਹੋਵੇ ਤਾਂ ਜ਼ਾਹਿਰ ਹੈ ਕਿ ਉਹ ਭਾਜਪਾਈਆਂ ਦੀ ਭੀੜ ਦਾ ਹਿੱਸਾ ਬਣ ਕੇ ਹੀ ਅਜੇਹੀ ਕੋਸ਼ਿਸ਼ ਕਰੇਗਾਹੁਣ ਜਦੋਂ ਕਿ ਭਾਰਤ ਦੀ ਸੁਪਰੀਮ ਕੋਰਟ ਵਲੋਂ ਮੋਦੀ ਜੀ ਦੀ ਸੁਰੱਖਆ ਦਾ ਮੁੱਦਾ ਵਿਚਾਰਿਆ ਜਾ ਰਿਹਾ ਹੈ ਤਾਂ ਉਮੀਦ ਕੀਤੀ ਜਾਂਦੀ ਕਿ ਨਿਆਂ ਪਾਲਕਾ ਇਹਨਾ ਗੱਲਾਂ ਨੂੰ ਵੀ ਧਿਆਨ ਵਿਚ ਰੱਖੇਗੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਸੁਰੱਖਿਆ ਲਈ ਖੁਦ ਹੀ ਖਤਰਾ ਕਿਓਂ ਬਣ ਜਾਂਦਾ ਹੈ?

ਫਲਾਈ ਉਪਰ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ

ਫਿਰੋਜ਼ਪੁਰ ਰੈਲੀ ਤੇ ਜਾਂਦਿਆਂ ਰਸਤੇ ਵਿਚ ਹੀ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਪਿੰਡ ਪਿਆਰੇਆਣਾ ਨੇੜੇ ਫਲਾਈਓਵਰ ਤੇ ੧੫ ਤੋਂ ੨੦ ਮਿੰਟ ਲਈ ਰੁਕਣਾ ਦੇਸ਼ ਵਿਆਪੀ ਗੰਭੀਰ ਮੁੱਦਾ ਬਣ ਗਿਆ ਹੈ। ਇਸ ਮਾਮਲੇ ਨੂੰ ਹੱਲ ਕਰਨ ਲਈ ਕੇਂਦਰ ਅਤੇ ਪੰਜਾਬ ਵਲੋਂ ਜਾਂਚ ਕਮੇਟੀਆਂ ਬਣਾਈਆਂ ਗਈਆਂ ਹਨ ਪਰ ਹਾਲ ਦੀ ਘੜੀ ਭਾਰਤੀ ਸੁਪਰੀਮ ਕੋਰਟ ਨੇ ਇਹਨਾ ਕਮੇਟੀਆਂ ਦੀ ਕਾਰਵਾਈ ਨੂੰ ਰੋਕ ਦਿੱਤਾ ਹੈ।

ਤਹਿ ਸ਼ੁਦਾ ਪ੍ਰੋਗ੍ਰਾਮ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਿੱਲੀ ਤੋਂ ਹਵਾਈ ਜਹਾਜ ਰਾਹੀਂ ਬਠਿੰਡਾ ਪਹੁੰਚੇ ਜਿਥੇ ਉਹਨਾ ਦਾ ਸਵਾਗਤ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਉਹਨਾ ਨੇ ਬਠਿੰਡਾ ਤੋਂ ਫਿਰੋਜ਼ਪੁਰ ਦਾ ਸਫਰ ਐਮ ਆਈ ੧੭ ਹੈਲੀਕਾਪਟਰ ਰਾਹੀਂ ਤਹਿ ਕਰਨਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਇਹ ਸਫਰ ਹੈਲੀਕਾਪਟਰ ਦੀ ਬਜਾਏ ਕਾਰਾਂ ਦੇ ਕਾਫਲੇ ਨਾਲ ਤਹਿ ਕਰਨ ਦਾ ਫੈਸਲਾ ਕੀਤਾ ਗਿਆ ਸੀ। ਫਿਰੋਜ਼ਪੁਰ ਨੂੰ ਜਾਂਦਿਆਂ ਸੁਰੱਖਿਆ ਦੇ ਮੁੱਦੇ ਨੂੰ ਮੁਖ ਰੱਖਦਿਆਂ ਇੱਕ ਫਲਾਈ ਓਵਰ &lsquoਤੇ ਇਸ ਕਾਫਲੇ ਰੋਕ ਲਿਆ ਗਿਆ। ਇਸ ਥਾਂ ਤੋਂ ਤਕਰੀਬਨ ਇੱਕ ਕਿਲੋਮੀਟਰ ਦੂਰ ਕਿਸਾਨ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਜਦ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਬਿਲਕੁਲ ਨੇੜੇ ਭਾਜਪਾ ਸਮਰਥਕ ਵੀ ਨਾਅਰੇਬਾਜੀ ਕਰ ਰਹੇ ਸਨ। ਭਾਰਤੀ ਮੀਡੀਏ ਵਿਚ ਜ਼ਿਆਦਾਤਰ ਭਾਜਪਾ ਵਾਲਿਆਂ ਨੂੰ ਹੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਕਹਿ ਕੇ ਪ੍ਰਚਾਰਿਆ ਗਿਆ ਜਦ ਕਿ ਸੱਚਾਈ ਹੌਲੀ ਹੌਲੀ ਸਾਹਮਣੇ ਆਈ। ਪ੍ਰਧਾਨ ਮੰਤਰੀ ਨੇ ਇਸ ਦੌਰੇ ਦੌਰਾਨ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਸੀ ਅਤੇ ਫਿਰ ਫਿਰੋਜ਼ਪੁਰ ਵਿਖੇ ਪੀ ਜੀ ਆਈ ਹਸਪਤਾਲ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨ ਮਗਰੋਂ ਰੈਲੀ ਵਿਚ ਪਹੁੰਚ ਕੇ ਪੰਜਾਬ ਲਈ ਵਿਸ਼ੇਸ਼ ਪੈਕਜ ਐਲਾਨ ਕਰਨਾ ਸੀ

ਜਿਥੋਂ ਤਕ ਕਿਸਾਨੀ ਧਰਨੇ ਦਾ ਸਵਾਲ ਹੈ ਉਸ ਸਬੰਧੀ ੬ ਜਨਵਰੀ ਨੂੰ ਸੰਯੁਕਤ ਮੋਰਚੇ ਵਲੋਂ ਜਾਰੀ ਬਿਆਨਾ ਵਿਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦੀ ਰੈਲੀ ਦਾ ਸੰਕੇਤਕ ਵਿਰੋਧ ਕਰਨ ਦਾ ਐਲਾਨ ੧੦ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਸੀ। ਇਸ ਵਿਰੋਧ ਦਾ ਕਾਰਨ ਲਖੀਮਪੁਰ ਖੀਰੀ ਮਾਮਲੇ ਸਬੰਧੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਅਤੇ ਕਿਸਾਨਾਂ ਦੀਆਂ ਅਧੂਰੀਆਂ ਬਕਾਇਆ ਮੰਗਾਂ ਵੀ ਸਨ ਜਿਹਨਾ ਵਿਚ ਐਮ ਐਸ ਪੀ ਦੀ ਮੁਹਲਤ ਅਤੇ ਕਿਸਨ ਮੋਰਚੇ ਦੌਰਾਨ ਗ੍ਰਿਫਤਾਰ ਹੋਏ ਕਿਸਾਨਾ ਦੀ ਰਿਹਾਈ ਦੇ ਮੁੱਦੇ ਸਨ। ਇਹਨਾ ਕਿਸਾਨਾ ਨੇ ਆਪਣੀਆਂ ਮੰਗਾਂ ਸਬੰਧੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇਣਾ ਸੀ। ਕਿਸਾਨ ਆਗੂ ਬਲਦੇਵ ਸਿੰਘ ਦੇ ਦੱਸਣ ਮੁਤਾਬਕ ਜਦੋਂ ਡੇੜ ਸੌ ਦੇ ਕਰੀਬ ਕਿਸਾਨਾ ਦਾ ਇਹ ਕਾਫਲਾ ਡੀ ਸੀ ਦਫਤਰ ਵਲ ਜਾ ਰਿਹਾ ਸੀ ਤਾਂ ਪੁਲਸ ਵਲੋਂ ਉਹਨਾ ਨੂੰ ਪਿੰਡ ਪਿਆਰੇਆਣਾ ਨੇੜੇ ਫਲਾਈਓਵਰ &lsquoਤੇ ਹੀ ਰੋਕ ਲਿਆ ਗਿਆ ਕਿ ਅੱਗੇ ਪ੍ਰਧਾਨ ਮੰਤਰੀ ਦਾ ਕਾਫਲਾ ਹੈ ਪਰ ਕਿਸਾਨਾ ਨੇ ਪੁਲਸ ਦੀ ਗੱਲ ਤੇ ਯਕੀਨ ਨਾ ਕੀਤਾ ਕਿਓਂਕਿ ਉਹਨਾ ਮੁਤਾਬਕ ਤਾਂ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਰੈਲੀ ਤੇ ਜਾ ਰਹੇ ਸਨ ਇਸ ਕਾਰਨ ਇਹ ਕਿਸਾਨ ਪੁਲ &lsquoਤੇ ਹੀ ਧਰਨਾ ਲਾ ਕੇ ਬੈਠ ਗਏ। ਕਿਸਾਨਾ ਦਾ ਇਹ ਵੀ ਖਿਆਲ ਸੀ ਕਿ ਪੁਲਸ ਬੀ ਜੇ ਪੀ ਵਰਕਰਾਂ ਦੀਆਂ ਬੱਸਾਂ ਲਈ ਰਾਹ ਪੱਧਰਾ ਕਰਨ ਲਈ ਹੀ ਇਹ ਕਰ ਰਹੀ ਹੈ। ਸੰਯੁਕਤ ਮੋਰਚੇ ਦੇ ਆਗੂਆਂ ਦੇ ਬਿਆਨਾ ਮੁਤਾਬਕ ਪ੍ਰਧਾਨ ਮੰਤਰੀ ਦੇ ਕਾਫਲੇ ਵਿਚ ਵਿਘਨ ਪਉਣਾ ਜਾਂ ਰੈਲੀ ਰੋਕਣਾ ਕਿਸਾਨਾ ਦਾ ਮੰਤਵ ਨਹੀਂ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਇਹ ਕਿਹਾ ਗਿਆ ਸੀ ਕਿ ਜੇ ਸਰਕਾਰ ਉਹਨਾ ਦੀਆਂ ਲਿਖਤੀ ਮੰਗਾਂ ਮੰਨਦੀ ਹੈ ਤਾਂ ਕਿਸਾਨ ਸੜਕ ਤੋਂ ਆਪਣਾ ਧਰਨਾ ਚੁੱਕ ਦੇਣਗੇ। ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਭਾਜਪਾ ਵਰਕਰ ਜਦੋਂ ਬੱਸਾਂ ਵਿਚੋਂ ਨਿਕਲ ਕੇ ਕਿਸਾਨਾਂ ਖਿਲਾਫ ਨਾਅਰੇ ਮਾਰਦੇ ਹੱਥੋਪਾਈ ਤੇ ਉਤਰ ਆਏ ਤਾਂ ਕਿਸਾਨ ਕਹਿਣ ਲੱਗ ਪਏ ਕਿ ਹੁਣ ਇਹਨਾ ਵਰਕਰਾਂ ਨੂੰ ਅੱਗੇ ਨਹੀਂ ਲੰਘਣ ਦੇਣਾ। ਜਦ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਵਾਪਸ ਮੁੜਨ ਤੇ ਇਹ ਕਿਸਾਨ ਧਰਨੇ ਤੋਂ ਉੱਠ ਗਏ ਸਨ।

ਹੁਣ ਸਵਾਲ ਉਠਾਏ ਜਾ ਰਹੇ ਹਨ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਦੇ ਕਾਫਲੇ ਵਿਚ ਖੜੋਤ ਆਈ ਸੀ ਤਾਂ ਪੰਜਾਬ ਸਰਕਾਰ ਦੇ ਡੀ ਜੀ ਪੀ ਜਾਂ ਮੁੱਖ ਸਕੱਤਰ ਵਲੋਂ ਉਹਨਾ ਨੂੰ ਬਦਲਵਾਂ ਰੂਟ ਕਿਓਂ ਨਾ ਦਿੱਤਾ ਗਿਆ। ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਹੈਲੀਕਾਪਟਰ ਦੀ ਬਜਾਏ ਸੜਕ ਰਾਹੀਂ ਰੈਲੀ ਤੇ ਪਹੁੰਚਣ ਦੀ ਇਤਲਾਹ ਅਗਰ ਮੌਕੇ ਸਿਰ ਪੰਜਾਬ ਸਰਕਾਰ ਨੂੰ ਮਿਲ ਗਈ ਸੀ ਤਾਂ ਸਰਕਾਰ ਫਿਰ ਕਿਸਾਨ ਧਰਨਾਕਾਰੀਆਂ ਨੂੰ ਹਟਾਉਣ ਵਿਚ ਕਾਮਯਾਬ ਕਿਓਂ ਨਾ ਹੋਈ। ਇਸ ਗੱਲ ਦੀ ਪੁਣਛਾਣ ਵੀ ਹੋਣੀ ਅਜੇ ਬਾਕੀ ਹੈ ਕਿ ਕੀ ਵਾਕਈ ਝੱਖੜ ਬਾਰਸ਼ ਵਿਚ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਉਡਾਨ ਨਹੀਂ ਭਰ ਸਕਦਾ? ਇਹ ਗੱਲ ਖਿਆਲ ਕਰਨ ਵਾਲੀ ਹੈ ਕਿ ਭਾਰਤ ਵਿਚ ਕੇਵਲ ਪ੍ਰਾਧਾਨ ਮੰਤਰੀ ਮੋਦੀ ਨੂੰ ਹੀ ਐਸ ਪੀ ਜੀ (Special Protection Force) ਦੀ ਸੁਰੱਖਿਆ ਛੱਤਰੀ ਹਾਸਲ ਹੈ ਜਿਸ ਨੇ ਪੀ ਐਮ ਓ ਅਤੇ ਕੈਬਨਿਟ ਸੈਕਟਰੀ ਨੂੰ ਰਿਪੋਰਟਿੰਗ ਕਰਨੀ ਹੁੰਦੀ ਹੈ। ਇਸ ਗੱਲ ਦੀ ਤਫਤੀਸ਼ ਹੋਣੀ ਜਰੂਰੀ ਹੈ ਕਿ ਕੀ ਮੌਕੇ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਐਸ ਪੀ ਜੀ ਨੇ ਸੂਬਾ ਸਰਕਾਰ ਅਤੇ ਆਈ ਬੀ ਦੇ ਨਿਰਦੇਸ਼ਾਂ ਮੁਤਾਬਕ ਲੋੜ ਮੁਤਾਬਕ ਗਤੀਸ਼ੀਲਤਾ ਦਿਖਾਈ ਕਿ ਨਹੀਂ। ਆਮ ਤੌਰ &lsquoਤੇ ਜਦੋਂ ਕੋਈ ਮੁਖ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਕਾਫਲਾ ਜਾਂਦਾ ਹੈ ਤਾਂ ਊਸ ਰੂਟ ਤੋਂ ਨਿੱਜੀ ਵਾਹਨ ਹਟਾ ਲਏ ਜਾਂਦੇ ਹਨ ਪਰ ਪ੍ਰਧਾਨ ਮੰਤਰੀ ਦੇ ਕਾਫਲੇ ਨਾਲ ਤਾਂ ਭਾਜਪਾ ਵਰਕਰਾਂ ਦੀਆਂ ਸੌ ਦੇ ਕਰੀਬ ਬੱਸਾਂ ਵੀ ਚਲ ਰਹੀਆਂ ਸਨ ਜਿਹਨਾ ਨੇ ਬਾਅਦ ਵਿਚ ਜਾਮ ਲਾ ਦਿੱਤਾ। ਇਹ ਵਰਕਰ ਮੋਦੀ ਦੇ ਕਾਫਲੇ ਦੇ ੧੫ ਫੁੱਟ ਨੇੜੇ ਤਕ ਕਿਵੇਂ ਚਲੇ ਗਏ, ਜਿਹਨਾ ਨੂੰ ਭਾਜਪਾ ਦਾ ਝੰਡਾ ਲਹਿਰਾਉਂਦੇ ਅਤੇ ਨਾਅਰੇ ਮਾਰਦੇ ਦੇਖਿਆ ਗਿਆ ਹੈ। ਇਹ ਗੱਲ ਵੀ ਅਹਿਮ ਹੈ ਕਿ ਇਸ ਘਟਨਾਕ੍ਰਮ ਤੋਂ ਭਾਰਤ ਪਾਕਿਸਤਾਨ ਸਰਹੱਦ ਬਹੁਤੀ ਦੂਰੀ ਤੇ ਨਹੀਂ ਹੈ।

ਖਟਾਈ ਵਿਚ ਪੈ ਗਿਆ ਪੰਜਾਬ ਪੈਕਜ ਅਤੇ ਪੀ ਜੀ ਆਈ ਦਾ ਨੀਂਹ ਪੱਥਰ

ਪ੍ਰਧਾਨ ਮੰਤਰੀ ਨੇ ਇਸ ਫੇਰੀ ਦੌਰਾਨ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਜਲੀ ਦੇ ਕੇ ਫਿਰੋਜ਼ਪੁਰ ਵਿਖੇ ਪੀ ਜੀ ਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ ਅਤੇ ਬਾਅਦ ਵਿਚ ਪੰਜਾਬ ਪੈਕਜ ਦਾ ਐਲਾਨ ਵੀ ਕਰਨਾ ਸੀ ਜੋ ਕਿ ਹੁਣ ਖਟਾਈ ਵਿਚ ਪੈ ਗਿਆ ਹੈ। ਕੁਝ ਲੋਕਾਂ ਵਲੋਂ ਕਿਸਾਨ ਜਥੇਬੰਦੀਆਂ ਪ੍ਰਤੀ ਗੁੱਸਾ ਵੀ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਘੱਟੋ ਘੱਟ ਪੰਜਾਬ ਦੇ ਹਿੱਤਾਂ ਨੂੰ ਮੁਖ ਰੱਖਦਿਆਂ ਉਹਨਾ ਵਲੋਂ ਮੋਦੀ ਦੀ ਰੈਲੀ ਦਾ ਵਿਰੋਧ ਨਹੀਂ ਸੀ ਕਰਨਾ ਚਾਹੀਦਾ ਜਦ ਕਿ ਕਿਸਾਨ ਵੀ ਹੁਣ ਆਪਣੀ ਸੁਰ ਬਦਲਦੇ ਦਿਖਾਈ ਦਿੰਦੇ ਹਨ ਕਿ ਉਹਨਾ ਦਾ ਇਰਾਦਾ ਰੈਲੀ ਵਿਚ ਵਿਘਨ ਪਾਉਣ ਦਾ ਨਹੀਂ ਸੀ ਤੇ ਪ੍ਰਧਾਨ ਮੰਤਰੀ ਦੇ ਕਾਫਲੇ ਵਿਚ ਵਿਘਨ ਖੁਦ ਭਾਜਪਾ ਵਰਕਰਾਂ ਵਲੋਂ ਪਾਇਆ ਗਿਆ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਡਰਾਮਾ ਹੀ ਇੱਕ ਬਹਾਨੇ ਵਜੋਂ ਕੀਤਾ ਗਿਆ ਕਿਓਂਕਿ ਰੈਲੀ &lsquoਤੇ ਜਨਤਕ ਇਕੱਠ ਹੈ ਹੀ ਨਹੀਂ ਸੀ।

ਬੀ ਜੇ ਪੀ ਆਗੂਆਂ ਵਲੋਂ ਇਹ ਸ਼ੰਕਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਡੀ ਜੀ ਪੀ ਵਲੋਂ ਤਾਂ ਭਰੋਸਾ ਦਿੱਤਾ ਗਿਆ ਸੀ ਕਿ ਰਸਤਾ ਸਾਫ ਹੈ ਤਾਂ ਕੀ ਫਿਰ ਉਹ ਝੂਠ ਬੋਲ ਰਿਹਾ ਸੀ ਅਤੇ ਪੁਲ &lsquoਤੇ ਧਰਨਾ ਦੇਣ ਵਾਲੇ ਕਿਸਾਨਾਂ ਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਕਿ ਪ੍ਰਧਾਨ ਮੰਤਰੀ ਪੁੱਲ ਉਪਰੋਂ ਦੀ ਜਾ ਰਹੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸਾਨਾ ਵਲੋਂ ਫਾਜ਼ਿਲਕਾ ਫਿਰੋਜ਼ਪੁਰ, ਤਰਨਤਾਰਨ ਫਿਰੋਜ਼ਪੁਰ ਅਤੇ ਜੀਰਾ ਫਿਰੋਜ਼ਪੁਰ ਸੜਕਾਂ &lsquoਤੇ ਵੀ ਧਰਨੇ ਦਿਤੇ ਗਏ ਅਤੇ ਬੀ ਜੇ ਪੀ ਵਰਕਰਾਂ ਦੀਆਂ ਬੱਸਾਂ ਨੂੰ ਰੋਕਣ ਦੇ ਯਤਨ ਕੀਤੇ ਗਏ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ਖਾਵਤ ਵਲੋਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਗਈ ਸੀ ਕਿ ਭਾਜਪਾਈਆਂ ਨੂੰ ਰੈਲੀ ਵਿਚ ਆਉਣੋਂ ਨਾ ਰੋਕਿਆ ਜਾਵੇ। ਇਸ ਗੱਲ ਬਾਰੇ ਆਮ ਚਰਚਾ ਹੈ ਕਿ ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰੋਟੋਕੋਲ ਸਬੰਧੀ ਜੋ ਢਿੱਲ ਮਸ ਵਰਤੀ ਗਈ ਇਸ ਪਿੱਛੇ ਸਾਜਸ਼ ਨੂੰ ਬੇਨਕਾਬ ਕਰਨਾ ਜਰੂਰੀ ਹੈ।

ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ

ਪ੍ਰਧਾਨ ਮੰਤਰੀ ਵਲੋਂ ਸਾਕਾ ਸਰਹੰਦ ਦੀ ਯਾਦ ਵਿਚ ਹਰ ਸਾਲ ੨੬ ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦੇ ਐਲਾਨ ਬਾਰੇ ਸਿੱਖ ਹਲਕਿਆਂ ਵਿਚ ਚਰਚਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਿਮਰਤਾ ਅਤੇ ਭਾਵੁਕ ਅੰਦਾਜ਼ ਵਿਚ ਇਸ ਦਿਨ ਨੂੰ ਕੌਮੀ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦਿਨ ਬਾਲ ਦਿਵਸ ਮਨਾਉਂਦਿਆਂ ਸਾਹਿਬਜ਼ਾਦਾ ਜ਼ੋਰਾਵਾਰ ਸਿੰਘ ਅਤੇ ਫਤਹਿ ਸਿੰਘ ਦੀਆਂ ਸ਼ਹਾਦਤਾਂ ਨੂੰ ਵੀ ਸ਼ਰਧਾਂਜਲੀ ਪੇਸ਼ ਕੀਤੀ ਜਾਵੇਗੀ। ਉਹਨਾ ਕਿਹਾ ਕਿ ਸਾਹਿਬਜ਼ਾਦਿਆਂ ਦੀ ਬਾਹਦਰੀ ਅਤੇ ਆਦਰਸ਼ਾਂ ਨੇ ਦੇਸ਼ ਦੇ ਲੱਖਾਂ ਲੋਕਾਂ ਨੂੰ ਪ੍ਰੇਰਣਾ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਸਾਲ 2017 ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਏ 350ਵੇਂ ਪ੍ਰਕਾਸ਼ ਪੁਰਬ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਬਾਅਦ ਇਹ ਵੀਰ ਬਾਲ ਦਿਵਸ ਸਬੰਧੀ ਐਲਾਨ ਵੀ ਨਿਰਸੰਦੇਹ ਇਕ ਇਤਹਾਸਕ ਫੈਸਲਾ ਹੈ ਪਰ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਸਮੇਤ ਕੁਝ ਹੋਰ ਲੋਕਾਂ ਨੇ ਸਿੱਖ ਸਿਧਾਂਤ ਨੂੰ ਲੈ ਕੇ ਕੁਝ ਸਵਾਲ ਵੀ ਖੜ੍ਹੇ ਕੀਤੇ ਹਨ।

ਲੇਖਕ: ਕੁਲਵੰਤ ਸਿੰਘ ਢੇਸੀ