image caption: -ਰਜਿੰਦਰ ਸਿੰਘ ਪੁਰੇਵਾਲ

ਚੋਣ ਸਰਵੇਖਣ ਦਾ ਸੱਚ, ਸੰਭਾਵੀ ਸਰਕਾਰ ਤੇ ਪੰਜਾਬ ਦੀ ਖੁਦਮੁਖਤਿਆਰੀ

ਪੰਜਾਬ ਸਮੇਤ 5 ਸੂਬਿਆਂ ਚ ਵੋਟਾਂ ਦਾ ਅਮਲ ਪੂਰਾ ਹੋਣ ਦੇ ਨਾਲ ਜ਼ਿਆਦਾਤਰ ਚੋਣ ਸਰਵੇਖਣਾਂ ਵਿਚ ਪੰਜਾਬ ਵਿਚ ਆਪ ਪਾਰਟੀ ਨੂੰ ਅਤੇ ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਬਹੁਮਤ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ, ਜਦੋਂਕਿ ਉੱਤਰਾਖੰਡ ਵਿਚ ਮਿਲੀਜੁਲੀ ਸਥਿਤੀ ਦੱਸੀ ਜਾ ਰਹੀ ਹੈ| ਜ਼ਿਆਦਾਤਰ ਐਗਜ਼ਿਟ ਪੋਲ ਵਿਚ ਪੰਜਾਬ ਚ ਸੱਤਾਧਾਰੀ ਕਾਂਗਰਸ ਨੂੰ ਦੂਸਰੇ ਸਥਾਨ ਤੇ ਰੱਖਿਆ ਗਿਆ ਹੈ| ਇੰਡੀਆ ਨਿਊਜ਼ ਅਨੁਸਾਰ ਪੰਜਾਬ ਵਿਚ ਆਪ ਨੂੰ 60-84, ਕਾਂਗਰਸ ਨੂੰ 18-31, ਸ਼੍ਰੋਮਣੀ ਅਕਾਲੀ ਦਲ ਨੂੰ 12-19, ਭਾਜਪਾ ਨੂੰ 3-7 ਅਤੇ ਹੋਰਾਂ ਨੂੰ 3 ਸੀਟਾਂ, ਇੰਡੀਆ ਟੁਡੇ ਅਨੁਸਾਰ ਆਪ ਨੂੰ 76-96, ਕਾਂਗਰਸ ਨੂੰ 19-31, ਅਕਾਲੀ ਦਲ ਨੂੰ 7-11 ਅਤੇ ਭਾਜਪਾ ਨੂੰ 1-4 ਸੀਟਾਂ, ਨਿਊਜ਼ ਐਕਸ ਅਨੁਸਾਰ ਆਪ ਨੂੰ 56-61, ਕਾਂਗਰਸ ਨੂੰ 24-29, ਅਕਾਲੀ ਦਲ ਨੂੰ 22-26, ਭਾਜਪਾ ਨੂੰ 1-6 ਅਤੇ ਹੋਰਨਾਂ ਨੂੰ 0-3 ਸੀਟਾਂ, ਨਿਊਜ਼ 24- ਚਾਣਕਿਆ ਅਨੁਸਾਰ ਆਪ ਨੂੰ 100, ਕਾਂਗਰਸ ਨੂੰ 10, ਅਕਾਲੀ ਦਲ ਨੂੰ 6 ਅਤੇ ਭਾਜਪਾ ਨੂੰ 1 ਸੀਟ, ਏ. ਬੀ. ਵੀ. ਸੀਵੋਟਰ ਅਨੁਸਾਰ &lsquoਆਪ&rsquo ਨੂੰ 51-61, ਕਾਂਗਰਸ ਨੂੰ 22-28, ਅਕਾਲੀ ਦਲ ਨੂੰ 20-26, ਭਾਜਪਾ ਨੂੰ 7-13 ਅਤੇ ਹੋਰਨਾਂ ਨੂੰ 1-5 ਸੀਟਾਂ, ਜ਼ੀ ਨਿਊਜ਼ ਅਨੁਸਾਰ ਆਪ ਨੂੰ 52-61, ਕਾਂਗਰਸ ਨੂੰ 26-33, ਅਕਾਲੀ ਦਲ ਨੂੰ 24-32, ਭਾਜਪਾ ਨੂੰ 3-7 ਅਤੇ ਹੋਰਨਾਂ ਨੂੰ 1-2 ਸੀਟਾਂ ਅਤੇ ਟਾਈਮਜ਼ ਨਾਓ ਵੀਟੋ ਅਨੁਸਾਰ ਪੰਜਾਬ ਚ ਆਪ ਨੂੰ 70, ਕਾਂਗਰਸ ਨੂੰ 22, ਅਕਾਲੀ ਦਲ ਨੂੰ 19, ਭਾਜਪਾ ਨੂੰ 5 ਅਤੇ ਹੋਰਨਾਂ ਨੂੰ 1 ਸੀਟ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਹੈ| ਸੀ. ਐਨ. ਐਨ. ਨਿਊਜ਼ 18, ਟਾਈਮਜ਼ ਨਾਓ, ਨਿਊਜ਼ 24, ਰਿਪਬਲਿਕ ਟੀ. ਵੀ. ਅਤੇ ਨਿਊਜ਼ ਐਕਸ ਚੈਨਲਾਂ ਅਨੁਸਾਰ ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ਚੋਂ ਭਾਜਪਾ ਦੀ ਅਗਵਾਈ ਵਾਲੇ ਐਨ. ਡੀ. ਏ. ਨੂੰ 211-326 ਸੀਟਾਂ ਮਿਲਣ ਅਤੇ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ 160-71 ਸੀਟਾਂ ਮਿਲਣ ਦਾ ਅੰਦਾਜ਼ਾ ਹੈ| ਜਦੋਂਕਿ ਇੰਡੀਆ ਟੂਡੇ ਨੇ ਭਾਜਪਾ ਗੱਠਜੋੜ ਨੂੰ 288-326 ਸੀਟਾਂ, ਸਮਾਜਵਾਦੀ ਪਾਰਟੀ ਦੇ ਗੱਠਜੋੜ ਨੂੰ 71-101, ਪੋਲਸਟਰੇਟ ਅਨੁਸਾਰ ਭਾਜਪਾ ਗੱਠਜੋੜ ਨੂੰ 211-225, ਸਮਾਜਵਾਦੀ ਪਾਰਟੀ ਦੇ ਗੱਠਜੋੜ ਨੂੰ 146-160, ਬਸਪਾ ਨੂੰ 14-24 ਅਤੇ ਕਾਂਗਰਸ ਨੂੰ 4-6 ਸੀਟਾਂ ਦਾ ਅਨੁਮਾਨ ਦਰਸਾਇਆ ਗਿਆ ਹੈ| ਉੱਤਰਾਖੰਡ ਚ ਕਾਂਗਰਸ ਅਤੇ ਭਾਜਪਾ ਦੋਵਾਂ ਲਈ ਵੱਖ-ਵੱਖ ਐਗਜ਼ਿਟ ਪੋਲ ਵਿਚ ਵਿਧਾਨ ਸਭਾ ਚੋਣਾਂ ਜਿੱਤਣ ਦਾ ਅੰਦਾਜ਼ਾ ਲਗਾਇਆ ਗਿਆ ਹੈ| ਕਈ ਐਗਜ਼ਿਟ ਪੋਲ ਵਿਚ ਗੋਆ ਵਿਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਦੋਂਕਿ ਮਨੀਪੁਰ ਚ ਭਾਜਪਾ ਨੂੰ ਸਪਸ਼ਟ ਬਹੁਮਤ ਦਾ ਅੰਦਾਜ਼ਾ ਲਗਾਇਆ ਗਿਆ ਹੈ| ਕਈ ਸਰਵੇਖਣਾਂ ਚ ਉੱਤਰਾਖੰਡ, ਗੋਆ ਅਤੇ ਮਨੀਪੁਰ ਚ ਭਗਵਾ ਪਾਰਟੀ ਨੂੰ ਬੜ੍ਹਤ ਦਿੱਤੀ ਗਈ ਹੈ| ਸਟੋਰੀਆਂ ਮੁਤਾਬਕ ਉੱਤਰ ਪ੍ਰਦੇਸ਼ ਵਿਚ ਭਾਜਪਾ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ| ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਵੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ| ਦੋਵਾਂ ਹੀ ਸੂਬਿਆਂ ਵਿਚ ਸਟੋਰੀਆਂ ਨੇ ਸਭ ਤੋਂ ਵੱਧ ਪੈਸਾ ਲਾਇਆ ਹੈ|
ਉੱਤਰ ਪ੍ਰਦੇਸ਼, ਪੰਜਾਬ ਅਤੇ 3 ਹੋਰਨਾਂ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਰੋੜਾਂ ਰੁਪਏ ਦਾ ਸੱਟਾ ਲੱਗਾ ਹੈ| ਉੱਤਰ ਪ੍ਰਦੇਸ਼ ਅਤੇ ਪੰਜਾਬ ਸਟੋਰੀਆਂ ਦੀ ਪਹਿਲੀ ਪਸੰਦ ਹੈ| ਉੱਤਰ ਪ੍ਰਦੇਸ਼ ਵਿਚ ਭਾਜਪਾ ਸਟੋਰੀਆਂ ਦੀ ਫੇਵਰੇਟ ਬਣੀ ਹੋਈ ਹੈ| ਸਟੋਰੀਆਂ ਦੀ ਮੰਨੀਏ ਤਾਂ ਉੱਤਰ ਪ੍ਰਦੇਸ਼ ਵਿਚ ਭਾਜਪਾ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿਚ ਦੁਬਾਰਾ ਸਰਕਾਰ ਬਣਾ ਸਕਦੀ ਹੈ| ਸਮਾਜਵਾਦੀ ਪਾਰਟੀ ਸਭ ਥਾਵਾਂ ਤੇ ਭਾਜਪਾ ਨੂੰ ਟੱਕਰ ਦੇ ਰਹੀ ਹੈ ਪਰ ਸਰਕਾਰ ਬਣਾਉਣ ਵਿਚ ਭਾਜਪਾ ਨੂੰ ਕੋਈ ਖ਼ਾਸ ਪ੍ਰੇਸ਼ਾਨੀ ਨਹੀਂ ਹੋਵੇਗੀ| ਪੰਜਾਬ ਵਿਚ ਆਮ ਆਦਮੀ ਪਾਰਟੀ ਸਟੋਰੀਆਂ ਦੀ ਫੇਵਰੇਟ ਹੈ| ਸੱਟਾ ਬਾਜ਼ਾਰ ਵਿਚ ਆਮ ਆਦਮੀ ਪਾਰਟੀ ਦੀਆਂ 66 ਤੋਂ 68 ਸੀਟਾਂ ਦਾ ਸੈਸ਼ਨ ਖੁੱਲ੍ਹਾ ਹੈ | ਆਮ ਆਦਮੀ ਪਾਰਟੀ ਦੀਆਂ 90 ਸੀਟਾਂ ਦਾ ਭਾਅ 6 ਤੋਂ 7 ਰੁਪਏ ਅਤੇ 100 ਸੀਟਾਂ ਦਾ ਭਾਅ 15 ਰੁਪਏ ਹੈ| ਸਟੋਰੀਏ ਕਾਂਗਰਸ ਦਾ ਸੈਸ਼ਨ 24 ਤੋਂ 26 ਸੀਟਾਂ ਤੇ ਖੋਲ੍ਹ ਰਹੇ ਹਨ| ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀਆਂ 16 ਤੋਂ 18 ਸੀਟਾਂ ਮੰਨ ਕੇ ਸਟੋਰੀਏ ਚੱਲ ਰਹੇ ਹਨ| ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਮੁਸ਼ਕਲ ਨਾਲ 4 ਤੋਂ 5 ਸੀਟਾਂ ਦਿੱਤੀਆਂ ਜਾ ਰਹੀਆਂ ਹਨ|
ਬਹੁਤੇ ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਚੋਣ ਸਰਵੇਖਣ  ਹਮੇਸ਼ਾ ਫੇਲ ਹੋਏ ਹਨ|ਸੱਚ ਨਹੀਂ ਹੁੰਦੇ| ਇਸ ਵਾਰ ਪੰਜਾਬ ਦੇ ਨਤੀਜਿਆਂ ਬਾਰੇ ਕਹਿਣਾ ਕਿ ਆਪ ਦੀ ਸਰਕਾਰ ਬਣੇਗੀ ਤਾਂ ਇਹ ਮੁਸ਼ਕਲ ਜਾਪਦਾ ਹੈ| ਪੰਜ ਕੋਣੀ ਮੁਕਾਬਲਿਆਂ ਵਿਚ ਇਹ ਰਿਜਲਟ ਦੇਣਾ ਸੌਖਾ ਨਹੀਂ|ਪੰਜਾਬ ਵਿਚ ਹੰਗ ਵਿਧਾਨ ਸਭਾ ਦੀਆਂ ਚਰਚਾਵਾਂ ਜਿਆਦਾ ਹਨ| ਇਸ ਵਿਚਾਲੇ ਕਾਂਗਰਸ ਦੀ ਸਾਬਕਾ ਸੀਐਮ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਜੇਕਰ 10 ਮਾਰਚ ਨੂੰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਆਪ ਤੇ ਕਾਂਗਰਸ ਦਾ ਗਠਜੋੜ ਹੋ ਸਕਦਾ ਹੈ| ਇਸ ਦੀ ਚਰਚਾ ਪੰਜਾਬ ਦੇ ਲੋਕਾਂ ਵਿੱਚ ਚੱਲ ਰਹੀ ਹੈ| ਭਠਲ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਅਤੇ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਰੱਖਣਾ ਚਾਹੁੰਦੇ ਹਨ| ਸਾਬਕਾ ਸੀਐਮ ਰਾਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਜਿਸ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ, ਉਸ ਦਾ ਸੀਐਮ ਅੱਜ ਕੱਲ੍ਹ ਸੀਐਮ ਦੇ ਨਾਲ ਡਿਪਟੀ ਸੀਐਮ ਵੀ ਬਣਦੇ ਹਨ| ਬਾਕੀਆਂ ਨੂੰ ਅਜੇ ਵੀ ਉਮੀਦ ਹੈ ਕਿ ਕਾਂਗਰਸ ਦੀ ਸਰਕਾਰ ਬਣੇਗੀ|
ਦੂਜੇ ਪਾਸੇ ਸੁਨਾਮ ਤੋਂ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਬਿਲਕੁਲ ਸਪੱਸ਼ਟ ਹਾਂ| ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੀ ਲੁੱਟ ਨੂੰ ਦੇਖ ਕੇ ਹੀ ਆਪ ਨੂੰ ਵੋਟਾਂ ਪਾਈਆਂ ਹਨ| ਲੋਕਾਂ ਨੇ ਇੱਕ ਪਾਸੇ ਫੈਸਲਾ ਲਿਆ ਹੈ| ਸਾਡੀ ਸਰਕਾਰ ਪੱਕੀ ਹੁੰਦੀ ਜਾ ਰਹੀ ਹੈ| ਸਾਨੂੰ ਗਠਜੋੜ ਦੀ ਲੋੜ ਨਹੀਂ ਪਵੇਗੀ|
ਯਾਦ ਰਹੇ ਕਿ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਚ ਬਹੁਮਤ ਨਾ ਮਿਲਣ ਤੇ ਕਾਂਗਰਸ ਨੇ ਆਪ ਦਾ ਸਮਰਥਨ ਕੀਤਾ ਸੀ| ਇਹ ਸਰਕਾਰ 49 ਦਿਨ ਚੱਲੀ| ਇਸ ਤੋਂ ਬਾਅਦ ਕਾਂਗਰਸ ਨੇ ਸਮਰਥਨ ਵਾਪਸ ਲੈ ਲਿਆ ਅਤੇ ਵਿਧਾਨ ਸਭਾ ਚੋਣਾਂ ਚ ਮੁੜ ਆਪ ਨੇ ਪੂਰੇ ਬਹੁਮਤ ਨਾਲ ਸਰਕਾਰ ਬਣਾਈ| ਇਹ ਸਭ ਕੁਝ ਨਤੀਜਿਆਂ ਦੌਰਾਨ ਪਤਾ ਲਗੇਗਾ ਕਿ ਕਿਸ ਦੀ ਸਰਕਾਰ ਬਣੇਗੀ| ਪਰ ਪੰਜਾਬੀ  ਚਾਹੁੰਦੇ ਹਨ ਕਿ ਪੰਜਾਬ ਦੀ ਸੰਭਾਵੀ ਸਰਕਾਰ ਨੂੰ ਪੰਜਾਬ ਨੂੰ ਕੇਂਦਰੀ ਲੁਟ ਤੋਂ ਬਚਾਉਣ ਲਈ ਫੈਡਰਲਿਜ਼ਮ ਉਪਰ ਪਹਿਰਾ ਦੇਣਾ ਚਾਹੀਦਾ  ਹੈ| ਪਿਛਲੇ ਦਿਨੀਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਆਪਣੀ ਸਵੈ-ਜੀਵਨੀ ਦਾ ਪਹਿਲਾ ਭਾਗ ਜਾਰੀ ਕਰਨ ਸਮੇਂ ਫੈਡਰਲਿਜ਼ਮ ਦੇ ਸਿਆਸੀ ਏਜੰਡੇ ਨੂੰ ਉਭਾਰਿਆ| 
ਇਸ ਸਮਾਗਮ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ, ਕੇਰਲ ਦੇ ਮੁੱਖ ਮੰਤਰੀ ਪਿਨਾਰੀ ਵਿਜੈਆਨ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਬਿਹਾਰ ਵਿਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਸ਼ਾਮਿਲ ਹੋਏ| ਸਟਾਲਿਨ ਨੇ ਕਿਹਾ ਕਿ ਉਹ ਦਰਾਵੜੀਅਨ ਮਾਡਲ ਨੂੰ ਦੇਸ਼ ਭਰ ਵਿਚ ਪ੍ਰਚਾਰਨਾ ਚਾਹੁੰਦੇ ਹਨ ਅਤੇ ਇਸੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ| ਸਟਾਲਿਨ ਅਨੁਸਾਰ ਦਰਾਵੜੀਅਨ ਮਾਡਲ ਸਾਰੀਆਂ ਨਸਲੀ ਤੇ ਖੇਤਰੀ ਪਛਾਣਾਂ ਨੂੰ ਬਰਾਬਰ ਦਾ ਹੱਕ ਦੇਣ ਵਿਚ ਵਿਸ਼ਵਾਸ ਕਰਦਾ ਹੈ| ਤਾਮਿਲਨਾਡੂ ਵਿਚ ਬਹੁਤ ਸਾਰੇ ਆਗੂਆਂ ਨੇ ਸਮਾਜਿਕ ਬਰਾਬਰੀ ਅਤੇ ਦਰਾਵੜੀਅਨ ਪਛਾਣ ਬਾਰੇ ਜੱਦੋਜਹਿਦ ਕੀਤੀ ਹੈ|
ਸਟਾਲਿਨ ਨੇ ਕਾਂਗਰਸ, ਖੱਬੇ-ਪੱਖੀ ਧਿਰਾਂ ਅਤੇ ਖੇਤਰੀ ਪਾਰਟੀਆਂ ਨੂੰ ਫੈਡਰਲਿਜ਼ਮ ਅਤੇ ਸਮਾਜਿਕ ਇਨਸਾਫ਼ ਦੇ ਮੁੱਦੇ ਉੱਤੇ ਇਕਜੁੱਟ ਹੋਣ ਦੀ ਅਪੀਲ ਕੀਤੀ| ਡੀਐੱਮਕੇ ਆਗੂ ਨੇ ਇਸ ਤੋਂ ਪਹਿਲਾਂ ਵੱਖ ਵੱਖ ਪਾਰਟੀਆਂ ਦੇ ਕਰੀਬ ਪੰਜਾਹ ਆਗੂਆਂ ਨੂੰ ਚਿੱਠੀ ਲਿਖ ਕੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਮੁਕਾਬਲੇ ਇਕ ਫੈਡਰਲ ਫ਼ਰੰਟ ਬਣਾਉਣ ਦੀ ਅਪੀਲ ਕੀਤੀ ਸੀ| ਜੇਕਰ ਘੋਖਿਆ ਜਾਵੇ ਤਾਂ ਅਨੰਦਪੁਰ ਦਾ ਮਤਾ ਫੈਡਰਲਇਜ਼ਮ ਦਾ ਰੌਲ ਮਾਡਲ ਹੈ ਜਿਸ ਬਾਰੇ ਸਿਖ ਪੰਥ ਨੇ ਪੰਜਾਬ ਹਿਤਾਂ ਲਈ ਧਰਮਯੱੁਧ ਮੋਰਚਾ ਲਗਾਇਆ ਸੀ| ਪੰਜਾਬ ਦੀ ਹਸਤੀ ਖੁਦਮੁਖਤਿਆਰੀ ਉਪਰ ਟਿਕੀ ਹੈ| 
-ਰਜਿੰਦਰ ਸਿੰਘ ਪੁਰੇਵਾਲ