image caption: -ਰਜਿੰਦਰ ਸਿੰਘ ਪੁਰੇਵਾਲ

ਕੈਨੇਡਾ ਦੇ ਡਰਾਈਵਰਾਂ ਦਾ ਸੰਕਟ, ਪੰਜਾਬੀ ਭਾਈਚਾਰਾ ਤੇ ਸੁਸਤ ਟਰੂਡੋ ਸਰਕਾਰ

ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਰੁੱਧ ਇਸ ਵੇਲੇ ਕੈਨੇਡਾ ਦੇ ਹਜ਼ਾਰਾਂ ਟਰੱਕ ਆਪ੍ਰੇਟਰ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ| ਸਮੂਹ ਪੰਜਾਬੀਆਂ ਦਾ ਧਿਆਨ ਇਸ ਰੋਸ ਮੁਜ਼ਾਹਰੇ ਵੱਲ ਖ਼ਾਸ ਤੌਰ ਤੇ ਲੱਗਾ ਹੈ, ਕਿਉਂਕਿ ਅਮਰੀਕਾ ਤੇ ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਦੀ ਵੱਡੀ ਗਿਣਤੀ ਹੈ| ਲੰਘੀ 26 ਜਨਵਰੀ ਨੂੰ ਟਰੱਕਰਜ਼ ਦੇ ਇਸ ਰੋਸ ਮੁਜ਼ਾਹਰੇ ਦੇ ਜਲੂਸ ਦੀ ਲੰਬਾਈ 45 ਮੀਲ ਦੱਸੀ ਗਈ ਸੀ , ਜੋ ਆਪਣੇ ਆਪ ਵਿਚ ਹੀ ਰਿਕਾਰਡ ਹੈ| ਇਸੇ ਮਹੀਨੇ ਕੈਨੇਡਾ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਇਕ ਹੁਕਮ ਲਾਗੂ ਕਰ ਦਿੱਤਾ ਸੀ ਕਿ ਜਿਹੜੇ ਵੀ ਡਰਾਈਵਰ ਟਰੱਕ ਅਮਰੀਕਾ ਤੋਂ ਲੈ ਕੇ ਆਉਣਗੇ, ਉਨ੍ਹਾਂ ਨੂੰ ਬਾਰਡਰ &rsquoਤੇ ਕੋਵਿਡ-19 ਵੈਕਸੀਨ ਲੱਗੇ ਹੋਣ ਦਾ ਸਰਟੀਫਿਕੇਟ ਵਿਖਾਉਣਾ ਹੋਵੇਗਾ| ਟਰੱਕ ਆਪ੍ਰੇਟਰ ਟਰੂਡੋ ਸਰਕਾਰ  ਵਿਰੁੱਧ ਸਮੁੱਚੇ ਦੇਸ਼ &rsquoਚ ਜ਼ੋਰਦਾਰ ਰੋਸ ਮੁਜ਼ਾਹਰੇ ਕਰ ਰਹੇ ਹਨ| ਬੀਤੇ ਹਫਤੇ  ਉਨ੍ਹਾਂ ਨੇ ਕੈਨੇਡੀਅਨ ਸੰਸਦ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ| ਇਨ੍ਹਾਂ ਪ੍ਰਦਰਸ਼ਨਾਂ ਕਾਰਨ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੁਣ ਰਾਜਧਾਨੀ ਓਟਾਵਾ ਸਥਿਤ ਆਪਣੀ ਸਰਕਾਰੀ ਰਿਹਾਇਸ਼ਗਾਹ ਨੂੰ ਛੱਡ ਕੇ ਕਿਸੇ ਗੁਪਤ ਸਥਾਨ ਤੇ ਰਹਿਣਾ ਪੈ ਰਿਹਾ ਹੈ| ਹੁਣ ਮੁਜ਼ਾਹਰਾਕਾਰੀਆਂ ਵਿਚ ਘੁਸਪੈਠ ਕਰਨ ਵਾਲੇ ਸ਼ਰਾਰਤੀ ਲੋਕ ਹੁੱਲੜਬਾਜ਼ੀ ਅਤੇ ਤੋੜ-ਭੰਨ੍ਹ ਤੇ ਉਤਰ ਆਏ ਹਨ| ਦਿਨ-ਬ-ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ| ਪ੍ਰਧਾਨ ਮੰਤਰੀ ਟਰੂਡੋ ਨੇ ਟਰੱਕਾਂ ਵਾਲਿਆਂ ਨੂੰ ਮਾੜੇ ਅਨਸਰਾਂ ਦੀ ਉਨ੍ਹਾਂ ਵਿਚ ਘੁਸਪੈਠ ਅਤੇ ਚਾਲਾਂ ਤੋਂ ਸੁਚੇਤ ਕੀਤਾ ਹੈ| ਉਨ੍ਹਾਂ ਕਿਹਾ ਕਿ ਟੀਕਾਕਰਨ ਤੋਂ ਨਾਂਹ ਕਰਨਾ ਤਾਂ ਸਿੱਧਾ ਵਿਗਿਆਨ ਨੂੰ ਨਕਾਰਨਾ ਅਤੇ ਚੁਣੌਤੀ ਹੈ| ਓਟਵਾ ਸ਼ਹਿਰ ਵਿਚ ਲੋਕਾਂ ਦਾ ਜਿਊਣਾ ਔਖਾ ਹੋਇਆ ਪਿਆ ਹੈ| ਟਰੱਕ ਖੜ੍ਹੇ ਹੋਣ ਕਾਰਨ ਸੜਕਾਂ ਉਤੇ ਆਵਾਜਾਈ ਬੰਦ ਹੈ| ਕਾਫ਼ੀ ਕੂੜਾ ਖ਼ਿਲਰਿਆ ਪਿਆ ਹੈ ਤੇ ਟਰੱਕਾਂ ਦੇ ਹਾਰਨ ਵੱਜਣ ਨਾਲ ਸ਼ਹਿਰ ਦਾ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ| ਭੜਕਾਹਟ ਤੋਂ ਬਚਦਿਆਂ ਪੁਲੀਸ ਸਖ਼ਤੀ ਤੋਂ ਕਤਰਾ ਰਹੀ ਹੈ| ਓਟਵਾ ਸ਼ਹਿਰ ਵਿਚ ਲੱਗੇ ਕੁਝ ਬੁੱਤਾਂ ਤੇ ਹੋਰ ਯਾਦਗਾਰੀ ਥਾਵਾਂ ਨਾਲ ਛੇੜਛਾੜ ਕਰ ਕੇ ਨੁਕਸਾਨ ਕੀਤਾ ਗਿਆ ਹੈ| ਕਈ ਲੋਕ ਹੱਥਾਂ ਵਿਚ ਨਾਜ਼ੀ ਝੰਡੇ ਲੈ ਕੇ ਅਤੇ ਨਸਲੀ ਨਫ਼ਰਤ ਫੈਲਾਉਂਦੀਆਂ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਰਹੇ ਹਨ|  ਪ੍ਰਧਾਨ ਮੰਤਰੀ ਤੋਂ ਜਸਟਿਨ ਟਰੂਡੋ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ| ਸ਼ਹਿਰ ਵਾਸੀਆਂ ਨੂੰ ਜ਼ਰੂਰੀ ਵਸਤਾਂ ਦੀ ਚਿੰਤਾ ਸਤਾਉਣ ਲੱਗੀ ਹੈ| ਬਹੁਤੇ ਸਟੋਰਾਂ ਵਿਚ ਸਾਮਾਨ ਖ਼ਤਮ ਹੋਣ ਕਾਰਨ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ| ਮੁਜ਼ਾਹਰਾਕਾਰੀਆਂ ਵੱਲੋਂ ਖੋਲ੍ਹੇ ਗਏ ਫੰਡ ਵਿਚ ਹੁਣ ਤੱਕ 76 ਲੱਖ ਡਾਲਰ ਜਮ੍ਹਾਂ ਹੋ ਚੁੱਕੇ ਹਨ, ਇਸ ਵਿਚ ਵਿਦੇਸ਼ਾਂ ਤੋਂ ਵੱਡੀਆਂ ਰਕਮਾਂ ਆਉਣ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ| ਦਿ ਸਟਾਰ&rsquo ਵੈੱਬਸਾਈਟ ਦੇ ਮੁਤਾਬਕ, ਓਟਵਾ ਪੁਲਿਸ ਨੇ ਦੱਸਿਆ ਕਿ ਓਟਾਵਾ ਵਿੱਚ ਹੋ ਰਹੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਲੈ ਕੇ ਅਪਰਾਧਿਕ ਜਾਂਚ ਸ਼ੁਰੂ ਹੋ ਗਈ ਹੈ| ਅਸਲ ਵਿਚ ਟਰੱਕ ਆਪ੍ਰੇਟਰਜ਼ ਦੀਆਂ ਸਮੱਸਿਆਵਾਂ ਜਾਇਜ਼ ਹਨ| ਉਨ੍ਹਾਂ ਨੂੰ ਸਖ਼ਤ ਬਰਫ਼ਾਨੀ ਠੰਢ ਵਿਚ ਵੀ ਉਸ ਵੇਲੇ ਵੀ ਆਪਣੀਆਂ ਸੇਵਾਵਾਂ ਜਾਰੀ ਰੱਖਣੀਆਂ ਪੈਂਦੀਆਂ ਹਨ ਜਦੋਂ ਸੜਕਾਂ ਹਰ ਪਾਸੇ ਸੁੰਨੀਆਂ ਹੁੰਦੀਆਂ ਹਨ ਅਤੇ ਜ਼ਿਆਦਾਤਰ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਬੰਦ ਹੁੰਦੀਆਂ ਹਨ| ਇਹ ਟਰੱਕ ਡਰਾਈਵਰ ਦੇਸ਼ ਦੀ ਅਰਥ ਵਿਵਸਥਾ ਨੂੰ ਚੱਲਦਾ ਰੱਖਣ ਵਿਚ ਆਪਣਾ ਵਡੇਰਾ ਯੋਗਦਾਨ ਪਾਉਂਦੇ ਹਨ| ਉਹ ਬਾਰਡਰ ਤੇ ਵੈਕਸੀਨ ਸਰਟੀਫਿਕੇਟ ਵਿਖਾਉਣ ਦੇ ਨਵੇਂ ਕਾਨੂੰਨ ਦਾ ਵਿਰੋਧ ਇਸ ਲਈ ਨਹੀਂ ਕਰ ਰਹੇ ਕਿ ਉਹ ਇਹ ਟੀਕਾ ਲਗਵਾਉਣਾ ਨਹੀਂ ਚਾਹੁੰਦੇ| ਦਰਅਸਲ, ਉਨ੍ਹਾਂ ਨੂੰ ਇਹ ਟੀਕਾ ਲਗਵਾਉਣ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ| ਜ਼ਿਆਦਾਤਰ ਵਿਅਕਤੀਆਂ ਨੂੰ ਇਹ ਟੀਕਾ ਲਗਵਾਉਣ ਤੋਂ ਬਾਅਦ ਦੋ-ਤਿੰਨ ਦਿਨ ਆਰਾਮ ਕਰਨ ਦੀ ਲੋੜ ਪੈਂਦੀ ਹੈ ਪਰ ਟਰੱਕਰਜ਼ ਦੀਆਂ ਆਪਣੀਆਂ ਸਮੱਸਿਆਵਾਂ ਹਨ| ਉਹ ਇੰਨੇ ਦਿਨ ਦੀ ਉਡੀਕ ਕਿੱਥੇ ਕਰ ਸਕਦੇ ਹਨ| ਉਨ੍ਹਾਂ ਦੀਆਂ ਕਈ-ਕਈ ਮਹੀਨੇ ਪਹਿਲਾਂ ਤੋਂ ਬੁਕਿੰਗਜ਼ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਹਰ ਹਾਲਤ ਵਿਚ ਨੇਪਰੇ ਚਾੜ੍ਹਨਾ ਹੁੰਦਾ ਹੈ| ਉੱਪਰੋਂ ਟਰਾਂਸਪੋਰਟ ਦੇ ਖ਼ਰਚੇ ਬਹੁਤ ਜ਼ਿਆਦਾ ਵਧ ਗਏ ਹਨ| ਉਨ੍ਹਾਂ ਨੂੰ ਪੂਰੇ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਨਾਗਾ ਡਰਾਈਵਰਾਂ ਤੇ ਉਨ੍ਹਾਂ ਦੇ ਸਹਾਇਕਾਂ ਲਈ ਅਸੰਭਵ ਹੀ ਹੈ| ਜੇ ਕੋਵਿਡ ਨਿਯਮਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਵਿਚ ਸਾਰੀਆਂ ਪਾਬੰਦੀਆਂ ਤੇ ਸਖ਼ਤੀਆਂ ਲਗਪਗ ਖ਼ਤਮ ਕਰ ਦਿੱਤੀਆਂ ਗਈਆਂ ਹਨ| ਵਰਕ ਫਰਾਮ ਹੋਮ ਦਾ ਨਿਯਮ ਖ਼ਤਮ ਕਰ ਦਿੱਤਾ ਗਿਆ ਹੈ| 
ਕਿਸਾਨਾਂ ਵੱਲੋਂ ਕੇਂਦਰ ਖ਼ਿਲਾਫ਼ ਪ੍ਰਦਰਸ਼ਨ ਤੇ 
ਮੋਦੀ ਸਰਕਾਰ ਦੀ ਘਾਤਕ ਚੱੁਪ
ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਦਿੱਤੇ ਗਏ ਵਿਸ਼ਵਾਸਘਾਤ ਦਿਵਸ ਦੇ ਸੱਦੇ ਨੂੰ ਦੇਸ਼ ਭਰ ਵਿਚ ਭਰਵਾਂ ਹੁੰਗਾਰਾ ਮਿਲਿਆ| ਮੋਰਚੇ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਦਸੰਬਰ 2021 ਨੂੰ ਦੇਸ਼ ਦੇ ਅੰਦੋਲਨਕਾਰੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਦੀ ਹੈ ਤਾਂ ਕਿਸਾਨਾਂ ਕੋਲ ਮੁੜ ਅੰਦੋਲਨ ਸ਼ੁਰੂ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ| ਉਨ੍ਹਾਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਉਹ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਯਾਦ ਕਰਾਉਣ| ਮੋਰਚੇ ਨੂੰ ਹੁੰਗਾਰੇ ਮਗਰੋਂ ਮਿਸ਼ਨ ਉੱਤਰ ਪ੍ਰਦੇਸ਼ ਤਹਿਤ ਨਵੀਆਂ ਯੋਜਨਾਵਾਂ ਨਾਲ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦਾ ਅਹਿਦ ਵੀ ਲਿਆ| ਲੱਖਾਂ ਕਿਸਾਨ ਵਿਸ਼ਵਾਸਘਾਤ ਦਿਵਸ ਮਨਾਉਣ ਅਤੇ ਕੇਂਦਰ ਦੇ ਵਾਅਦਿਆਂ ਦੀ ਯਾਦ ਦਿਵਾਉਣ ਲਈ ਸੜਕਾਂ ਤੇ ਉਤਰੇ| ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰਾਂ ਡਾ. ਦਰਸ਼ਨ ਪਾਲ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਕੱਕਾ, ਯੁੱਧਵੀਰ ਸਿੰਘ ਅਨੁਸਾਰ ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਤਿਲੰਗਾਨਾ, ਉੜੀਸਾ, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਤ੍ਰਿਪੁਰਾ ਸਮੇਤ ਹੋਰ ਰਾਜਾਂ ਵਿੱਚ ਕਿਸਾਨਾਂ ਨੇ ਵਿਸ਼ਵਾਸਘਾਤ ਦਿਵਸ ਮਨਾਇਆ ਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ| ਪ੍ਰਦਰਸ਼ਨ ਕੀਤੇ ਗਏ, ਮਾਰਚ ਕੱਢੇ ਗਏ| ਰਾਸ਼ਟਰਪਤੀ ਨੂੰ ਭੇਜੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਅਣਥੱਕ ਯਤਨਾਂ ਨਾਲ ਲੌਕਡਾਊਨ ਅਤੇ ਆਰਥਿਕ ਮੰਦੀ ਦੇ ਬਾਵਜੂਦ ਦੇਸ਼ ਦੇ ਖੇਤੀਬਾੜੀ ਉਤਪਾਦਨ ਵਿੱਚ ਲਗਾਤਾਰ ਵਾਧਾ ਹੋਇਆ ਹੈ| ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਧੋਖਾ ਕਰਨਾ ਵਿਨਾਸ਼ਕਾਰੀ ਸਾਬਤ ਹੋ ਸਕਦਾ ਹੈ| ਮੋਰਚੇ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਹੈ| ਕਿਸਾਨ ਆਗੂਆਂ ਅਨੁਸਾਰ ਮੋਰਚੇ ਨਾਲ ਸਬੰਧਤ ਮੰਗਾਂ ਮੰਨਣ ਅਤੇ ਸਾਰੀਆਂ ਫਸਲਾਂ ਤੇ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਦਾ ਲਿਖਤੀ ਭਰੋਸਾ ਕੇਂਦਰ ਤੋਂ ਮਿਲਣ ਮਗਰੋਂ ਹੀ ਦਿੱਲੀ ਮੋਰਚਾ ਮੁਲਤਵੀ ਕੀਤਾ ਗਿਆ ਸੀ ਪ੍ਰੰਤੂ ਦੋ ਮਹੀਨੇ ਤੋਂ ਵੱਧ ਸਮਾਂ ਬੀਤਣ &rsquoਤੇ ਵੀ ਕੇਂਦਰ ਸਰਕਾਰ ਵਲੋਂ ਨਾ ਤਾਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਨਾ ਹੀ ਅੰਦੋਲਨ ਦੌਰਾਨ ਕਿਸਾਨਾਂ &rsquoਤੇ ਬਣਾਏ ਝੂਠੇ ਪੁਲੀਸ ਕੇਸਾਂ ਨੂੰ ਵਾਪਸ ਲਿਆ ਗਿਆ ਹੈ| ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ਤੇ ਗੱਡੀਆਂ ਚੜ੍ਹਾ ਕੇ ਸ਼ਹੀਦ ਕਰਨ ਦੀ ਸਾਜ਼ਿਸ਼ ਘੜਨ ਵਾਲਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਜੇ ਤੱਕ ਵੀ ਕੁਰਸੀ ਤੇ ਬਿਰਾਜਮਾਨ ਹੈ| ਕਿਸਾਨਾਂ ਦੀਆਂ ਮੰਗਾਂ ਸਹੀ ਹਨ|ਮੋਦੀ ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ ਹਕ ਦੇਣੇ ਚਾਹੀਦੇ ਹਨ| ਮੋਦੀ ਸਰਕਾਰ ਦੀ ਘਾਤਕ ਚੁਪ ਨੀਤੀ ਭਾਰਤ ਲਈ ਠੀਕ ਨਹੀਂ| 
-ਰਜਿੰਦਰ ਸਿੰਘ ਪੁਰੇਵਾਲ