ਸ੍ਰੀ ਗੁਰੂ ਨਾਨਕ ਸਾਹਿਬ ਦਾ ਸਾਜਿਆ ਪੰਥ ਇਕ ਵਿਲੱਖਣ ਧਰਮ ਹੈ
 ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ
ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥੁ ਪ੍ਰਚੁਰ ਕਰਬੇ ਕਹੁ ਸਾਜਾ॥ ਜਾਹਿ ਤਹਾਂ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥ 
ਸ੍ਰੀ ਗੁਰੂ ਨਾਨਕ ਸਾਹਿਬ ਦਾ ਸਾਜਿਆ ਪੰਥ ਇਕ ਵਿਲੱਖਣ ਧਰਮ ਹੈ
  ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਅੰਕ 2911 ਦੇ 14 ਸਫ਼ੇ ਉੱਤੇ ਇਕ ਲੇਖ ਛਪਿਆ ਹੈ, ਜਿਸ ਵਿੱਚ ਲੇਖਿਕਾ ਬੀਬੀ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਨਾਨਕ ਦੇਵ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ, ਕੇਵਲ ਸਨਾਤਨ ਧਰਮ ਵਿੱਚ ਸੁਧਾਰ ਕੀਤਾ ਹੈ ਤੇ ਨਾਲ ਹੀ ਗੁਰੂ ਨਾਨਕ ਸਾਹਿਬ ਦੀ ਗੁਰੂ ਪਦਵੀ ਤੇ ਸਿਧਾਂਤਕ ਹਮਲਾ ਕੀਤਾ ਹੈ । ਇਸ ਲੇਖ ਵਿਚਲੀਆਂ ਕੁਝ ਟੂਕਾਂ ਇਸ ਪ੍ਰਕਾਰ ਹਨ ਕਿ, 
  ਹਿੰਦੂ ਕਿਉਂ ਸਿੱਖਾਂ ਨੂੰ ਆਪਣਾ ਅੰਗ ਸਮਝਦੇ ਹਨ ? ਮੁੱਢਲਾ ਧਰਮ ਸਨਾਤਨ ਸੀ। ਪਰ ਚਲੋ ਸਿੱਖ ਤਾਂ ਤਖ਼ਤੇ ਤੇ ਸੀ ਨਹੀਂ, ਸਭ ਹਿੰਦੂ ਹੀ ਸਨ, ਪ੍ਰਚੱਲਤ ਧਰਮ ਵਿੱਚ ਉਣਤਾਈਆਂ ਪਾਂਧਿਆਂ ਦੀ ਰੋਟੀ ਲਈ ਕੁਝ ਮਨੌਤਾਂ ਸਰੋਕਾਰ ਨਹੀਂ ਸਨ, ਬ੍ਰਾਹਮਣ ਸੀ ਜੋ ਧਾਰਮਿਕ ਪੱਖ ਦਾ ਰਾਜ ਸੀ, ਵਿਰੋਧਤਾ ਤੇ ਰੰਜਿਸ਼ਾਂ ਨੇ ਹੁਣ ਖਤਰੀਆਂ ਨੂੰ ਜਾਤੀ ਵੰਡ ਕਰਕੇ ਰੋਹ ਚੜ੍ਹਾ ਦਿੱਤਾ ਕਿ ਤੁਸੀਂ ਸਾਥੋਂ ਨੀਵੇ ਹੋ ਲੰਮੇਰਾ ਨਹੀਂ ਕਰਦੀ, ਗੁਰੂ ਨਾਨਕ ਦੇਵ ਜੀ ਨੇ ਜੋ ਬੜੇ ਫਿਲਾਸਫਰ ਸਨ ਸੁਧਾਰ ਦਾ ਬੀੜਾ ਚੁੱਕ ਆਡਾ ਲੈ ਲਿਆ, ਲੜਾਈ ਬ੍ਰਾਹਮਣ-ਖਤਰੀ ਦੀ ਸੀ । ਅਖੀਰ ਫਿਰਕਾ ਬਣ ਗਿਆ ਪਰ ਧਰਮ ਨਹੀਂ ਸੀ ਬਣਿਆ, ਉਨ੍ਹਾਂ ਦੀ ਜੀਵਨ ਲੀਲਾ ਵਿੱਚ, ਚਲੋ ਹੁਣ ਵੱਖਰਾ ਧਰਮ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਵੇਲੇ ਥੋੜ੍ਹਾ ਹੋਰ ਰੂਪ ਵਿੱਚ ਸੀ । 
  ਹਥਲਾ ਲੇਖ ਲੇਖਿਕਾ ਬੀਬੀ ਦੀਆਂ ਉਕਤ ਟਿੱਪਣੀਆਂ ਦੇ ਜੁਆਬ ਵਿੱਚ ਹੈ, ਇਸ ਲੇਖ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਦੀ ਪਦ-ਪਦਵੀ ਕੀ ਹੈ ਅਤੇ ਗੁਰੂ ਨਾਨਕ ਸਾਹਿਬ ਨੂੰ ਹਿੰਦੂ ਸਨਾਤਨੀ ਤੇ ਇਸਲਾਮ ਮੱਤ ਤੋਂ ਵੱਖਰਾ ਤੀਸਰਾ ਪੰਥ ਕਿਉਂ ਚਲਾਉਣਾ ਪਿਆ । ਗੁਰੂ ਨਾਨਕ ਸਾਹਿਬ ਨੇ ਪ੍ਰਚੱਲਿਤ ਹਿੰਦੂ ਤੇ ਇਸਲਾਮ ਧਰਮਾਂ ਤੋਂ ਵੱਖਰੇ ਇਕ ਨਵੇਂ ਧਰਮ ਦੀ ਨੀਂਹ ਰੱਖੀ, ਜਿਸ ਨੂੰ ਭਾਈ ਗੁਰਦਾਸ ਨੇ ਨਿਰਮਲ ਪੰਥ ਅਤੇ ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਕਵੀ ਭਾਈ ਗੁਰਦਾਸ ਸਿੰਘ (ਦੂਜੇ) ਨੇ ਤੀਸਰੇ ਪੰਥ ਦਾ ਨਾਮ ਦਿੱਤਾ ਹੈ । ਸਿੱਖ ਧਰਮ, ਤੀਸਰਾ ਪੰਥ ਕਿਸੇ ਦੀ ਨਕਲ ਜਾਂ ਸੋਧਿਆ ਹੋਇਆ ਰੂਪ ਨਹੀਂ ਹੈ, ਸਗੋਂ ਵਿਲੱਖਣ ਤੇ ਸੁਤੰਤਰ ਧਰਮ ਹੈ । ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਸਭ ਤੋਂ ਪਹਿਲਾਂ ਧਰਮ ਦੀ ਪਰਿਭਾਸ਼ਾ ਸਮਝਾਈ, ਏਕੋ ਧਰਮ ਦਿੜੇ ਸਚੁ ਕੋਈ, ਗੁਰਮਤਿ ਪੂਰਾ ਜੁਗਿ ਜੁਗਿ ਸੋਈ (ਗੁ: ਗੰ: ਸਾ: ਪੰਨਾ 1188) ਸਿੱਖ ਫਲਸਫੇ ਅੰਦਰ ਸਦਾਚਾਰ ਨੂੰ ਵੱਡਾ ਮਹੱਤਵ ਦਿੱਤਾ ਗਿਆ ਹੈ । ਸਚਹੁ ੳਰੈ ਸਭੁ ਕੋ ਉਪਰ ਸਚ ਅਚਾਰ, ਭਾਵ ਕਿ ਸਦਾਚਾਰੀ ਮਨੁੱਖ ਉਹ ਨਹੀਂ ਜਿਸ ਨੂੰ ਸਦਾਚਾਰ ਦੀ ਵਾਕਫੀਅਤ ਹੈ, ਸਗੋਂ ਉਹ ਜੋ ਇਸ ਨੂੰ ਅਮਲ ਵਿੱਚ ਰੂਪਮਾਨ ਕਰਦਾ ਹੈ । ਸਿੱਖ ਫਲਸਫਾ ਜਿਸ ਸਦਾਚਾਰ ਦੀ ਮੰਗ ਕਰਦਾ ਹੈ, ਉਹ ਜਾਤ-ਪਾਤੀ ਚੌਖਟੇ ਵਿੱਚ ਸੰਭਵ ਨਹੀਂ ਹੋ ਸਕਦਾ (ਕਿਉਂਕਿ ਵਰਣ-ਆਸ਼ਰਮ ਦੇ ਨੈਤਿਕ ਫਰਜ ਅਜਿਹੇ ਆਚਰਨ ਦਾ ਨਿਖੇਧ ਕਰਦੇ ਹਨ) ਅਤੇ ਨਾ ਹੀ ਸ਼ਰੀਅਤ ਦੇ ਕੱਟੜ ਵਿਧਾਨ ਅੰਦਰ ਮੁਮਕਿਨ ਹੋ ਸਕਦਾ ਹੈ । ਇਸ ਕਰਕੇ ਸਿੱਖ ਧਰਮ ਦੇ ਇਸ ਅਸੂਲ ਨੂੰ ਅਮਲ ਅੰਦਰ ਸਕਾਰ ਕਰਨ ਲਈ ਭਾਰਤ ਅੰਦਰ ਪ੍ਰਚੱਲਤ ਦੋਨੋਂ ਮਜ੍ਹਬਾਂ ਨਾਲੋਂ ਵੱਖਰੇ, ਤੀਸਰੇ ਪੰਥ ਦੀ ਸਥਾਪਨਾ ਅਤੀ ਜ਼ਰੂਰੀ ਸੀ । ਸਿੱਖ ਧਰਮ ਤੇ ਸਿੱਖ ਗੁਰੂਆਂ ਦਾ ਵਿਰੋਧ ਚੌਥੀ ਪਾਤਸ਼ਾਹੀ ਤੱਕ ਹਿੰਦੂ ਸਨਾਤਨੀਆਂ ਨੇ ਸਭ ਤੋਂ ਵੱਧ ਕੀਤਾ । 
  ਸਿੱਖ ਗੁਰੂਆਂ ਦੇ ਉਸ ਮਿਸ਼ਨ ਨੂੰ ਜਿਸ ਦੀ ਸਿਖ਼ਰ 1699 ਈ: ਵਿੱਚ ਖ਼ਾਲਸਾ ਪੰਥ ਦੀ ਸਾਜਨਾ ਨਾਲ ਪ੍ਰਗਟ ਹੋਈ, ਨੂੰ ਸਮਝਣ ਲਈ ਹਿੰਦੂ ਮਨਾਂ ਨੂੰ ਆਪੇ ਸਹੇੜੀ ਇਕ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਧਾਂਤਕ ਤੌਰ ਤੇ ਇਹ ਕਠਿਨਾਈ ਦਸਾਂ ਜੋਤਾਂ ਵਿੱਚ ਇਕੋ ਗੁਰੂ ਹੋਣ, ਮੀਰੀ ਪੀਰੀ ਦੇ ਸਿਧਾਂਤ ਅਤੇ ਸਿੱਖ ਧਰਮ ਦੀ ਉੱਤਪਤੀ ਅਕਾਲ ਪੁਰਖ ਦੀ ਆਗਿਆ ਨਾਲ ਹੋਣ ਦੇ ਤੱਥਾਂ ਦੁਆਲੇ ਘੁੰਮਦੀ ਹੈ । ਪਾਰਬ੍ਰਹਮ ਪ੍ਰਮੇਸ਼ਰ ਸਰੂਪ ਵਿੱਚੋਂ ਪ੍ਰਗਟ ਹੋਣ ਵਾਲੇ ਗੁਰ ਪ੍ਰਮੇਸ਼ਰ ਜੋ ਸੰਸਾਰ ਦੇ ਭਲੇ ਹਿੱਤ ਨਿਰਗੁਣ ਤੋਂ ਸਰਗੁਣ ਸਰੂਪ ਵਿੱਚ ਪ੍ਰਗਟ ਹੋਏ ਅਤੇ ਸੰਸਾਰ ਦੀ ਬੋਲੀ ਵਿੱਚ ਉਨ੍ਹਾਂ ਦਾ ਨਾਂ ਨਾਨਕ ਹੋਇਆ, ਸੰਸਾਰ ਨੂੰ ਸਦਾ ਵਾਸਤੇ ਸ਼ਬਦ ਗੁਰੂ ਦੇ ਲੜ ਲਾਉਣ ਦਾ ਕਾਰਜ ਲੰਮੇਰਾ ਹੋਣ ਕਰਕੇ ਦਸ ਜਾਮੇ ਧਾਰਨ ਕੀਤੇ, ਅਰਥਾਤ ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਅੰਗ 966) ਅਤੇ ਇਕਾ ਬਾਣੀ ਇਕੁ ਗੁਰੁ ਇੱਕੋ ਸਬਦੁ ਵੀਚਾਰਿ ॥ (ਮਹਲਾ 3, ਅੰਗ 646) ਅਤੇ ਜੋਤਿ ਰੂਪ ਹਰਿ ਆਪ ਗੁਰੂ ਨਾਨਕ ਕਹਾਯੋ ਤਾ ਤੇ ਅੰਗਦੁ ਭਯੋ ਤਤ ਸਿਉ ਤਤ ਮਿਲਾਯੋ (ਅੰਗ 1408) ਤੇ ਨਾਨਕਿ ਰਾਜੁ ਚਲਾਇਆ ਸਚੁ ਕੋਟ ਸਤਾਣੀ ਨੀਵ ਦੈ (ਵਾਰ ਰਾਮਕਲੀ ਗੁਰੂ ਗ੍ਰੰਥ ਸਾਹਿਬ ਅੰਗ 966) ।
  ਸਿੱਖ ਰਹਿਤ ਮਰਿਯਾਦਾ ਵਿੱਚ ਵੀ ਇਹ ਸਪੱਸ਼ਟ ਕੀਤਾ ਹੋਇਆ ਕਿ ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ ਅਤੇ ਆਪਣਾ ਮੁਕਤੀ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ।
  ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਹੈ ਕਿ ਮਨੁੱਖਾ ਜੀਵਨ ਦੇ ਮਨੋਰਥ ਸਿੱਧੀ ਲਈ ਜੋ ਰਸਤਾ ਮਹਾਂਪੁਰਖਾਂ ਨੇ ਦੱਸਿਆ ਹੈ ਉਸ ਨੂੰ ਧਰਮ ਕਹਿੰਦੇ ਹਨ, ਧਰਮ ਦੇ ਅਨੇਕ ਰਸਤਿਆਂ ਵਿੱਚੋਂ ਇਕ ਸ਼੍ਰੋਮਣੀ ਰਸਤਾ ਉਹ ਹੈ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਸ ਗੁਰੂਆਂ ਨੇ ਦੱਸਿਆ ਹੈ, ਏਕੈ ਧਰਮ ਦ੍ਰਿੜੇ ਸਚ ਕੋਇ, ਇਸ ਦਾ ਨਾਉਂ ਸਿੱਖ ਧਰਮ ਹੈ । ਸਿੱਖ ਧਰਮ ਦੇ ਨਿਯਮ ਦ੍ਰਿੜ ਕਰਾਉਣ ਲਈ ਇਹ ਗੁਰੂ, ਦਸ ਸਤਿਗੁਰੂ ਹਨ ਅਤੇ ਉਨ੍ਹਾਂ ਦਾ ਸਮੁੱਚਾ ਰੂਪ ਗੁਰੂ ਗ੍ਰੰਥ ਜੀ ਹਨ, ਜੋ ਦਸਾਂ ਹੀ ਗੁਰੂਆਂ ਦੀ ਆਤਮਕ ਜੋਤਿ ਹਨ ।
  ਸਿੱਖ ਗੁਰੂ ਸਾਹਿਬਾਨਾਂ ਨੇ ਸਿੱਖ ਧਰਮ ਨੂੰ ਇਕ ਅਜਿਹਾ ਸੰਪੰਨ ਧਰਮ-ਪ੍ਰਬੰਧ ਐਲਾਨਿਆ ਹੈ, ਜਿਸ ਦੇ ਉਪਦੇਸ਼ ਅਕਾਲ ਪੁਰਖ ਪ੍ਰਮਾਤਮਾਂ ਦੀ ਸਿੱਧੀ ਉਪਜ ਹਨ । ਇਸ ਕਰਕੇ ਹੀ ਸਿੱਖ ਧਰਮ ਇਕ ਸੁਤੰਤਰ, ਵਿਲੱਖਣ ਤੇ ਸੰਪੂਰਨ ਧਰਮ ਹੈ । ਕੁਝ ਅਖੌਤੀ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਸਿੱਖੀ ਇਕ ਫਿਲਾਸਫੀ ਹੈ, ਜੀਵਨ ਜਾਚ ਹੈ, ਜੇ ਸਿੱਖੀ ਕੇਵਲ ਫਿਲਾਸਫੀ ਤੇ ਜੀਵਨ ਜਾਚ ਹੀ ਹੈ ਤਾਂ ਫਿਰ ਇਹ ਕਿਹੜੀ ਸਿੱਖੀ ਹੈ ਜਿਸ ਦੀ ਅਰਦਾਸ ਖ਼ਾਲਸਾ ਪੰਥ (ਸਿੱਖ ਕੌਮ) ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਕਰਦਾ ਹੈ ਅਤੇ ਉਹ ਕਿਹੜਾ ਧਰਮ ਹੈ : ਅਰਥਾਤ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਦੇਗਾਂ ਵਿੱਚ ਉਬਾਲੇ ਗਏ, ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਝੋਲੀਆਂ ਵਿੱਚ ਪੁਆਏ, ਪਰ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ।
  ਗੁਰੂ ਨਾਨਕ ਜੀ ਦੀ ਪਦ-ਪਦਵੀ ਬਾਰੇ ਦਸ ਸਫ਼ਿਆਂ ਦਾ ਬੜਾ ਲੰਬਾ-ਚੌੜਾ ਲੇਖ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਨੇ ਆਪਣੀ ਪੁਸਤਕ ਰਾਜ ਕਰੇਗਾ ਖ਼ਾਲਸਾ ਦੇ ਪੰਨਾ 17 ਤੋਂ 27 ਤੱਕ ਲਿਖਿਆ ਹੈ । ਯਾਦ ਰਹੇ ਕਿ ਸਾਡੇ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸਮਾਜ ਅੰਦਰ ਸੰਸਕ੍ਰਿਤ ਨੂੰ ਦੇਵ ਭਾਸ਼ਾ ਕਹਿ ਕੇ ਵੱਡਿਆਇਆ ਅਤੇ ਬਾਕੀ ਭਾਸ਼ਾਵਾਂ ਨੂੰ ਸ਼ੂਦਰ ਜਾਂ ਮਲੇਛ ਕਹਿ ਕੇ ਨਿੰਦਿਆ ਜਾਂਦਾ ਸੀ, ਇਹ ਗੱਲ ਕਥਨੀ ਮਾਤਰ ਨਹੀਂ ਇਸ ਦੇ ਪ੍ਰਮਾਣ ਲਈ ਮੈਂ ਭਾਵ ਕਪੂਰ ਸਿੰਘ ਇਕ ਵਿਦੇਸ਼ੀ ਯਾਤਰੀ ਅਲਬਰੂਨੀ ਦੀ ਕਿਤਾਬੁਲ-ਹਿੰਦ ਵੱਲ ਤੁਹਾਡਾ ਧਿਆਨ ਦੁਆਉਣਾ ਚਾਹੁੰਦਾ ਹਾਂ, ਜਿਸ ਨੇ ਗਿਆਰਵੀਂ ਸਦੀ ਵਿੱਚ ਮੁਲਕ ਦੇ ਸਾਰੇ ਹਾਲਾਤ ਵੇਖ-ਪਰਖ ਕੇ ਗੂੜ੍ਹੇ ਅਧਿਐਨ ਤੋਂ ਬਾਅਦ ਇਥੋਂ ਦੇ ਹਿੰਦੂਆਂ ਦੇ ਦ੍ਰਿਸ਼ਟੀਕੋਣ ਨੂੰ ਬਿਆਨਦਿਆਂ ਇੰਝ ਲਿਖਿਆ ਹੈ ਕਿ ਹਿੰਦੂ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਮੁਲਕ ਦੀਆਂ ਭੂਗੋਲਕ ਹੱਦਾਂ ਤੋਂ ਪਰੇ੍ਹ ਨਾ ਕੋਈ ਉੱਚ ਵਿੱਦਿਆ ਪੈਦਾ ਹੋ ਸਕਦੀ ਹੈ ਤੇ ਨਾ ਹੀ ਉੱਚੇ ਵਿਚਾਰਾਂ ਵਾਲੀ ਗੱਲ । ਜੋ ਕੁਝ ਵੀ ਉਹ ਸੰਸਕ੍ਰਿਤ ਵਿੱਚ ਹੀ ਭਰਿਆ ਪਿਆ ਹੈ, ਏਦੂੰ ਪਰੇ੍ਹ ਹੋਰ ਕੁਝ ਨਹੀਂ । ਵਿਦੇਸ਼ੀ ਯਾਤਰੀ ਅਲਬਰੂਨੀ ਨੇ ਇਹ ਵਿਚਾਰ ਹਿੰਦੂਆਂ ਦੇ ਪੁਰਾਣਾਂ ਅਤੇ ਅਨੇਕਾਂ ਹੋਰ ਹਿੰਦੂ ਗ੍ਰੰਥਾਂ ਨੂੰ ਪੜ੍ਹਨ ਤੋਂ ਬਾਅਦ ਬਣਾਏ ਸਨ ।
 ਗੁਰੂ ਨਾਨਕ ਸਾਹਿਬ ਦੀ ਪਹਿਲੀ ਦੇਣ ਜਾਂ ਵੱਡਿਆਈ ਇਸ ਵਿੱਚ ਹੈ ਕਿ ਉਨ੍ਹਾਂ ਨੇ ਹਿੰਦ ਦੀ ਪ੍ਰਾਚੀਨ ਪ੍ਰਣਾਲੀ ਦਾ ਵਹਿਮ ਭੰਨ੍ਹ ਕੇ ਉੱਚਤਮ ਵਿਚਾਰਾਂ ਦਾ ਮਾਧਿਅਮ ਇਥੋਂ ਦੀ ਲੋਕ ਭਾਸ਼ਾ ਪੰਜਾਬੀ ਨੂੰ ਬਣਾਇਆ । ਇਸ ਮਕਸਦ ਲਈ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪੁਰਾਤਨ ਬੋਲੀ ਪੰਜਾਬੀ ਦੀ ਪਹਿਲਾਂ ਗੁਰਮੁਖੀ ਲਿਪੀ ਬਣਾਈ । ਗੁਰਮੁਖੀ ਲਿਪੀ ਵੀ ਐਸੀ ਕਿ ਹਰ ਕਿਸਮ ਦੀ ਆਵਾਜ਼ ਨੂੰ ਲਿਖਤ ਵਿੱਚ ਢਾਲਣ ਦੇ ਸਮਰੱਥ ਹੋਵੇ । ਉਨ੍ਹਾਂ ਨੇ ਆਪਣੀ ਬਾਣੀ ਵੀ ਇਸੇ ਗੁਰਮੁਖੀ ਲਿਪੀ ਵਿੱਚ ਲਿਖੀ । ਲਿਖਣ ਪ੍ਰਬੰਧ ਇਸ ਪ੍ਰਕਾਰ ਦਾ ਕੀਤਾ, ਉਸ ਵਿੱਚ ਅੱਖਰ ਲਗ-ਮਾਤਰਾ ਦਾ ਵਾਧਾ-ਘਾਟਾ ਨਾ ਕੀਤਾ ਜਾ ਸਕੇ - ਗੁਰੂ ਨਾਨਕ ਦੀ ਬਾਣੀ, ਗੂੰਗੇ, ਸਤਾਏ, ਜ਼ੁਲਮ ਦੇ ਸ਼ਿਕਾਰ ਨਿਮਾਣੇ-ਨਿਤਾਣੇ ਲੋਕਾਂ ਦੀ ਜ਼ੁਬਾਨ ਹੈ ਤੇ ਸਮਾਜ ਦਾ ਇਤਿਹਾਸ ਤੇ ਮਨੁਖੀ ਅਧਿਕਾਰਾਂ ਲਈ ਜੂਝਣ ਲਈ ਸਿੱਖੀ ਦੀ ਦਾਸਤਾਨ ਹੈ ? 
  ਅੱਗੇ ਜਾ ਕੇ ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ । ਅੱਜ ਦੇ ਭਾਸ਼ਣ ਵਿੱਚ ਮੈਂ ਗੁਰੂ ਨਾਨਕ ਸਾਹਿਬ ਦੀ ਪਦ-ਪਦਵੀ ਬਾਰੇ ਵਿਸ਼ੇਸ਼ ਤੌਰ &lsquoਤੇ ਕੁਝ ਆਖਣਾ ਚਾਹੁੰਦਾ ਹਾਂ ਕਿਉਂਕਿ ਅੱਜ ਕੱਲ੍ਹ ਹਿੰਦੀ ਸਾਹਿਤ ਰਾਹੀਂ ਗੁਰੂ ਨਾਨਕ ਸਾਹਿਬ ਬਾਰੇ ਕਈ ਤਰ੍ਹਾਂ ਦੀਆਂ ਅਜੀਬੋ-ਗ਼ਰੀਬ ਗੱਲਾਂ ਸਾਡੇ ਵਿਚਾਰਾਂ ਤੇ ਸ਼ਬਦਾਵਲੀ ਵਿੱਚ ਦਾਖ਼ਲ ਹੋ ਰਹੀਆਂ ਹਨ । ਕਈ ਕਿਤਾਬਾਂ ਤੇ ਲੇਖਾਂ ਦੇ ਹੈਡਿੰਗ ਹੀ ਇਸ ਭਾਂਤ ਦੇ ਹੁੰਦੇ ਹਨ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਮਾਜ ਸੁਧਾਰਕ, ਸੰਤ ਜਾਂ ਕਵੀ ਦਰਸਾਇਆ ਗਿਆ ਹੁੰਦਾ ਹੈ । ਅਜਿਹੇ ਕੱਚੀ-ਬੁੱਧੀ ਤੇ ਗੁਰੂ ਨਾਨਕ ਸਾਹਿਬ ਦੀ ਪਦ-ਪਦਵੀ ਨਾ ਸਮਝਣ ਵਾਲਿਆਂ ਨਾਲ ਕੌਣ ਮੱਥਾ ਮਾਰੇ ਕਿ ਗੁਰੂ ਨਾਨਕ ਸਾਹਿਬ ਨਾ ਸੰਤ ਤੇ ਨਾ ਹੀ ਸੰਤ ਕਵੀ ਬਣਦੇ ਹਨ। ਸੰਤ ਸ਼ਬਦ ਦੇ ਅਰਥ ਦੋ ਪ੍ਰਕਾਰ ਦੇ ਹੁੰਦੇ ਹਨ । ਇਕ ਗੁਰਬਾਣੀ ਵਿੱਚ ਜਿਥੇ ਸੰਤ ਪਦ ਆਇਆ ਹੈ ਉਹ ਗੁਰੂ ਜਾਂ ਪਾਰਬ੍ਰਹਮ ਲਈ ਹੈ, ਦੂਜਾ ਆਮ ਅਰਥਾਂ ਵਾਲਾ ਸੰਤ ਪਦ ਹੈ ਜਿਹੜਾ ਕਈ ਧਾਰਮਿਕ ਵਿਅਕਤੀ ਆਪਣੇ ਨਾਂ ਨਾਲ ਜੋੜ ਲੈਂਦੇ ਹਨ । ਜਿਸ ਨੂੰ ਸਾਹਮਣੇ ਰੱਖ ਕੇ ਗੁਰੂ ਨਾਨਕ ਸਾਹਿਬ ਨੂੰ ਸੰਤ ਜਾਂ ਸੰਤ ਕਵੀ ਦੇ ਪਦ ਤੇ ਧਿੰਗੋਜ਼ੋਰੀ ਖਿੱਚ ਕੇ ਬਿਠਾਇਆ ਜਾ ਰਿਹਾ ਹੈ । ਜਿਹੜੇ ਲੋਕ ਗਲਤਫ਼ਹਿਮੀਆਂ ਵਿੱਚ ਪੈ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਆਪਣੀਆਂ ਮਨੋ-ਮਿਥੀਆਂ ਪੱਥਰ-ਕਸਵੱਟੀਆਂ &lsquoਤੇ ਲਾਉਂਦੇ ਹਨ, ਉਨ੍ਹਾਂ ਦੇ ਹੱਥ ਕੁਝ ਨਹੀਂ ਆ ਸਕਦਾ, ਕਿਉਂਕਿ ਫੁੱਲ ਦੀ ਮਹਿਕ ਨੂੰ ਪੱਥਰ ਦੀ ਕਸਵੱਟੀ &lsquoਤੇ ਨਹੀਂ ਪਰਖਿਆ ਜਾ ਸਕਦਾ ।
  ਬਾਕੀ ਗੱਲ ਰਹੀ ਸ਼ਾਇਰ ਦੀ ਭਾਵ ਨਾਨਕ ਸਾਇਰ ਏਵ ਕਹਿਤ ਹੈ । ਸ਼ਾਇਰ ਅਰਬੀ ਦਾ ਸ਼ਬਦ ਹੈ, ਕੁਰਾਨ ਸ਼ਰੀਫ ਤੋਂ ਪਹਿਲਾਂ ਜਿਹੜੀ ਅਰਬੀ ਸੀ ਉਸ ਵਿੱਚ ਸ਼ਾਇਰ ਦੇ ਅਰਥ ਹੋਰ ਸਨ ਤੇ ਪਿੱਛੋਂ ਜਾ ਕੇ ਹੋਰ ਹੋ ਗਏ । ਸ਼ਾਇਰ ਦੇ ਮੂਲ ਅਰਥ ਹਨ, ਜਿਹੜਾ ਅਦ੍ਰਿਸ਼ ਤੇ ਅਲੌਕਿਕ ਸ਼ਕਤੀਆਂ ਨਾਲ ਸਿੱਧਾ ਸਬੰਧ ਰੱਖਦਾ ਹੋਵੇ। ਨਾਨਕ ਸਾਇਰ ਏਵ ਕਹਿਤ ਹੈ ਰਹੱਸ ਨੂੰ ਦੁਨਿਆਵੀ ਕਵੀ ਕਿਵੇਂ ਜਾਣ ਸਕਦੇ ਹਨ, ਜਿਸ ਦਾ ਅਲੌਕਿਕ ਤੇ ਅਦ੍ਰਿਸ਼ ਸ਼ਕਤੀਆਂ ਨਾਲ ਸਿੱਧਾ ਸਬੰਧ ਹੈ । ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਦੀ ਬਾਣੀ ਦਾ ਗੂੜ੍ਹਾ ਅਧਿਐਨ ਨਹੀਂ ਕੀਤਾ, ਉਨ੍ਹਾਂ ਨੇ ਗੁਰੂ ਨਾਨਕ ਦੇ ਗੁਰੂ ਪਦ ਦੇ ਰਹੱਸ ਨੂੰ ਨਹੀਂ ਸਮਝਿਆ । ਉਹ ਇਹੋ ਜਿਹੀਆਂ ਕੱਚੀਆਂ ਗੱਲਾਂ ਕਰਦੇ ਹਨ, ਅਰਥਾਤ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ (ਗੁਰੂ ਗ੍ਰੰਥ ਸਾਹਿਬ ਅੰਗ 920) ਅੱਗੇ ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਨਿਮਰਤਾ ਤੇ ਸ਼ਰਧਾ ਨਾਲ ਵੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਇਸ ਨਜ਼ਰੀਏ ਤੋਂ ਕਿ ਮੈਂ ਪੰਦਰਾਂ ਵੀਹ ਕਿਤਾਬਾਂ ਦਾ ਲੇਖਕ ਹਾਂ, ਮੈਂ ਪੀ।ਐੱਚ।ਡੀ। ਤੇ ਕੋਈ ਹੋਰ ਪੜ੍ਹਾਈ ਕੀਤੀ ਹੋਈ ਹੈ, ਮਨ ਵਿੱਚ ਇਹੋ ਜਿਹੀਆਂ ਮਲੀਲ ਕਾਮਨਾਵਾਂ ਰੱਖਦੇ ਹੋਏ ਕਈਆਂ ਨੇ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਹਿੰਦੂਆਂ ਦੇ ਗੁਰੂ ਸੀ, ਮੁਸਲਮਾਨਾਂ ਦੇ ਪੀਰ, ਗੁਰੂ ਨਾਨਕ ਸਾਹਿਬ ਨੂੰ ਹਿੰਦੂਆਂ ਦੇ ਗੁਰੂ ਕਹਿਣ ਦਾ ਕੋਈ ਆਧਾਰ ਨਹੀਂ ਬਣਦਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਪੁਰਖੀ ਹਿੰਦੂ ਧਰਮ ਨਾਲੋਂ ਨਾਤਾ ਉਸ ਦਿਨ ਹੀ ਤੋੜ ਲਿਆ ਸੀ, ਜਦੋਂ ਉਨ੍ਹਾਂ ਨੇ ਬ੍ਰਾਹਮਣੀ ਕੁਲ-ਰੀਤ ਅਨੁਸਾਰ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਪਣਾ ਵਿਆਹ ਅਗਨੀ ਦੁਆਲੇ ਸੱਤ ਫੇਰੇ ਲੈ ਕੇ ਕਰਵਾਉਣ ਦੀ ਬਜਾਇ, ਮੂਲ ਮੰਤਰ ਦੁਆਲੇ ਚਾਰ ਪ੍ਰਕਰਮਾ ਕਰਕੇ ਕਰਵਾਇਆ ਸੀ । ਦੂਸਰਾ ਜਿਥੋਂ ਤਕ ਪੀਰ ਦਾ ਸੁਆਲ ਹੈ, ਪੀਰ ਉਹੀ ਕਹਾ ਸਕਦਾ ਹੈ, ਜਿਹੜਾ ਹਜ਼ਰਤ ਮੁਹੰਮਦ ਸਾਹਿਬ ਤੇ ਕੁਰਾਨ ਸ਼ਰੀਫ ਤੇ ਇਮਾਨ ਲਿਆਵੇ, ਇਹ ਗੱਲ ਪੱਕੀ ਹੈ : ਪਰ ਐਸਾ ਰਿਸ਼ਤਾ ਗੁਰੂ ਨਾਨਕ ਸਾਹਿਬ ਦਾ ਹਜ਼ਰਤ ਮੁਹੰਮਦ ਸਾਹਿਬ ਤੇ ਕੁਰਾਨ ਸ਼ਰੀਫ ਨਾਲ ਬਿਲਕੁੱਲ ਨਹੀ ਹੈ । ਗੁਰੂ ਨਾਨਕ ਸਾਹਿਬ ਤਾਂ ਅਕਾਲ ਦਾ ਰੂਪ ਹਨ, ਅਰਥਾਤ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ । ਗੁਰੂ ਨਾਨਕ ਸਾਹਿਬ ਦੀ ਸੰਗਿਆ ਗੁਰੂ ਚਲੀ ਆਉਂਦੀ ਹੈ, ਗੁਰੂ ਕੀ ਚੀਜ਼ ਹੈ, ਗੁਰੂ ਦੇ ਕੀ ਅਰਥ ਹਨ, ਇਸ ਦੇ ਅਰਥ ਅਨੇਕ ਰੂਪਾਂ ਵਿੱਚ ਲਏ ਜਾਂਦੇ ਹਨ, ਟੋਕਰੀਆਂ ਬਣਾਉਣ ਵਾਲੇ ਤੋਂ ਲੈ ਕੇ ਵਿੱਦਿਆ ਪੜ੍ਹਾਉਣ ਵਾਲੇ ਤੱਕ ਪਰ ਗੁਰੂ ਨਾਨਕ ਜੀ ਇਨ੍ਹਾਂ ਕੰਮਾਂ ਦੇ ਗੁਰੂ ਨਹੀਂ ਸਨ । ਗੁਰੂ ਨਾਨਕ ਸਾਹਿਬ ਦੇ ਗੁਰੂ-ਪਦ ਦਾ ਰਹੱਸ ਅਧਿਆਤਮਕ ਅਰਥਾਂ ਨਾਲ ਖੁੱਲ੍ਹਦਾ ਹੈ ।
  ਜੇ ਅਸੀਂ ਗੁਰੂ-ਪਦ ਦੀਆਂ ਪ੍ਰਾਚੀਨ ਜੜ੍ਹਾਂ ਵੱਲ ਜਾਈਏ, ਖੋਜੀਏ ਕਿ ਗੁਰੂ-ਪਦ ਦੇ ਅਧਿਆਤਮਕ ਤੇ ਉੱਤਮ ਅਰਥ ਕੀ ਹਨ, ਜਿਸ ਪਦ ਲਈ ਗੁਰੂ ਨਾਨਕ ਸਾਹਿਬ ਨੇ ਆਪ ਕਲੇਮ ਕੀਤਾ ਹੈ, ਅਰਥਾਤ ਅਪਰੰਪਰ ਪਾਰਬ੍ਰਹਮ ਪਰਮੇਸਰ ਨਾਨਕ ਗੁਰੁ ਮਿਲਿਆ ਸੋਈ ਜੀਉ ॥ (ਸੋਰਠਿ ਮਹਲਾ 1, ਅੰਗ 599)
  ਆਉ ! ਅਸੀਂ ਭਗਵਤ ਗੀਤਾ ਦੇ ਮੰਨੇ, ਪ੍ਰਮੰਨੇ ਗ੍ਰੰਥ ਵਿੱਚ ਗੁਰੂ-ਪਦ ਦੇ ਅਰਥ ਲੱਭੀਏ । ਗੀਤਾ ਦੇ ਪਹਿਲੇ ਅਧਿਆਏ ਵਿੱਚ ਹੀ ਇਕ ਸਲੋਕ ਹੈ, ਗੁਰੂਰ ਬ੍ਰਹਮਾ, ਗੁਰੂਰ ਵਿਸ਼ਨੂੰ, ਗੁਰੂਰ ਦੇਵ ਮਹੇਸ਼ਵਰ । ਗੁਰੂਰੇਵ ਪਰੰਬ੍ਰਹਮ ਤਸ ਮੈਂ ਸ੍ਰੀ ਗੁਰ ਕਵ ਨਮ । ਹੁਣ ਸਪੱਸ਼ਟ ਹੈ ਕਿ ਤਿੰਨਾਂ ਦੇਵਤਿਆਂ ਤੋਂ ਉੱਤੇ ਪਾਰਬ੍ਰਹਮ ਹੈ ਤੇ ਉਸ ਦਾ ਸ਼ਾਖਸਾਤ ਰੂਪ ਗੁਰੂ ਹੈ । ਮਨੁੱਖ ਜਾਤੀ ਦਾ ਧਰਮ ਬਣਦਾ ਹੈ ਕਿ ਉਹ ਜਗਤ ਗੁਰੂ, ਗੁਰੂ ਨਾਨਕ ਦਾ ਸਤਿਕਾਰ ਕਰੇ ਅਤੇ ਗੁਰੂ ਦੀ ਪਦ-ਪਦਵੀ ਸਮਝੇ, ਜਿਸ ਦਾ ਕਲੇਮ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ । ਗੁਰੂ ਨਾਨਕ ਸਾਹਿਬ ਨੇ ਗੁਰੂ ਹੋਣ ਦਾ ਦਾਅਵਾ ਆਪਣੇ ਪੰਜ ਭੌਤਿਕ ਸਰੀਰ ਬਾਰੇ ਨਹੀਂ ਕੀਤਾ । ਗੁਰੂ ਨਾਨਕ ਸਾਹਿਬ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਆਤਮਾ ਦੀ ਪ੍ਰਮਾਤਮਾਂ ਨਾਲ ਅਭੇਦਤਾ ਹੈ, ਅਰਥਾਤ ਅਪਰੰਪਰ ਪਾਰਬ੍ਰਹਮ ਪਰਮੇਸੁਰ ਨਾਨਕ ਗੁਰ ਮਿਲਿਆ ਸੋਈ ਜੀਉ ॥ ਇਹ ਗੁਰੂ ਤੇ ਪਾਰਬ੍ਰਹਮ ਨਾਲ ਅਭੇਦ ਹੋਣ ਦਾ ਦਾਅਵਾ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ, ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ ਦੇ ਸਿਧਾਂਤ ਅਨੁਸਾਰ ਗੁਰੂ ਨਾਨਕ ਜੀ ਤੋਂ ਲੈ ਕੇ ਜੋ ਦਸ ਗੁਰੂ ਹੋਏ ਹਨ, ਉਨ੍ਹਾਂ ਨੇ ਇਸ ਪਦ-ਪਦਵੀ ਦਾ ਦਾਅਵਾ ਕੀਤਾ ਹੈ ਅਤੇ ਗੁਰੂ ਨਾਨਕ ਜੀ ਬਾਰੇ ਵੀ ਇਹੋ ਦ੍ਰਿੜ ਕਰਵਾਇਆ ਹੈ ਜਿਸ ਦਾ ਭਰਪੂਰ ਸਮਰਥਨ ਗੁਰਬਾਣੀ ਵਿੱਚ ਮੌਜੂਦ ਹੈ, ਗੁਰੂ ਨਾਨਕ ਜੀ ਗੁਰੂ ਸਨ । ਜੇ ਉਨ੍ਹਾਂ ਨੂੰ ਸੁਧਾਰਕ, ਪੰਜਾਬੀ, ਸੰਤ, ਭਗਤ, ਕਵੀ, ਸ਼ਾਇਰ, ਪੀਰ, ਪੈਗੰਬਰ, ਫਿਲਾਸਫਰ ਸਮਝ ਕੇ ਜਾਨਣ ਦੀ ਕੋਸ਼ਿਸ਼ ਕਰਾਂਗੇ ਤਾਂ ਹੱਥ ਪੱਲੇ ਕੁਝ ਨਹੀਂ ਆਉਣਾ, ਇਹ ਸਭ ਯਤਨ ਨਿਰਾਰਥਕ ਰਹਿਣਗੇ । 
(ਹਵਾਲਾ ਪੁਸਤਕ, ਰਾਜ ਕਰੇਗਾ ਖ਼ਾਲਸਾ, ਸਿਰਦਾਰ ਕਪੂਰ ਸਿੰਘ)
  ਗੁਰੂ ਨਾਨਕ ਸਾਹਿਬ ਨੇ ਹਿੰਦ ਦੀ ਹੋੋਣੀ ਦੀ ਨਵ-ਸਿਰਜਨਾ ਲਈ ਇਕ ਵੱਡਾ ਪ੍ਰੋਗਰਾਮ ਉਲੀਕਿਆ, ਜਿਸ ਦਾ ਆਧਾਰ ਉਸ ਨੇ ਕੇਵਲ ਇਕ ਨਿਰਭਉ ਨਿਰਵੈਰ ਅਕਾਲ ਪੁਰਖ ਤੇ ਉਸ ਦੀ ਪੈਦਾ ਕੀਤੀ ਜਨਤਾ ਨੂੰ ਬਣਾਇਆ । ਸਿਧਾਂ ਦੇ ਇਹ ਪੁੱਛਣ ਉੱਤੇ ਕਿ ਤੇਰੇ ਕੋਲ ਕੀ ਕਰਾਮਾਤ ਹੈ ਜਿਸ ਰਾਹੀਂ ਤੰੂ ਮੋਮ ਦੇ ਦੰਦਾਂ ਨਾਲ ਜਨਤਾ ਦੇ ਦੁਖਾਂ ਦਾ ਲੋਹਾ ਖਾ ਜਾਏਂਗਾ ? ਤਾਂ ਗੁਰੂ ਨਾਨਕ ਪਾਤਸ਼ਾਹ ਦਾ ਉੱਤਰ ਸੀ ਕਿ ਮੇਰੇ ਕੋਲ ਸੱਚਾ ਨਾਂਅ ਅਤੇ ਸਾਧ ਸੰਗਤ ਦੇ ਦੋ ਹਥਿਆਰ ਹਨ, ਏਹੋ ਹੀ ਕਰਾਮਾਤ ਹੈ । ਹਿੰਦ ਵਿੱਚ ਕਿਸੇ ਨੇ ਪਹਿਲੀ ਵਾਰ ਆਮ ਖਲਕਤ ਨੂੰ ਆਪਣੇ ਸੰਸਾਰ ਦਾ ਧੁਰਾ ਬਣਾਇਆ ਸੀ । 
(ਹਵਾਲਾ ਪੁਸਤਕ, ਕੂੜ ਨਿਖੁਟੇ ਨਾਨਕਾ Eੜਕਿ ਸਚਿ ਰਹੀ)
  ਗੁਰ ਸੰਗਤਿ ਬਾਣੀ ਬਿਨਾ ਦੂਜੀ Eਟ ਨਹੀਂ ਹਹਿ ਰਾਈ । ਇਹ ਮੁਬਾਰਕ ਸ਼ਬਦ ਗੁਰੂ ਨਾਨਕ ਸਾਹਿਬ ਦੇ ਲੋਕਤੰਤਰ ਦਾ ਸੰਕਲਪ ਤਾਂ ਦੱਸਦੇ ਹੀ ਹਨ, ਨਾਲੋ ਨਾਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਬੀਜ ਵੀ ਬੀਜਦੇ ਹਨ । 
  ਜਾਣੇ ਅਣਜਾਣੇ ਵਿੱਚ ਕਿਸੇ ਦੀ ਸ਼ਾਨ ਦੇ ਖਿਲਾਫ਼ ਕੁਝ ਲਿਖਿਆ ਗਿਆ ਹੋਵੇ ਤਾਂ ਦਾਸ ਖਿਮਾਂ ਦਾ ਜਾਚਕ ਹੈ । 
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ
* * * * * *