image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਲੇਖਿਕਾ ਬੀਬੀ ਨੂੰ ਨਿਆਰੇ ਸਿੱਖ ਧਰਮ ਬਾਰੇ ਦੁੱਬਿਧਾ ਪੈਦਾ ਕਰਕੇ ਪੰਜਾਬ ਟਾਈਮਜ਼ ਦੇ ਪਾਠਕਾਂ ਨੂੰ ਗੰੁਮਰਾਹ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ

ਗੁਰੂ ਗ੍ਰੰਥ ਸਾਹਿਬ ਸੰਗ੍ਰਹਿ ਨਹੀਂ ਚਬਰ ਛੱਤਰ ਦੇ ਮਾਲਕ ਜੁੱਗੋ ਜੁੱਗ ਅਟੱਲ ਗੁਰੂ ਹਨ
 ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਅੰਕ 2913 ਦੇ ਸਫਾ 43 ਉੱਤੇ ਇਕ ਲਿਖਤ, ਧਰਮ ਗੁਰੂ ਨਾਨਕ ਦੇਵ ਜੀ ਨੇ ਇਸ ਕਰਕੇ ਨਵਾਂ ਨਹੀਂ ਸੀ ਸਥਾਪਿਆ ਕਿ ਇਹ ਭੀ ਦੂਜਿਆਂ ਵਾਂਗੂੰ ਵਪਾਰ ਬਨਾਉਣਗੇ, ਜੋ ਹੋ ਰਿਹਾ ਹੈ, ਛੱਪੀ ਹੈ । ਇਸ ਲਿਖਤ ਦੇ ਸ਼ੁਰੂ ਵਿੱਚ ਲੇਖਿਕਾ ਬੀਬੀ ਜੀ ਲਿਖਦੇ ਹਨ ਕਿ ਵਾਹ E ਮੇਰਿਆ ਵਲੀਆ ਰਿੰਨੀ ਖੀਰ ਤੇ ਬਣ ਤਾ ਦਲੀਆ । ਦਰਅਸਲ ਇਹ ਲੇਖਿਕਾ ਬੀਬੀ ਖੁਦ ਹੀ ਪਿਛਲੇ ਕੁਝ ਸਮੇਂ ਤੋਂ ਸਿੱਖ ਧਰਮ ਅਤੇ ਸਨਾਤਨ ਹਿੰਦੂ ਧਰਮ ਦਾ ਦਲੀਆ ਬਣਾਉਣ ਲਈ ਯਤਨਸ਼ੀਲ ਹੈ । ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ। 9-8-2019 ਦੇ ਪੰਜਾਬ ਟਾਈਮਜ਼ ਦੇ ਪਾਠਕਾਂ ਦੇ ਪੱਤਰ ਦੇ ਸੱਫਾ ਉੱਤੇ ਬੀਬੀ ਜੀ ਲਿਖਦੇ ਹਨ, ਲਿਖਦੀ ਜਾਵਾਂ ਸਿੱਖ ਜਗਤ ਜੀE ਇਤਿਹਾਸ ਤਾਂ ਇਹ ਸਬੂਤ ਦਿੰਦਾ ਹੀ ਨਹੀਂ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਚਲਾਇਆ ਸੀ, ਕਿਸੇ ਸੰਨਿਆਸੀ ਦੀਆਂ ਲਿਖਤਾਂ ਸਬੂਤ ਨਹੀਂ ਹੋ ਸਕਦੀਆਂ। (ਨੋਟ : ਇਥੇ ਜ਼ਿਕਰਯੋਗ ਹੈ ਕਿ ਜਿਸ ਸੰਨਿਆਸੀ ਦੀਆਂ ਲਿਖਤਾਂ ਦਾ ਸਬੂਤ ਮੰਨਣ ਤੋਂ ਬੀਬੀ ਜੀ ਇਨਕਾਰ ਕੀਤਾ ਹੈ, ਉਸ ਸੰਨਿਆਸੀ ਦਾ ਪੂਰਾ ਨਾਂਅ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਹੈ ਜਿਸ ਨੇ ਗੁਰਬਾਣੀ ਦਾ ਅਧਿਐਨ ਕਰਨ ਤੋਂ ਬਾਅਦ ਹਿੰਦੂ ਮੱਤ ਦਾ ਤਿਆਗ ਕਰਕੇ ਸਿੱਖ ਧਰਮ ਅਪਣਾ ਲਿਆ ਸੀ । ਸਵਾਮੀ ਰਾਮ ਤੀਰਥ ਦੰਡੀ ਨੇ ਸਿੱਖ ਧਰਮ ਅਪਨਾਉਣ ਤੋਂ ਬਾਅਦ ਇਕ ਕਿਤਾਬ ਵਿੱਚ ਲਿਖਿਆ ਜਿਸ ਦਾ ਸਿਰਲੇਖ ਹੈ : ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਧਰਮ ਖਾਲਸਾ ਪੰਥ। ਇਸ ਕਿਤਾਬਚੇ ਦੇ ਅੰਤ ਵਿੱਚ ਸਵਾਮੀ ਜੀ ਲਿਖਦੇ ਹਨ ਕਿ ਵੇਦਾਂ ਦਾ ਸ਼ਾਸਤਰਾਂ ਦਾ ਸਿਮ੍ਰਿਤੀਆਂ ਦਾ ਸਮਾਰਤ ਸੂਤਰਾਂ ਨੂੰ ਤੰਤਰ ਤਥਾ ਪੁਰਾਣਾਂ ਦਾ ਪੂਰਵੋਵਾਦ ਅਨੇਕ ਦੋਸ਼ਾਂ ਤੋਂ ਭ੍ਰਿਸ਼ਟ ਹੋਏ ਜਾਣਕੇ ਮੈਨੇ ਬਹੁਤ ਸਾਰੇ ਅੰਸ਼ਾਂ ਵਿੱਚ ਇਨ੍ਹਾਂ ਗ੍ਰੰਥਾਂ ਨੂੰ ਛੋੜ ਦਿੱਤਾ ਹੈ ।
  ਕੇਵਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਲਕੁੱਲ ਹੀ ਨਿਰਦੋਸ਼ ਜਾਣਕੇ ਅਤੇ ਮਨੁੱਖ ਮਾਤਰ ਦਾ ਹਿਤੈਸ਼ੀ ਮੰਨ ਕੇ ਮੈਂ ਇਸੇ ਗੁਰੂ ਗ੍ਰੰਥ ਨੂੰ ਆਪਣਾ ਧਰਮ ਗ੍ਰੰਥ ਮੰਨ ਲਿਆ ਹੈ ਅਤੇ ਮੈਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸਿੱਖ ਮੰਨਦਾ ਹਾਂ । ਇਸ ਲਈ ਮੈਂ ਗੁਰੂ ਦਾ ਸਿੱਖ ਹਾਂ । ਜੇਕਰ ਹਿੰਦੂ ਰਹਿੰਦੇ ਹੋਏ ਭੀ ਅਸਲੀ ਧਰਮ ਦੀ ਰੱਖਿਆ ਹੋ ਸਕਦੀ ਤਾਂ ਗੁਰੂ ਜੀ ਹਿੰਦੂ ਅਤੇ ਮੁਸਲਮਾਨਾਂ ਤੋਂ ਵੱਖਰੇ ਤੀਸਰੇ ਪੰਥ ਵਾਲੇ ਪੰਥ ਦਾ ਨਿਰਮਾਣ ਨਾ ਕਰਦੇ, ਇਸ ਲਈ ਹਿੰਦੂ ਧਰਮ ਨਾਮ ਤੋਂ ਵੱਖਰੇ ਧਰਮ ਵਾਲੇ ਸਿੱਖਾਂ ਨੂੰ ਹਿੰਦੂ ਮੰਨਣਾ ਮਹਾਂ ਮੂਰਖਤਾ ਹੈ ।
ਤੁਹਾਡਾ ਆਪਣਾ, ਰਾਮ ਤੀਰਥ ਦੰਡੀ ਸੰਨਿਆਸੀ,
ਅੱਸੂ ਸੰਮਤ 2031
ਅਕਤੂਬਰ ਈਸਵੀ ਸੰਨ 1974
  ਉਕਤ ਕਿਤਾਬਚੇ ਦੇ ਪਹਿਲੇ ਪੰਨੇ &lsquoਤੇ ਰਾਮ ਤੀਰਥ ਦੰਡੀ ਸੰਨਿਆਸੀ ਦੀ ਘੋਨ ਮੋਨ ਸੰਨਿਆਸੀ ਰੂਪ ਵਿੱਚ ਫੋਟੋ ਹੈ ਅਤੇ ਅਖੀਰਲੇ ਪੰਨੇ ਉੱਤੇ ਸਾਬਿਤ ਸੂਰਤ ਦਸਤਾਰ ਸਿੰਘ ਵਾਲੀ ਫੋਟੋ ਹੈ ਇਹ ਕਿਤਾਬਚਾ ਸ਼੍ਰੋਮਣੀ ਕਮੇਟੀ ਵਾਲਿਆਂ ਪਾਸੋਂ ਵੀ ਮਿਲ ਸਕਦਾ ਹੈ ।
  ਖੈਰ ਬੀਬੀ ਜੀ ਦੀ ਇਸ ਗੱਲ ਦਾ ਜੁਆਬ ਕਿ, ਇਤਿਹਾਸ ਤਾਂ ਇਹ ਸਬੂਤ ਦਿੰਦਾ ਹੀ ਨਹੀਂ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਚਲਾਇਆ ਸੀ । ਦਾ ਜੁਆਬ ਪੰਜਾਬ ਟਾਈਮਜ਼ ਦੇ ਅਗਲੇ ਅੰਕ ਵਿੱਚ ਸੰਖੇਪ ਕਰਕੇ ਇਸ ਪ੍ਰਕਾਰ ਦਿੱਤਾ ਸੀ ਕਿ, ਤਾਂ ਫਿਰ ਬੀਬੀ ਜੀ ਇਹ ਦੱਸਣ ਦੀ ਕ੍ਰਿਪਾਲਤਾ ਕਰਨਗੇ ਜੇ ਗੁਰੂ ਨਾਨਕ ਸਾਹਿਬ ਸਿੱਖ ਧਰਮ ਨਹੀਂ ਚਲਾਇਆ । ਸਾਰਾ ਜਗਤ ਮੰਨਦਾ ਹੈ ਕਿ ਸਿੱਖ ਧਰਮ ਦੇ ਬਾਨੀ ਤ੍ਰੈਕਾਲ ਦਰਸ਼ੀ ਗੁਰੂ ਨਾਨਕ ਸਾਹਿਬ ਹੀ ਹਨ, ਮੈਂ ਨਾ ਮਾਨੂੰ ਬਿਰਤੀ ਵਾਲੇ ਨੂੰ ਤਾਂ ਇਹੀ ਕਹਿਣਾ ਬਣਦਾ ਹੈ ਕਿ ਚਤਰ ਕੇ ਗੁਰੂ ਹੈ ਮੂਰਖ ਕੇ ਹਮ ਦਾਸ । (ਪੰਜਾਬ ਟਾਈਮਜ਼ 05-9-2019) ਇਸੇ ਤਰ੍ਹਾਂ 15-8-2019 ਪੰਜਾਬ ਟਾਈਮਜ਼ ਦੇ ਪਾਠਕਾਂ ਦੇ ਪੱਤਰ ਦੇ ਕਾਲਮ ਦੇ ਸਫਾ 48 ਉੱਤੇ ਬੀਬੀ ਜੀ ਲਿਖਦੇ ਹਨ : ਇਕ ਵਿਅਕਤੀ (ਨੌਜੁਆਨ) ਸਵਾਲ ਪੁੱਛਦਾ ਹੈ ਕਿ ਪੰਜ ਸਾਲ ਦੇ ਬਾਲ ਗੁਰੂ, 9 ਸਾਲ ਦੇ, 11 ਸਾਲ ਦੇ ਕਿਉਂ ਥਾਪੇ ਗਏ ਕੀ ਕੀ ਸੁੱਘੜਤਾ ਤੇ ਕਿਹਨੇ ਪਰਖੀ ਸੀ ? ਉੱਤਰ ਦੇਣ ਤੋਂ ਅਸਮਰੱਥ ਹਾਂ (ਭਾਵ ਬੀਬੀ ਜੀ ਉਕਤ ਸਵਾਲ ਦਾ ਜੁਆਬ ਦੇਣ ਤੋਂ ਅਸਮਰੱਥ ਹਨ) ਇਸ ਦਾ ਜੁਆਬ ਵੀ ਦਾਸ ਨੇ 05-09-2019 ਪੰਜਾਬ ਟਾਈਮਜ਼ ਦੇ ਪੰਨਾ 51 ਉੱਤੇ ਸੰਖੇਪ ਕਰਕੇ ਇਸ ਪ੍ਰਕਾਰ ਦਿੱਤਾ ਸੀ ਕਿ, ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯਉ ॥ ਤਾਂ ਤੇ ਅੰਗਦੁ ਭਯਉ, ਤਤ ਸਿਉ, ਤਤੁ ਮਿਲਾਯਉ ॥ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੋਤਿ ਦੀ ਨਿਰੰਤਰਤਾ, ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ (ਗੁ: ਗ੍ਰੰ: ਸਾਹਿਬ ਪੰਨਾ 966) ਦਾ ਸਿਧਾਂਤ ਹੈ । ਗੁਰੂ ਜੋਤਿ ਬਾਲ ਉਮਰ ਵਿੱਚ ਵੀ ਪ੍ਰਵਿਰਤ ਹੋ ਜਾਂਦੀ ਰਹੀ । ਇਸ ਕਰਕੇ 5 ਸਾਲ, 9 ਸਾਲ ਤੇ 11 ਸਾਲ ਦੇ ਗੁਰੂ ਬਣੇ। ਦਾਸ ਨੇ ਬੀਬੀ ਜੀ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਜੇ ਆਪ ਜੀ ਗੁਰੂ ਜੋਤਿ ਦੇ ਸਿਧਾਂਤ ਬਾਰੇ ਨਹੀਂ ਜਾਣਦੇ ਤਾਂ ਆਪਣਾ ਅਤੇ ਪੰਜਾਬ ਟਾਈਮਜ਼ ਦੇ ਪਾਠਕਾਂ ਦਾ ਸਮਾਂ ਕਿਉਂ ਬਰਬਾਦ ਕਰਦੇ ਹੋ, ਪਰ ਬੀਬੀ ਨੇ ਮੈਂ ਨਾ ਮਾਨੂੰ ਦਾ ਫਾਰਮੂਲਾ ਜਾਰੀ ਰੱਖਿਆ । ਇਸ ਤੋਂ ਅੱਗੇ 15-7-2021 ਪੰਜਾਬ ਟਾਈਮਜ਼ ਦੇ ਅੰਕ ਨੰ 2884 ਦੇ ਪੰਨਾ ਉੱਤੇ ਕਿਸਾਨਾਂ ਨੂੰ ਕੋਈ ਕਾਮਯਾਬੀ ਇਸ ਕਰਕੇ ਨਹੀਂ ਮਿਲ ਰਹੀ ਦੇ ਸਿਰਲੇਖ ਹੇਠ ਬੀਬੀ ਜੀ ਨੇ ਲਿਖਿਆ ਕਿ, ਕੁਝ ਵਰ੍ਹਿਆਂ ਤੋਂ ਇਕ ਉਹ ਤਬਕਾ ਸਿੱਖ ਧਰਮ ਵਿੱਚ ਹਾਵੀ ਹੋ ਗਿਆ ਹੈ, ਜੋ ਹਿੰਦੂ ਰੀਤ ਨੂੰ ਨਿਕਾਰਦਾ ਹੈ ਪਰ ਸਾਰੀ ਦੀ ਸਾਰੀ ਨਕਲ ਮਾਰਦਾ ਹੈ । ਬੀਬੀ ਜੀ ਦੀ ਉਕਤ ਟਿੱਪਣੀ ਦਾ ਜੁਆਬ 22-7-2021 ਦੇ ਪੰਜਾਬ ਟਾਈਮਜ਼ ਦੇ ਸਫਾ 10 ਉੱਤੇ ਦਾਸ ਨੇ, ਗੁਰਦੁਆਰਿਆਂ ਵਿੱਚ ਕੋਈ ਵੀ ਕਾਰਜ ਹਿੰਦੂ ਰਹੁ ਰੀਤੀ ਅਨੁਸਾਰ ਨਹੀਂ ਹੁੰਦਾ ਦੇ ਸਿਰਲੇਖ ਹੇਠ ਲੇਖ ਲਿਖ ਕੇ ਦਿੱਤਾ ਸੀ, ਉਸ ਲੇਖ ਦਾ ਸਾਰ ਅੰਸ਼ ਇਸ ਪ੍ਰਕਾਰ ਸੀ ਕਿ, ਸਿੱਖ ਧਰਮ ਅਕਾਲ ਪੁਰਖ ਵੱਲੋਂ ਪ੍ਰਗਟਾਇਆ ਹੋਇਆ ਧਰਮ ਹੈ । ਇਹ ਹਿੰਦੂ ਧਰਮ ਦਾ ਅੰਗ ਨਹੀਂ ਹੈ । ਨਿਆਰੀ ਹੋਂਦ ਹੀ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ । ਹਿੰਦੂ ਧਰਮ ਦੀਆਂ ਰੀਤਾਂ ਨੂੰ ਨਿਕਾਰ ਕੇ ਹੀ ਤਾਂ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ । ਗੁਰੂ ਨਾਨਕ ਸਾਹਿਬ ਨੇ ਹਿੰਦੂ ਅਤੇ ਮੁਸਲਿਮ ਪ੍ਰਚੱਲਤ ਧਰਮਾਂ ਤੋਂ ਵੱਖਰੇ ਤੀਸਰੇ ਸਿੱਖ ਧਰਮ ਦੀ ਨੀਂਹ ਰੱਖੀ, ਜਿਸ ਨੂੰ ਭਾਈ ਗੁਰਦਾਸ ਨੇ ਨਿਰਮਲ ਪੰਥ (ਸੰਪਰਦਾਈ ਮੈਲ ਤੋਂ ਰਹਿਤ) ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਭਾਈ ਗੁਰਦਾਸ ਸਿੰਘ ਨੇ ਤੀਸਰੇ ਪੰਥ ਦਾ ਨਾਮ ਦਿੱਤਾ । ਗੁਰੂ ਨਾਨਕ ਸਾਹਿਬ ਵੱਲੋਂ ਜਗਤ ਵਿੱਚ ਸਿੱਕਾ ਮਾਰ ਕੇ ਨਿਰਮਲ ਪੰਥ ਕਿਸੇ ਦੀ ਨਕਲ ਜਾਂ ਸੋਧਿਆ ਹੋਇਆ ਰੂਪ ਨਹੀਂ, ਸਗੋਂ ਹਲੇਮੀ ਰਾਜ ਸਥਾਪਤ ਕਰਨ ਨਵੀਂ ਵਿਚਾਰਧਾਰਾ ਹੈ ਜੋ ਮੁਕੰਮਲ ਅਸਲੀ ਤੇ ਪੂਰੀ ਤਰ੍ਹਾਂ ਅਜ਼ਾਦ ਹੈ । ਸਿੱਖ ਧਰਮ ਦਾ ਨਿਆਰਾ ਸਿਧਾਂਤ ਹਿੰਦੂ ਮੱਤ ਦੀ ਬ੍ਰਾਹਮਣੀ ਵਿਚਾਰਧਾਰਾ ਨਾਲੋਂ ਬਿਲਕੁੱਲ ਭਿੰਨ ਹੈ । ਸਿੱਖ ਧਰਮ ਨੂੰ ਹਿੰਦੂ ਮੱਤ ਦੀ ਨਕਲ ਕਰਨ ਦੀ ਕੋਈ ਲੋੜ ਨਹੀਂ ਹੈ ਸਗੋਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਨੇ ਹਿੰਦੂ ਮੱਤ ਦਾ ਤਿਆਗ ਕਰਕੇ ਸਿੱਖ ਧਰਮ ਧਾਰਨ ਕਰ ਲਿਆ । ਭਗਤ ਪੂਰਨ ਸਿੰਘ ਅਤੇ ਡਾ: ਸਾਹਿਬ ਸਿੰਘ ਨੇ ਹਿੰਦੂ ਮੱਤ ਦਾ ਤਿਆਗ ਕੀਤਾ ਅਤੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਹੁਲ ਛੱਕ ਕੇ ਸਿੱਖ ਧਰਮ ਧਾਰਨ ਕੀਤਾ ।
  ਇਸ ਤੋਂ ਅੱਗੇ ਲੇਖਿਕਾ ਬੀਬੀ ਨੇ ਮੈਂ ਨਾ ਮਾਨੂੰ ਦੇ ਫਾਰਮੂਲੇ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ 27-1-2022 ਪੰਜਾਬ ਟਾਈਮਜ਼ ਦੇ ਅੰਕ 2911 ਦੇ ਪੰਨਾ 14 ਉੱਤੇ ਜੇਕਰ ਕੋਈ ਸਿੱਖ ਧਰਮ ਨੂੰ ਮਹਾਨਤਾ ਦੇਣ ਵਾਲਾ ਪ੍ਰਧਾਨ ਮੰਤਰੀ ਹੈ ਤਾਂ ਮੋਦੀ ਸਾਹਿਬ ਹੀ ਹੈ, ਦੇ ਸਿਰਲੇਖ ਹੇਠ ਲੇਖ ਲਿਖਿਆ । ਬੀਬੀ ਜੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ : ਸਿੱਖ ਧਰਮ ਨੂੰ ਮਹਾਨਤਾ ਦੇਣ ਵਾਲਾ ਪ੍ਰਧਾਨ ਮੰਤਰੀ ਕਿਹੜੇ ਤਥਾਂ ਦੇ ਆਧਾਰ ਤੇ ਮੰਨਿਆ ਹੈ ਇਹ ਤਾਂ ਬੀਬੀ ਜੀ ਹੀ ਦੱਸ ਸਕਦੇ ਹਨ, ਪਰ ਸੱਚਾਈ ਇਸ ਦੇ ਬਿਲਕੁੱਲ ਉਲਟ ਹੈ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਅਣ-ਐਲਾਨਿਆ ਮਨੂੰ ਸਮ੍ਰਿਤੀ ਦਾ ਵਿਧਾਨ ਲਾਗੂ ਕੀਤਾ ਹੋਇਆ ਹੈ ਜਦਕਿ ਸਿੱਖ ਧਰਮ ਨੇ ਮਨੂੰ ਸਮ੍ਰਿਤੀ (ਵਰਣ-ਆਸ਼ਰਮ ਵੰਡ) ਨੂੰ ਮੁੱਢੋਂ ਹੀ ਰੱਦ ਕੀਤਾ ਹੋਇਆ ਹੈ । ਇਸੇ ਲੇਖ ਵਿੱਚ ਬੀਬੀ ਜੀ ਅੱਗੇ ਜਾ ਕੇ ਲਿਖਦੇ ਹਨ । ਹਿੰਦੂ ਕਿਉਂ ਸਿੱਖਾਂ ਨੂੰ ਆਪਣਾ ਅੰਗ ਸਮਝਦੇ ਹਨ, ਮੁੱਢਲਾ ਧਰਮ ਸਨਾਤਨ ਧਰਮ ਸੀ । ਸਿੱਖ ਤਾਂ ਤਖ਼ਤੇ ਸੀ ਨਹੀਂ, ਸਭ ਹਿੰਦੂ ਹੀ ਸਨ ਪ੍ਰਚੱਲਤ ਧਰਮ ਵਿੱਚ ਊਣਤਾਈਆਂ, ਪਾਂਧਿਆਂ ਦੀ ਰੋਟੀ ਲਈ ਕੁਝ ਮਨੌਤਾਂ ਸਰੋਕਾਰ ਨਹੀਂ ਸਨ, ਬ੍ਰਾਹਮਣ ਸੀ ਜੋ ਧਾਰਮਿਕ ਪੱਖ ਦਾ ਰਾਜ ਸੀ, ਵਿਰੋਧਤਾ ਤੇ ਰੰਜਿਸ਼ਾਂ ਨੇ ਹੁਣ ਖਤਰੀਆਂ ਨੂੰ ਜਾਤੀ ਵੰਡ ਕਰਕੇ ਰੋਹ ਚੜ੍ਹਾ ਦਿੱਤਾ ਕਿ ਤੁਸੀਂ ਸਾਥੋਂ ਨੀਮੇ ਹੋ ਲੰਮੇਰਾ ਨਹੀਂ ਕਰਦੀ ਗੁਰੂ ਨਾਨਕ ਦੇਵ ਜੀ ਨੇ ਜੋ ਬੜੇ ਫਿਲਾਸਫਰ ਸਨ ਸੁਧਾਰ ਦਾ ਬੀੜਾ ਚੁੱਕ ਕੇ ਆਡਾ ਲਿਆ, ਲੜਾਈ ਬ੍ਰਾਹਮਣ-ਖੱਤਰੀ ਦੀ ਸੀ ਅਖੀਰ ਫਿਰਕਾ ਬਣ ਗਿਆ ਪਰ ਧਰਮ ਨਹੀਂ ਸੀ ਬਣਿਆ ਉਨ੍ਹਾਂ ਦੀ ਜੀਵਨ ਲੀਲਾ ਵਿੱਚ (ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਵਿੱਚ) ਬੀਬੀ ਜੀ ਦੀ ਉਕਤ ਸਤਰਾਂ ਦੀ ਮਨ-ਚਾਹੀ ਕੀਤੀ ਵਿਆਖਿਆ ਦਾ ਅਰਥ ਬੜਾ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਧਰਮ ਦਾ ਹੀ ਸੁਧਾਰ ਕੀਤਾ ਪਰ ਹਿੰਦੂ ਧਰਮ ਤੋਂ ਅਲੱਗ ਕੋਈ ਨਵਾਂ ਧਰਮ ਨਵਾਂ ਪੰਥ ਨਹੀਂ ਚਲਾਇਆ । ਬੀਬੀ ਜੀ ਦੀ ਇਸ ਮਨ-ਚਾਹੀ ਸਨਾਤਨੀ ਵਿਆਖਿਆ ਦਾ ਜੁਆਬ ਦਾਸ ਨੇ 3-2-2022 ਪੰਜਾਬ ਟਾਈਮਜ਼ ਦੇ ਅੰਕ 2912 ਦੇ ਪੰਨਾ 43 ਉੱਤੇ ਦਿੱਤਾ ਜਿਸ ਦਾ ਸਿਰਲੇਖ ਸੀ : ਸੱਚ ਕੀ ਬਾਣੀ ਨਾਨਕੁ ਆਖੇ ਸਚੁ ਸੁਣਾਇਸੀ ਸਚ ਕੀ ਬੇਲਾ, ਸ੍ਰੀ ਗੁਰੂ ਨਾਨਕ ਸਾਹਿਬ ਦਾ ਸਾਜਿਆ ਪੰਥ ਇਕ ਵਿਲੱਖਣ ਧਰਮ ਹੈ। ਇਹ ਲੇਖ ਹਾਲੇ ਦੋ ਹਫਤੇ ਪੁਰਾਣਾ ਹੋਣ ਕਰਕੇ ਪੰਜਾਬ ਟਾਈਮਜ਼ ਦੇ ਪਾਠਕਾਂ ਕੋਲ ਹੋਵੇਗਾ, ਇਸ ਕਰਕੇ ਹੱਥਲੇ ਲੇਖ ਵਿੱਚ ਉਸ ਦਾ ਦੁਹਰਾ ਨਹੀਂ ਕੀਤਾ ਗਿਆ । ਇਸ ਲੇਖ ਵਿੱਚ ਦਾਸ ਨੇ ਬੀਬੀ ਦੇ ਲੇਖ ਦਾ ਜੁਆਬ ਬਹੁਤ ਵਿਸਥਾਰ ਸਹਿਤ ਲਿਖ ਦਿੱਤਾ ਸੀ । ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਪੰਥ ਪ੍ਰਵਾਨਿਤ ਸਰੋਤ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਅਤੇ ਸਿਰਦਾਰ ਕਪੂਰ ਸਿੰਘ ਦੀ ਪੁਸਤਕ ਰਾਜ ਕਰੇਗਾ ਖਾਲਸਾ ਵਿੱਚੋਂ ਹਵਾਲੇ ਦਿੱਤੇ ਗਏ ਹਨ । ਇਥੇ ਇਹ ਵੀ ਦੱਸਣਯੋਗ ਹੈ ਕਿ 13 ਅਕਤੂਬਰ 1973 ਨੂੰ ਸਵੇਰੇ ਸੱਤ ਵਜੇ ਸਿਰਦਾਰ ਕਪੂਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬ ਗਿਆਨੀ ਸਾਧੂ ਸਿੰਘ ਭੌਰਾ ਵੱਲੋਂ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਦੀ ਪਦਵੀ ਪ੍ਰਦਾਨ ਕੀਤੀ ਗਈ । ਇਸ ਪਦਵੀ ਦੀ ਲਿਖਤ ਚਾਂਦੀ ਦੇ ਸੁਨਹਿਰੀ ਚੌਖਟੇ ਵਾਲੇ ਪੱਤਰੇ ਤੇ ਹੈ, ਇਸ ਪਦਵੀ ਦੇ ਨਾਲ ਉਨ੍ਹਾਂ ਨੂੰ ਕਿਰਪਾਨ ਤੇ ਸਿਰੋਪਾ ਵੀ ਦਿੱਤਾ ਗਿਆ। (ਸਬੂਤ - ਲਈ ਹਵਾਲਾ ਪੁਸਤਕ, ਹੁਕਮਨਾਮੇ, ਆਦੇਸ਼, ਸੰਦੇਸ਼, ਸ੍ਰੀ ਅਕਾਲ ਤਖ਼ਤ ਸਾਹਿਬ, ਲੇਖਕ ਰੂਪ ਸਿੰਘ) ਦਾਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਤੇ ਪੰਥ ਪ੍ਰਵਾਣਿਤ ਸਰੋਤਾਂ ਵਿੱਚ ਦਿੱਤੇ ਗਏ ਸਬੂਤਾਂ ਨੂੰ ਵੀ ਬੀਬੀ ਜੀ ਠੋਸ ਸਬੂਤ ਨਹੀਂ ਮੰਨਦੀ ।
  ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਦੇ ਅੰਕ 2913 ਉੱਤੇ ਛਪੇ ਲੇਖ ਜਿਸ ਦਾ ਜ਼ਿਕਰ ਦਾਸ ਨੇ ਸ਼ੁਰੂ ਵਿੱਚ ਕੀਤਾ ਸੀ, ਉਸ ਲੇਖ ਵਿੱਚ ਬੀਬੀ ਜੀ ਲਿਖਦੇ ਹਨ : ਬੀਬੀ ਨੂੰ ਟੋਕਣਾ ਕੋਈ ਕਾਨੂੰਨੀ ਜੁਰਮ ਨਹੀਂ, ਤੁਹਾਡਾ ਹੱਕ ਹੈ ਪਰ ਲਿਖਤ ਨੂੰ ਨਿਕਾਰਨ ਲਈ ਕੋਈ ਠੋਸ ਸਬੂਤ ਹੋਵੇ, ਗੁਰੂ ਗ੍ਰੰਥ ਪੂਰਾ ਗੁਰਬਾਣੀ ਨਹੀਂ ਸੰਗ੍ਰਿਹ ਹੈ (ਭਾਵ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਕੇਵਲ ਇਕ ਗ੍ਰੰਥ ਹੈ) ਕਿੰਨੇ ਭਗਤਾਂ ਤੇ ਹੋਰ ਸਮੇਂ ਦੇ ਪ੍ਰਮੰਨੇ ਪੁਰਸ਼ ਅਤੇ ਦੂਜੇ ਧਰਮਾਂ ਦੀਆਂ ਪੋਥੀਆਂ ਵਿੱਚੋਂ ਹਵਾਲੇ ਭਾਸ਼ਾ ਨਉ (ਨਾਉਂ) ਦੇਵੀ ਦੇਵਤਿਆਂ ਦੇ ਹਵਾਲੇ ਹਨ ਤੇ ਉਸ ਵੇਲੇ ਦੇ ਲੋਕ ਵਿਸ਼ਵਾਸ਼ ਦੇ ਵਰਤਾਤ ਹਨ (ਦਾਸ ਨੂੰ ਵਰਤਾਤ ਦੇ ਅਰਥ ਪੰਜਾਬੀ ਡਿਕਸ਼ਨਰੀ ਵਿੱਚੋਂ ਵੀ ਨਹੀਂ ਲੱਭੇ) ਜਿਵੇਂ ਪਿੱਛੋਂ ਦੀਆਂ ਲਿਖਤਾਂ, ਲੇਖਕਾਂ ਨੂੰ ਮਹੱਤਤਾ ਦੇਈ ਜਾਂਦੇ ਹੋ ਨਾਲ ਹੀ ਭਾਈ ਸੰਤੋਖ ਸਿੰਘ ਦਾ ਕੋਕੂ ਸ਼ਾਸਤਰ ਭੀ ਲਿਖ ਦੇਣਾ ਸੀ (ਬੀਬੀ ਜੀ ਭਾਈ ਸੰਤੋਖ ਸਿੰਘ ਨੇ ਕੋਈ ਕੋਕੂ ਸ਼ਾਸਤਰ ਭੀ ਲਿਖਿਆ ਹੈ, ਦਾਸ ਨੂੰ ਉਸ ਦੀ ਕੋਈ ਜਾਣਕਾਰੀ ਨਹੀਂ ਹੈ) ਗੁਰਮੁਖਿ ਲਾਹਾ ਲੈ ਸਕਣ । ਹੁਣ ਬੀਬੀ ਜੀ ਨੇ ਆਪਣੇ ਲੇਖ ਦੇ ਉਪਰਲੇ ਪਹਿਰੇ ਵਿੱਚ ਵੀ ਮੈ ਨਾ ਮਾਨੂੰ ਦੇ ਫਾਰਮੂਲੇ &lsquoਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ । ਮੈਂ ਨਾ ਮਾਨੂੰ ਇਕ ਐਸਾ ਅਸਾਧ ਰੋਗ ਹੈ ਜਿਸ ਦਾ ਇਲਾਜ ਤਾਂ ਪੀਰ ਪੈਗੰਬਰਾਂ ਕੋਲ ਵੀ ਨਹੀਂ ਸੀ ਤਾਂ ਫਿਰ ਮੇਰੇ ਵਰਗਾ ਸਧਾਰਨ ਸਿੱਖ ਕਿਹਦੇ ਪਾਣੀ ਹਾਰ ਹੈ > ਦਾਸ ਨੂੰ ਸਿਰਫ ਏਨਾ ਪਤਾ ਹੈ : ਜੋ ਗੁਰ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਤਿਨਿ ਲਾਹਾ ਮੂਲ ਸਭ ਗਵਾਇਆ ॥ (ਗੁ: ਗ੍ਰੰ: ਸਾਹਿਬ ਮਹਲਾ ਚੌਥਾ)
  ਅੰਤ ਵਿੱਚ ਬੀਬੀ ਜੀ ਨੂੰ ਨਿਮਰਤਾ ਸਹਿਤ ਪੁੱਛਣਾ ਬਣਦਾ ਹੈ ਕਿ ਜਦ ਆਪ ਜੀ ਨੇ ਲਿਖਿਆ ਹੈ : ਗੁਰੂ ਗ੍ਰੰਥ ਪੂਰਾ ਗੁਰਬਾਣੀ ਨਹੀਂ ਸੰਗ੍ਰਹਿ ਹੈ, ਕਿਨੇ ਭਗਤਾਂ ਤੇ ਹੋਰ ਪ੍ਰਮੰਨੇ ਪੁਰਸ਼ ਅਤੇ ਦੂਜੇ ਧਰਮਾਂ ਦੀਆਂ ਪੋਥੀਆਂ ਵਿੱਚੋਂ ਹਵਾਲੇ ਹਨ, ਤਾਂ ਫਿਰ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਦਰਜ ਕਿਸ ਨੇ ਕੀਤੀ ? ਅਤੇ ਦੂਜੇ ਧਰਮਾਂ ਦੇ ਹਵਾਲੇ ਕਿਉਂ ਦਿੱਤੇ, ਇਸ ਵਿਸ਼ੇ ਉੱਤੇ ਦਾਸ ਪੰਜਾਬ ਟਾਈਮਜ਼ ਵਿੱਚ ਬਹੁਤ ਕੁਝ ਪਹਿਲਾਂ ਹੀ ਲਿਖ ਚੁੱਕਾ ਹੈ । ਸਮੂਹ ਖ਼ਾਲਸਾ ਪੰਥ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਹੈ ਕਿ ਸਿੱਖ ਧਰਮ ਵਿੱਚ ਸ਼ਬਦ-ਗੁਰੂ ਦੇ ਸਿਧਾਂਤ ਦੀ ਸਰਬਉੱਚਤਾ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਉਂ ਗ੍ਰੰਥ ਅਨੁਸਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਵਜੋਂ ਮੰਨਿਆ ਗਿਆ ਹੈ । ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਸੇ ਗੁਰੂ ਸਾਹਿਬਾਨ ਰਾਹੀਂ ਪਰਵਾਣਤ ਅਤੇ ਉਨ੍ਹਾਂ ਦੀ ਆਪਣੀ ਨਿਗਰਾਨੀ ਹੇਠ ਸੰਪੂਰਨ ਹੋਇਆ । ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਉਹੀ ਬਾਣੀ ਇਕੱਤਰ ਕੀਤੀ ਜਿਸ ਵਿੱਚ ਰੱਬੀ ਏਕਤਾ ਤੇ ਮਨੱੁਖ ਬਰਾਬਰਤਾ ਦੀ ਗੱਲ ਕੀਤੀ ਗਈ ਸੀ । ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਬਾਣੀ ਨੂੰ ਗੁਰਮੱੁਖੀ ਵਿੱਚ ਲਿਖ ਕੇ ਸੰਭਾਲ ਲਿਆ ਪਰ ਭਾਸ਼ਾ ਜਿਉਂ ਦੀ ਤਿਉਂ ਰਹਿਣ ਦਿੱਤੀ । ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ ਭੀ ਸੰਭਾਲ ਲਈ ਸੀ । ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਬਾਣੀ ਦੀ ਸੰਭਾਲ ਸ਼ੁਰੂ ਹੋ ਗਈ ਸੀ । ਗੁਰੂ ਨਾਨਕ ਦੇ ਹਰ ਉੱਤਰ-ਅਧਿਕਾਰੀ ਨੂੰ ਗੁਰੂ ਵਿਰਸੇ ਵਿੱਚ ਗੁਰ-ਗੱਦੀ ਮਿਲਣ ਸਮੇਂ ਪੂਰਵ ਗੁਰੂ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਵੀ ਪ੍ਰਾਪਤ ਹੁੰਦੀ ਸੀ । ਇਸੇ ਤਰ੍ਹਾਂ ਦੂਸਰੇ, ਤੀਸਰੇ, ਚੌਥੇ, ਤੇ ਪੰਜਵੇਂ ਗੁਰੂ ਕੋਲ ਪਹੁੰਚੀ । ਸਤੰਬਰ 1604 ਈਸਵੀ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਆਦਿ ਗ੍ਰੰਥ ਦੀ ਸੰਪਾਦਨਾ ਸੰਪੂਰਨ ਕੀਤੀ । ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਦਰਬਾਰ ਸਾਹਿਬ ਵਿਖੇ ਪੀੜ੍ਹਾ ਸਾਹਿਬ ਤੇ ਚੰਦੋਆ ਲੱਗਵਾ ਕੇ ਆਦਿ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ ਤਾਂ ਹੁਕਮਨਾਮਾ ਬਾਬਾ ਬੁੱਢਾ ਜੀ ਨੇ ਲਿਆ ਤੇ ਚੌਰ ਗੁਰੂ ਅਰਜਨ ਪਾਤਸ਼ਾਹ ਨੇ ਆਪ ਕੀਤਾ । ਗੁਰੂ ਨਾਨਕ ਦੇ ਪੰਜਵੇਂ ਸਰੂਪ ਗੁਰੂ ਅਰਜਨ ਪਾਤਸ਼ਾਹ ਨੇ ਪੀੜ੍ਹਾ ਸਾਹਿਬ (ਸਿੰਘਾਸਨ) ਚੰਦੋਆ (ਛਤਰ) ਅਤੇ ਚੌਰ ਕਰਨ ਦੀ ਸੰਕੇਤਕ ਮਰਿਯਾਦਾ ਨਿਰਧਾਰਤ ਕਰਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਆਦਿ ਗ੍ਰੰਥ ਕੇਵਲ ਸਿੱਖਾਂ ਦਾ ਧਰਮ ਗ੍ਰੰਥ ਹੀ ਨਹੀਂ ਸਗੋਂ ਜੁੱਗ ਜੁੱਗ ਅਟੱਲ ਚੱਵਰ ਛਤਰ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਹਨ ਅਰਥਾਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ॥ (ਗੁ: ਗ੍ਰੰ: ਸਾਹਿਬ ਪੰਨਾ 982) ਸ਼ਬਦ ਗੁਰੂ ਦੀ ਸਥਾਪਨਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਸ ਸ਼ਬਦ ਦੁਆਰਾ ਹੀ ਕਰ ਦਿੱਤੀ ਸੀ : ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਤੇ ਗੁਰ ਸੰਗਤਿ ਬਾਣੀ ਬਿਨਾਂ ਦੂਜੀ Eਟ ਨਹੀਂ, ਹਰਿ ਗਈਂ ॥ ਗੁਰੂ ਨਾਨਕ ਸਾਹਿਬ ਇਸ ਮੁਬਾਰਕ ਸ਼ਬਦ ਰਾਹੀਂ ਲੋਕਤੰਤਰ ਦਾ ਸੰਕਲਪ ਤਾਂ ਦੱਸਦੇ ਹੀ ਹਨ, ਨਾਲੋ ਨਾਲ ਗੁਰੂ ਗ੍ਰੰਥ, ਗੁਰੂ ਪੰਥ ਦਾ ਬੀਜ ਵੀ ਬੀਜਦੇ ਹਨ । ਗੁਰੂ ਨਾਨਕ ਪਾਤਸ਼ਾਹ ਦੇ ਇਸ ਸਿਧਾਂਤਕ ਬੀਜ ਦੇ ਫਲ ਸਰੂਪ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਖਾਲਸਾ ਪੰਥ ਨੂੰ ਪੈਗਾਮ ਦਿੱਤਾ ਸੀ : ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ, ਅਤੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਉ ਗ੍ਰੰਥ (ਸਹੀ ਸ਼ਬਦ ਮਾਨਿਉਂ ਨਹੀਂ ਮਾਨੀਉਂ ਹੈ) ਬੀਬੀ ਜੀ ਦੇ ਇਹ ਕਹਿਣ ਨਾਲ ਕਿ ਗੁਰੂ ਗ੍ਰੰਥ ਪੂਰਾ ਗੁਰਬਾਣੀ ਨਹੀਂ ਸੰਗ੍ਰਹਿ ਹੈ, ਦਸੇ ਗੁਰੂ ਸਾਹਿਬਾਨ ਰਾਹੀਂ ਪਰਵਾਣਤ ਅਤੇ ਉਨ੍ਹਾਂ ਦੀ ਆਪਣੀ ਨਿਗਰਾਨੀ ਹੇਠ ਸੰਪੂਰਣ ਹੋਏ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਤਾਂ ਨਹੀਂ
ਬਦਲਿਆ ਜਾ ਸਕਦਾ ।
  ਅਦਾਰਾ ਪੰਜਾਬ ਟਾਈਮਜ਼ ਨੂੰ ਵੀ ਦਾਸ ਨਿਮਰਤਾ ਸਾਹਿਤ ਬੇਨਤੀ ਕਰਦਾ ਹੈ ਬੀਬੀ ਜੀ ਦੀ ਲਿਖਤ ਨੂੰ ਪੜ੍ਹ ਜਰੂਰ ਲਿਆ ਕਰੋ, ਅਤੇ ਜਿਹੜੀ ਲਿਖਤ ਸਿੱਖ ਧਰਮ ਵਿੱਚ ਦੁਬਿਧਾਵਾਂ ਪੈਦਾ ਕਰਦੀ ਹੋਵੇ ਉਸ ਨੂੰ ਪਾਠਕਾਂ ਦੇ ਪੱਤਰ ਵਿੱਚ ਹੀ ਛਾਪਣਾ ਚਾਹੀਦਾ ਹੈ । ਬੀਬੀ ਜੀ ਨੂੰ ਵੀ ਦੋਇ ਕਰਿ ਜੋੜ ਬੇਨਤੀ ਹੈ ਕਿ ਜੇ ਤੁਸੀਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਮੰਨਦੇ ਹੋ ਤਾਂ ਤੁਹਾਡਾ ਵਿਸ਼ਵਾਸ ਤੁਹਾਨੂੰ ਮੁਬਾਰਕ ਪਰ ਪੰਜਾਬ ਟਾਈਮਜ਼ ਦੇ ਪਾਠਕਾਂ ਨੂੰ ਗੁੰਮਰਾਹ ਕਰਨ ਤੋਂ ਗੁਰੇਜ ਕਰੋ, ਦਾਸ ਆਪ ਜੀ ਦਾ ਧੰਨਵਾਦੀ ਹੋਵੇਗਾ । 
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ