image caption:

ਕਿਮ ਜੋਂਗ ਦੀ ਭੈਣ ਵੱਲੋਂ ਦੱਖਣੀ ਕੋਰੀਆ ਨੂੰ ਚਿਤਾਵਨੀ

 ਸਿਉਲ- ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਪ੍ਰਭਾਵਸ਼ਾਲੀ ਭੈਣ ਨੇ ਕੱਲ੍ਹ ਆਪਣੇ ਦੇਸ਼ 'ਤੇ ਹਮਲਾ ਬੋਲਣ ਦੀ ਗੱਲ ਕਹਿਣ 'ਤੇ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਨੂੰ ਘਿਣਾਉਣਾ ਵਿਅਕਤੀ ਦੱਸਿਆ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਦੱਖਣੀ ਕੋਰੀਆ ਨੂੰ &lsquoਗੰਭੀਰ ਖ਼ਤਰੇ' ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੇਤੇ ਰਹੇ ਕਿ ਇਸ ਸਾਲ ਕਈ ਹਥਿਆਰਾਂ ਦੇ ਪ੍ਰੀਖਣ ਕੀਤੇ ਗਏ ਹਨ, ਜਿਸ ਵਿੱਚ ਉਤਰੀ ਕੋਰੀਆ ਵੱਲੋਂ ਪਹਿਲੀ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਵੀ ਸ਼ਾਮਲ ਹੈ, ਜਿਸ ਨਾਲ ਕੋਰੀਆਈ ਪ੍ਰਾਇਦੀਪ 'ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੈ। ਇਸ ਦੌਰਾਨ ਕਿਮ ਯੋ ਜੋਂਗ ਦਾ ਇਹ ਬਿਆਨ ਆਇਆ ਹੈ।
ਉਤਰੀ ਕੋਰੀਆ ਨੇ ਕਰੀਬ ਚਾਰ ਸਾਲਾਂ ਤੋਂ ਵੱਡੇ ਹਥਿਆਰਾਂ ਦੇ ਪ੍ਰੀਖਣਾਂ 'ਤੇ ਪਾਬੰਦੀ ਲਗਾਈ ਹੋਈ ਸੀ ਅਤੇ ਹੁਣ ਆਈ ਸੀ ਬੀ ਐਮ ਪ੍ਰੀਖਣ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮਨ ਜੇ-ਇਨ ਲਈ ਸ਼ਰਮਿੰਦਗੀ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ, ਕਿਉਂਕਿ ਉਨ੍ਹਾਂ ਉਤਰੀ ਕੋਰੀਆ ਨਾਲ ਸੁਲ੍ਹਾ ਕਰਨ ਅਤੇ ਉਤਰੀ ਕੋਰੀਆ ਨੂੰ ਸ਼ਾਂਤੀਪੂਰਨ ਹੱਲ ਲੱਭਣ ਦੇ ਯਤਨ ਕੀਤੇ ਹਨ। ਕੱਲ੍ਹ ਰਣਨੀਤਕ ਮਿਜ਼ਾਈਲ ਕਮਾਂਡ ਦੇ ਦੌਰੇ ਦੌਰਾਨ ਦੱਖਣੀ ਕੋਰੀਆ ਦੇ ਰਖਿਆ ਮੰਤਰੀ ਸੂਹ ਵੂਕ ਨੇ ਕਿਹਾ ਸੀ ਕਿ ਜੇਕਰ ਦੱਖਣੀ ਕੋਰੀਆ ਨੂੰ ਪਤਾ ਲੱਗਦਾ ਹੈ ਕਿ ਉਤਰੀ ਕੋਰੀਆ ਉਸ 'ਤੇ ਮਿਜ਼ਾਈਲਾਂ ਦਾਗਣ ਦਾ ਇਰਾਦਾ ਰੱਖਦਾ ਹੈ, ਤਾਂ ਸਿਉਲ ਕੋਲ ਵੀ ਉਤਰੀ ਕੋਰੀਆ 'ਤੇ ਹਮਲਾ ਕਰਨ ਦੀ ਸਮਰਥਾ ਅਤੇ ਤਿਆਰੀ ਹੈ।
ਇਸ ਤੋਂ ਬਾਅਦ ਕੱਲ੍ਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਇੱਕ ਬਿਆਨ 'ਚ ਸਿਉਲ ਨੂੰ ਧਮਕੀ ਦਿੱਤੀ। ਉਸ ਨੇ ਬਿਆਨ ਵਿੱਚ ਕਿਹਾ ਕਿ ਬੇਸਮਝ ਅਤੇ ਘਿਣਾਉਣੇ ਵਿਅਕਤੀ ਨੇ ਪ੍ਰਮਾਣੂ ਹੱਥਿਆਰਾਂ ਨਾਲ ਲੈਸ ਦੇਸ਼ 'ਤੇ ਹਮਲੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਨੂੰ ਆਪਣੇ ਰੱਖਿਆ ਮੰਤਰੀ ਦੀ ਲਾਪਰਵਾਹੀ ਵਾਲੀ ਟਿੱਪਣੀ ਲਈ ਗੰਭੀਰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਦਾ ਇਹ ਬਿਆਨ ਸਰਕਾਰੀ ਮੀਡੀਆ ਨੇ ਪ੍ਰਕਾਸ਼ਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੱਖਣੀ ਕੋਰੀਆ ਕਿਸੇ ਤਬਾਹੀ ਨੂੰ ਟਾਲਣਾ ਚਾਹੁੰਦਾ ਹੈ ਤਾਂ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਣਾ ਚਾਹੀਦਾ ਹੈ।
ਉਤਰੀ ਕੋਰੀਆ ਦੀ ਵਰਕਰਜ਼ ਪਾਰਟੀ ਦੀ ਕੇਂਦਰੀ ਕਮੇਟੀ ਦੇ ਸਕੱਤਰ ਨੇ ਵੀ ਵੱਖਰੇ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਮੁਲਾਂਕਣ ਅਤੇ ਅਣਉਚਿਤ ਬਿਆਨਾਂ ਵਿੱਚ ਮਾਮੂਲੀ ਜਿਹੀ ਭੁੱਲ ਵੀ ਖਤਰਨਾਕ ਟਕਰਾਅ ਅਤੇ ਪੂਰੀ ਤਰ੍ਹਾਂ ਨਾਲ ਜੰਗ ਦਾ ਕਾਰਨ ਬਣ ਸਕਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਦੱਖਣੀ ਕੋਰੀਆ ਨੇ ਉਤਰੀ ਕੋਰੀਆ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਦਾ ਦੇਸ਼ ਫ਼ੌਜ ਨੂੰ ਸਿਉਲ ਅਤੇ ਦੱਖਣੀ ਕੋਰੀਆ ਦੀ ਫ਼ੌਜ ਦੇ ਮੁੱਖ ਟੀਚਿਆਂ ਨੂੰ ਤਬਾਹ ਕਰਨ ਦੇ ਨਿਰਦੇਸ਼ ਦੇਵੇਗਾ।