image caption: -ਰਜਿੰਦਰ ਸਿੰਘ ਪੁਰੇਵਾਲ

ਯੂਕਰੇਨ ਉਪਰ ਰੂਸੀ ਹਮਲਾ ਤੇ ਮਨੁੱਖੀ ਅਧਿਕਾਰ

ਯੂਕਰੇਨ ਬਾਰੇ ਦੋ ਖਬਰਾਂ ਮਹਤਵਪੂਰਨ ਹਨ| ਇਕ ਰੂਸ ਨੇ ਪ੍ਰਮਾਣੂ ਹਥਿਆਰ ਅਲਰਟ ਉਪਰ ਲਾ ਦਿਤੇ ਹਨ| ਅਮਰੀਕਾ ਯੂਰਪੀ ਦੇਸ ਇਸ ਬਾਰੇ ਸੁਚੇਤ ਹਨ| ਅਮਰੀਕਾ ਨੇ ਕਿਹਾ ਹੈ ਕਿ ਰੂਸ ਵੱਲੋਂ ਪ੍ਰਮਾਣੂ ਹਥਿਆਰਾਂ ਨੂੁੰ ਚੌਕਸੀ ਤੇ ਰੱਖਣਾ ਕਤਈ ਨਾ-ਸਵੀਕਾਰਕਰਨ ਯੋਗ ਕਦਮ ਹੈ| ਰਾਸ਼ਟਰਪਤੀ ਪੁਤਿਨ ਨੇ ਫ਼ੌਜਾਂ ਨੂੰ ਆਪਣੀਆਂ ਪ੍ਰਮਾਣੂ ਸ਼ਕਤੀਆਂ ਵਿਸ਼ੇਸ਼ ਚੌਕਸੀ ਤੇ ਰੱਖਣ ਦੇ ਹੁਕਮ ਦਿੱਤੇ ਹਨ| ਇਸ ਕਦਮ ਨੂੰ ਪੱਛਮ ਦੀਆਂ ਪਾਬੰਦੀਆਂ ਅਤੇ ਬਿਆਨਾਂ ਪ੍ਰਤੀ ਧਮਕੀ ਵਜੋਂ ਦੇਖਿਆ ਜਾ ਰਿਹਾ ਹੈ| ਇਸ ਤਰਾਂ ਸੰਭਾਵਨਾ ਬਣ ਰਹੀ ਹੈ ਕਿ ਅਸੀਂ ਤੀਸਰੀ ਜੰਗ ਦੀ ਲਪੇਟ ਵਿਚ ਹਾਂ| ਦੂਸਰਾ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ  ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬੇਲਾਰੂਸ ਸਰਹੱਦ ਤੇ ਰੂਸ ਨਾਲ ਗੱਲਬਾਤ ਕਰਨ ਲਈ ਸਹਿਮਤੀ ਦਿੱਤੀ ਹੈ| ਪਰ ਗਲਬਾਤ ਦੇ ਬਾਵਜੂਦ ਰੂਸੀ ਹਮਲੇ ਜਾਰੀ ਹਨ| ਰੂਸ ਯੂਕਰੇਨ ਦੀ ਆਪਸੀ ਗਲਬਾਤ ਹਾਲੇ ਤਕ ਕਿਸੇ ਸਿਟੇ ਉਪਰ ਨਹੀਂ ਪਹੁੰਚੀ| ਰੂਸੀ ਰਾਸ਼ਟਰਪਤੀ ਪੁਤਿਨ ਯੂਕਰੇਨ ਵਿੱਚ ਜੋ ਕਰ ਰਿਹਾ ਹੈ, ਉਹ ਅਨੈਤਿਕ ਹੈ| ਦੋਹਾਂ ਮਹਾਂ ਯੁੱਧਾਂ ਵਿੱਚ ਇੱਕ ਗੱਲ ਸਾਂਝੀ ਸੀ - ਹਿੰਸਾ ਦੀਆਂ ਮਹਾਂਸ਼ਕਤੀਆਂ ਵਿਚਕਾਰ ਸੰਸਾਰ ਦੀ ਆਪਹੁਦਰੀ ਵੰਡ! ਯੂਰਪ, ਅਫਰੀਕਾ ਅਤੇ ਏਸ਼ੀਆ ਦੇ ਛੋਟੇ ਅਤੇ ਹਾਰੇ ਹੋਏ ਦੇਸ਼ਾਂ ਦੀਆਂ ਸੀਮਾਵਾਂ ਨੂੰ ਆਪਹੁਦਰੇ ਢੰਗ ਨਾਲ ਨਿਰਧਾਰਤ ਕਰਕੇ, ਇੱਕ ਜ਼ਖ਼ਮ ਬਣਾਇਆ ਗਿਆ ਜੋ ਸਦਾ ਰਿਸਦਾ ਰਹਿੰਦਾ ਹੈ| ਆਜ਼ਾਦੀ, ਜਮਹੂਰੀਅਤ, ਮਨੁੱਖੀ ਅਧਿਕਾਰਾਂ ਅਤੇ ਮਨੁੱਖਤਾ ਦੇ ਨਾਂ ਤੇ ਇਹੋ ਜਿਹੀਆਂ ਖੇਡਾਂ ਖੇਡੀਆਂ ਗਈਆਂ| ਉਸਦਾ ਜ਼ਹਿਰ ਪਸਰਦਾ ਰਹਿੰਦਾ ਹੈ| ਯੂਕਰੇਨ ਤੇ ਖੁੱਲ੍ਹੇਆਮ ਹਮਲਾ ਕਰਨ ਤੋਂ ਪਹਿਲਾਂ, ਰਾਸ਼ਟਰਪਤੀ ਪੁਤਿਨ ਨੇ ਆਪਣੇ ਦੇਸ਼ ਨੂੰ ਸੰਬੋਧਨ ਕਰਦੇ ਹੋਏ, ਦੁਨੀਆ ਨੂੰ ਜੋ ਕੁਝ ਕਿਹਾ, ਉਸ ਦੀ ਸਪਸ਼ਟ ਗੂੰਜ, ਉਸ ਭਾਸ਼ਾ ਅਤੇ ਸ਼ਬਦਾਂ ਵਿਚ ਸੁਣਾਈ, ਜਿਸ ਵਿਚ ਹਿਟਲਰ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਨਸਲਵਾਦੀ ਤੇ ਜ਼ਾਲਮ ਨੇਤਾ ਕਰਦੇ ਰਹੇ ਹਨ| ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਦੋਵਾਂ ਨੇ ਕਿਹਾ ਕਿ ਰੂਸੀ ਬਲਾਂ ਨੇ ਵਿਆਪਕ ਤੌਰ ਤੇ ਪਾਬੰਦੀਸ਼ੁਦਾ ਕਲੱਸਟਰ ਹਥਿਆਰਾਂ ਦੀ ਵਰਤੋਂ ਕੀਤੀ ਜਾਪਦੀ ਹੈ, ਐਮਨੈਸਟੀ ਨੇ ਉਨ੍ਹਾਂ ਤੇ ਉੱਤਰ-ਪੂਰਬੀ ਯੂਕਰੇਨ ਵਿੱਚ ਇੱਕ ਪ੍ਰੀਸਕੂਲ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਜਦੋਂ ਕਿ ਨਾਗਰਿਕਾਂ ਨੇ ਅੰਦਰ ਪਨਾਹ ਲਈ ਸੀ| ਸੰਯੁਕਤ ਰਾਜ ਵਿੱਚ ਯੂਕਰੇਨ ਦੀ ਰਾਜਦੂਤ ਓਕਸਾਨਾ ਮਾਰਕਾਰੋਵਾ ਨੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੂੰ ਦੱਸਿਆ ਕਿ ਰੂਸ ਨੇ ਆਪਣੇ ਦੇਸ਼ ਉੱਤੇ ਹਮਲੇ ਵਿੱਚ ਇੱਕ ਥਰਮੋਬੈਰਿਕ ਹਥਿਆਰ, ਜਿਸਨੂੰ ਵੈਕਿਊਮ ਬੰਬ ਕਿਹਾ ਜਾਂਦਾ ਹੈ, ਦੀ ਵਰਤੋਂ ਕੀਤੀ ਹੈ| ਇੱਕ ਵੈਕਿਊਮ ਬੰਬ, ਜਾਂ ਥਰਮੋਬੈਰਿਕ ਹਥਿਆਰ, ਉੱਚ-ਤਾਪਮਾਨ ਵਿਸਫੋਟ ਪੈਦਾ ਕਰਨ ਲਈ ਆਲੇ-ਦੁਆਲੇ ਦੀ ਹਵਾ ਤੋਂ ਆਕਸੀਜਨ ਵਿੱਚ ਚੂਸਦਾ ਹੈ, ਆਮ ਤੌਰ ਤੇ ਇੱਕ ਰਵਾਇਤੀ ਵਿਸਫੋਟਕ ਦੀ ਤੁਲਨਾ ਵਿੱਚ ਕਾਫ਼ੀ ਲੰਬੇ ਸਮੇਂ ਦੀ ਇੱਕ ਧਮਾਕੇ ਦੀ ਲਹਿਰ ਪੈਦਾ ਕਰਦਾ ਹੈ ਅਤੇ ਮਨੁੱਖੀ ਸਰੀਰਾਂ ਨੂੰ ਭਾਫ਼ ਬਣਾਉਣ ਦੇ ਸਮਰੱਥ ਹੈ| ਜੇਕਰ ਰੂਸ ਨੇ ਅਜਿਹਾ ਕੀਤਾ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦਾ ਵੱਡਾ  ਘਾਣ ਹੈ|
ਇਹ ਇੱਕ ਠੋਸ ਤੱਥ ਹੈ ਕਿ ਯੂਕਰੇਨ ਵਿਸ਼ਵ ਭਾਈਚਾਰੇ ਦਾ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ| ਜਿਸ ਨੂੰ ਆਪਣੇ ਦੋਸਤ, ਘੱਟ ਦੋਸਤ ਅਤੇ ਦੁਸ਼ਮਣ ਚੁਣਨ ਦਾ ਓਨਾ ਹੀ ਅਧਿਕਾਰ ਹੈ, ਜਿੰਨਾ ਰੂਸ ਨੂੰ ਹੈ| ਇਹ ਵੀ ਸੰਭਵ ਹੈ ਕਿ ਜੋ ਵੀ ਯੂਕਰੇਨ ਚੁਣਦਾ ਹੈ ਰੂਸੀ ਹਿੱਤਾਂ ਨੂੰ ਠੇਸ ਪਹੁੰਚਾ ਸਕਦਾ ਹੈ| ਤਾਂ ਤੁਸੀਂ ਕੀ ਕਰੋਗੇ? ਕੀ ਤੁਸੀਂ ਯੂਕਰੇਨ ਤੇ ਹਮਲਾ ਕਰੋਗੇ? ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਦੁਨੀਆਂ ਵਿੱਚ ਆਮ ਲੋਕਤੰਤਰ ਤੇ ਮਨੁੱਖੀ ਅਧਿਕਾਰ ਵੀ ਨਹੀਂ ਬਚਣਗੇ| ਇਸ ਨਾਲ ਇੱਥੇ ਜੰਗਲ-ਰਾਜ ਬਣ ਜਾਵੇਗਾ| ਕੋਰੋਨਾ ਦੀ ਮਾਰ ਹੇਠ ਆਈ ਦੁਨੀਆ ਇਸ ਸਮੇਂ ਅਜਿਹੀ ਕਿਸੇ ਵੀ ਜੰਗ ਨੂੰ ਝੱਲਣ ਤੋਂ ਅਸਮਰੱਥ ਹੈ| ਅਮਨ ਤੇ ਗਲਬਾਤ ਹੀ ਸਿੱਧੇ ਸੰਚਾਰ ਦਾ ਇੱਕੋ ਇੱਕ ਤਰੀਕਾ ਹੈ ਤਾਂ ਜੋ ਜੰਗ ਰੋਕੀ ਜਾ ਸਕੇ|  ਅਮਰੀਕਾ, ਫਰਾਂਸ ਅਤੇ ਜਰਮਨੀ ਨੂੰ  ਜੰਗ ਰੋਕਣ ਲਈ ਅਗੇ ਆਉਣਾ ਪਵੇਗਾ| ਪੁਤਿਨ ਨੂੰ ਸੱਚਾ ਭਰੋਸਾ ਦਿਵਾਉਣ ਦੀ ਲੋੜ ਹੈ ਕਿ ਯੂਕਰੇਨ ਦੀਆਂ ਸਰਹੱਦਾਂ ਨੂੰ ਕਦੇ ਵੀ, ਅਤੇ ਕਿਸੇ ਵੀ ਹਾਲਾਤ ਵਿੱਚ, ਰੂਸ ਵਿਰੁਧ ਨਹੀਂ ਵਰਤਿਆ ਜਾਵੇਗਾ|
-ਰਜਿੰਦਰ ਸਿੰਘ ਪੁਰੇਵਾਲ