image caption: -ਰਜਿੰਦਰ ਸਿੰਘ ਪੁਰੇਵਾਲ

ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਕੇਸ ਉਲਝਾ ਰਹੀ ਹੈ ਸਰਕਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸਰਕਾਰ ਉਲਝਾ ਰਹੀ ਹੈ| ਸਰਕਾਰ ਕਦੇ ਇਸ ਨੂੰ ਪੰਜਾਬ ਦੇ ਗੈਂਗਸਟਰਾਂ ਨਾਲ ਜੋੜ ਰਹੀ ਹੈ ਕਦੇ ਮੁੰਬਈ ਅੰਡਰਵਰਲਡ ਨਾਲ| ਹੁਣੇ ਜਿਹੇ ਪੁਲਿਸ ਨੇ ਇਸ ਹਾਈ ਪ੍ਰੋਫਾਈਲ ਕਤਲ ਕਾਂਡ ਦੇ ਤਾਰ ਹੁਣ ਮੁੰਬਈ ਗੈਂਗਸਟਰਾਂ ਨਾਲ ਜੋੜ ਦਿਤੇ  ਹਨ| ਪੰਜਾਬ ਪੁਲਸ ਦਾ ਮੰਨਣਾ ਹੈ ਕਿ  ਜਿਨ੍ਹਾਂ 8 ਸ਼ੂਟਰਾਂ ਦੀ ਪਹਿਚਾਣ ਕੀਤੀ ਹੈ, ਉਨ੍ਹਾਂ ਵਿਚ ਸੰਤੋਸ਼ ਜਾਧਵ ਅੰਡਰਵਰਲਡ ਦੇ ਖ਼ਤਰਨਾਕ ਬਦਮਾਸ਼ ਗਵਲੀ ਗੈਂਗ ਦਾ ਗੁਰਗਾ ਹੈ| ਉਹ ਪੂਣੇ ਦਾ ਰਹਿਣ ਵਾਲਾ ਹੈ| 29 ਮਈ ਨੂੰ ਮੂਸੇਵਾਲਾ ਨੂੰ ਗੋਲ਼ੀਆਂ ਮਾਰਨ ਵਿਚ ਉਹ ਵੀ ਸ਼ਾਮਲ ਸੀ| ਗੈਂਗਸਟਰ ਗਵਲੀ ਨੂੰ ਇਕ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਸ ਸਮੇਂ ਨਾਗਪੁਰ ਜੇਲ੍ਹ ਵਿਚ ਬੰਦ ਹੈ| ਸ਼ਾਰਪ ਸ਼ੂਟਰ ਸੰਤੋਸ਼ ਧਵ ਗਵਲੀ ਦਾ ਹੀ ਗੁਰਗਾ ਹੈ| ਸਿੱਧੂ ਦੇ ਕਤਲ ਵਿਚ ਸ਼ਾਮਲ 8 ਸ਼ੂਟਰਾਂ ਵਿਚੋਂ ਤਿੰਨ ਪੰਜਾਬ, ਦੋ-ਦੋ ਹਰਿਆਣਾ ਅਤੇ ਮਹਾਰਾਸ਼ਟਰ ਦੇ ਹਨ ਜਦਕਿ ਇਕ ਰਾਜਸਥਾਨ ਤੋਂ ਹੈ| ਜਗਰੂਪ ਸਿੰਘ ਰੂਪਾ ਵਾਸੀ ਜੌੜਾ (ਤਰਨ ਤਾਰਨ), ਮਨਪ੍ਰੀਤ ਸਿੰਘ ਮੰਨਾ ਤੇ ਹਰਕਮਲ ਰਾਣੂ ਬਠਿੰਡਾ ਤੋਂ ਇਲਾਵਾ ਮਨਜੀਤ ਭੋਲੂ ਤੇ ਪ੍ਰਿਅਵਰਤ ਫ਼ੌਜੀ ਵਾਸੀ ਸਿਸਾਨਾ (ਹਰਿਆਣਾ), ਸੰਤੋਸ਼ ਜਾਧਵ ਪੁਣੇ ਤੇ ਸੌਰਵ ਵਾਸੀ ਮਹਾਂਕਾਲ (ਮਹਾਰਾਸ਼ਟਰ), ਸੁਭਾਸ਼ ਬਾਨੂੜਾ ਵਾਸੀ ਸੀਕਰ (ਰਾਜਸਥਾਨ) ਨਾਲ ਸੰਬੰਧਿਤ ਹਨ| ਇਨ੍ਹਾਂ ਚੋਂ ਮਨਪ੍ਰੀਤ ਸਿੰਘ ਮੰਨਾ ਪਹਿਲਾਂ ਹੀ ਮਾਨਸਾ ਪੁਲਿਸ ਕੋਲ ਪ੍ਰੋਡਕਸ਼ਨ ਵਾਰੰਟ &rsquoਤੇ ਹੈ| ਪੁਲੀਸ ਦੀ ਕਹਾਣੀ ਅਨੁਸਾਰ ਇਸ ਹੱਤਿਆਕਾਂਡ ਦਾ ਮੁੱਖ ਸਾਜਿਸ਼ਘਾੜਾ ਸਚਿਨ ਬਿਸ਼ਨੋਈ ਹੈ, ਜੋ ਲਾਰੈਂਸ ਬਿਸ਼ਨੋਈ ਦਾ ਭਾਣਜਾ ਦੱਸਿਆ ਜਾਂਦਾ ਹੈ| ਇਸ ਗੈਂਗਸਟਰ ਨੇ ਹੱਤਿਆ ਤੋਂ ਬਾਅਦ ਇਕ ਟੀ.ਵੀ. ਚੈਨਲ ਨੂੰ ਫ਼ੋਨ ਕਰ ਕੇ ਆਪਣੇ ਹੱਥੀਂ ਗਾਇਕ ਨੂੰ ਮਾਰਨ ਦੀ ਗੱਲ ਕਹੀ ਸੀ| ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਦੋਸ਼ੀਆਂ ਨੂੰ ਫੜਨ ਲਈ ਪੰਜਾਬ, ਹਰਿਆਣਾ, ਰਾਜਸਥਾਨ ਤੇ ਮਹਾਰਾਸ਼ਟਰ &rsquoਚ ਲਗਾਤਾਰ ਛਾਪੇਮਾਰੀ ਜਾਰੀ ਹੈ| ਕੁਝ ਸ਼ੂਟਰਾਂ ਦੇ ਨਿਪਾਲ ਭੱਜਣ ਦੇ ਵੀ ਚਰਚੇ ਹਨ| ਇਕ ਅਜਿਹੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਕੁਝ ਨੌਜਵਾਨ ਗਾਇਕ ਦੇ ਘਰ ਮੂਸਾ ਵਿਖੇ ਸਿੱਧੂ ਨਾਲ ਥਾਰ ਜੀਪ ਕੋਲ ਸੈਲਫ਼ੀਆਂ ਲੈਂਦੇ ਵਿਖਾਈ ਦੇ ਰਹੇ ਹਨ| ਇਹ ਫੁਟੇਜ 29 ਮਈ ਨੂੰ ਸ਼ਾਮ 5:15 ਮਿੰਟ ਦੀ ਹੈ ਜਦਕਿ 5:29 ਮਿੰਟ &rsquoਤੇ ਪਿੰਡ ਜਵਾਹਰਕੇ ਕੋਲ 14 ਮਿੰਟ ਬਾਅਦ ਸਿੱਧੂ ਤੇ ਹਮਲਾ ਹੋ ਜਾਂਦਾ ਹੈ| ਉਪਰੋਕਤ ਫੁਟੇਜ ਦੇ ਆਧਾਰ ਤੇ ਪੁਲਿਸ ਵਲੋਂ ਸੰਦੀਪ ਕੇਕੜਾ ਵਾਸੀ ਕਾਲਿਆਂਵਾਲੀ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਸ਼ੱਕ ਕੀਤਾ ਜਾਂਦਾ ਹੈ ਕਿ ਇਸ ਨੌਜਵਾਨ ਨੇ ਹੀ ਇਕ ਹੋਰ ਸਾਥੀ ਨਾਲ ਮੋਟਰਸਾਈਕਲ ਤੇ ਸਿੱਧੂ ਦੀ ਰੇਕੀ ਕੀਤੀ ਸੀ| ਪੁਲਿਸ ਦਾ ਦਾਅਵਾ ਹੈ ਕਿ ਗਾਇਕ ਮੂਸੇਵਾਲਾ ਦੀ ਹੱਤਿਆ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਤੇ ਪੁਲਿਸ ਅਧਿਕਾਰੀਆਂ ਦਾ ਮਨੋਬਲ ਡੇਗਣ ਲਈ ਵਿਦੇਸ਼ ਦੇ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ| ਸਿੱਧੂ ਦੀ ਹੱਤਿਆ ਤੋਂ ਬਾਅਦ ਪਰਿਵਾਰ ਦੇ ਨੇੜਲਿਆਂ ਨੂੰ ਵੀ ਧਮਕੀ ਭਰੇ ਫ਼ੋਨ ਆਏ ਸਨ ਅਤੇ ਫ਼ੋਨ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਗੋਲਡੀ ਬਰਾੜ ਦੱਸ ਰਿਹਾ ਸੀ| ਜਿਹੜੇ ਨੰਬਰਾਂ ਤੋਂ ਧਮਕੀ ਭਰੇ ਫ਼ੋਨ ਆਉਂਦੇ ਹਨ|
ਪੰਜਾਬ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਸੰਬੰਧ ਵਿਚ ਹਰਿਆਣਾ ਦੇ ਫ਼ਤਿਹਾਬਾਦ ਤੋਂ ਤੀਸਰੀ ਗ੍ਰਿਫ਼ਤਾਰੀ ਕੀਤੀ ਹੈ| ਦਵਿੰਦਰ ਕਾਲਾ ਨੂੰ ਹਰਿਆਣਾ ਦੇ ਫ਼ਤਿਹਾਬਾਦ ਤੋਂ ਬੀਤੇ ਐਤਵਾਰ ਸ਼ਾਮ ਨੂੰ ਕਾਬੂ ਕੀਤਾ ਗਿਆ ਸੀ| ਪੁਲਿਸ ਸੂਤਰਾਂ ਮੁਤਾਬਿਕ ਹੱਤਿਆਕਾਂਡ ਵਿਚ ਸ਼ਾਮਿਲ ਦੋ ਸ਼ੱਕੀ ਕਥਿਤ ਤੌਰ &rsquoਤੇ ਉਸ ਦੇ ਨਾਲ ਰਹੇ ਸਨ| ਦੋਸ਼ ਹੈ ਕਿ ਦਵਿੰਦਰ ਕਾਲਾ ਨੇ ਪੰਜਾਬ ਦੇ ਦੋ ਵਿਅਕਤੀਆਂ ਕੇਸ਼ਵ ਤੇ ਚਰਨਜੀਤ ਸਿੰਘ ਨੂੰ 16 ਤੇ 17 ਮਈ ਨੂੰ ਆਪਣੇ ਘਰ ਠਹਿਰਾਇਆ ਸੀ| ਇਹ ਦੋਵੇਂ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਸ਼ਾਮਿਲ ਦੱਸੇ ਜਾ ਰਹੇ ਹਨ| 3 ਜੂਨ ਨੂੰ ਵੀ ਪੰਜਾਬ ਪੁਲਿਸ ਨੇ ਫ਼ਤਿਹਾਬਾਦ ਤੋਂ 2 ਸ਼ੱਕੀਆਂ ਨੂੰ ਕਾਬੂ ਕੀਤਾ ਸੀ ਅਤੇ ਮੂਸੇਵਾਲਾ ਦੀ ਹੱਤਿਆ ਵਿਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ|
ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿਚ ਇਕ ਸ਼ੱਕੀ ਸੰਤੋਸ਼ ਜਾਧਵ, ਜੋ ਪੁਣੇ ਦਾ ਰਹਿਣ ਵਾਲਾ ਹੈ 2021 ਦੇ ਇਕ ਕਤਲ ਕੇਸ ਵਿਚ ਵੀ ਲੋੜੀਂਦਾ ਮੁਲਜ਼ਮ ਹੈ| ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗਵਲੀ ਗੈਂਗ ਦੇ ਗੈਂਗਸਟਰ ਸੰਤੋਸ਼ ਜਾਧਵ ਨੂੰ ਖਾਸ ਤੌਰ &rsquoਤੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਮੁੰਬਈ ਤੋਂ ਪੰਜਾਬ ਬੁਲਾਇਆ ਗਿਆ ਸੀ| ਉਸ ਦੇ ਨਾਲ ਮਹਾਰਾਸ਼ਟਰ ਦਾ ਹੀ ਸੌਰਭ ਮਹਾਕਾਲ ਵੀ ਆਇਆ ਸੀ| ਇਸ ਨਵੇਂ ਖੁਲਾਸਾ ਤੋਂ ਬਾਅਦ ਪੰਜਾਬ ਪੁਲਸ ਨੇ ਮਹਾਰਾਸ਼ਟਰ ਪੁਲਸ ਨਾਲ ਇਨਪੁਟ ਸਾਂਝੀ ਕੀਤੀ ਹੈ ਅਤੇ ਮੁੰਬਈ ਪੁਲਸ ਦਾ ਸਹਿਯੋਗ ਵੀ ਮੰਗਿਆ ਹੈ|
ਮੁੰਬਈ ਦਾ ਅੰਡਰਵਰਲਡ ਡੌਨ ਅਰੁਣ ਗਵਲੀ ਅੰਡਰਵਲਡ ਵਿਚ 90 ਦੇ ਦਹਾਕੇ ਦਾ ਸੁਪਾਰੀ ਕਿੰਗ ਹੈ ਅਤੇ ਉਹ ਦਾਊਦ ਇਬਰਾਹਿਮ ਦਾ ਜਾਨੀ ਦੁਸ਼ਮਣ ਹੈ| ਮੁੰਬਈ ਦੀ ਦਗੜੀ ਚੌਲ ਤੋਂ ਗਵਲੀ ਦਾ ਗੈਂਗ ਚੱਲਦਾ ਸੀ| ਗਵਲੀ ਦੇ ਗੈਂਗ ਵਿਚ 800 ਦੇ ਕਰੀਬ ਖ਼ਤਰਨਾਕ ਬਦਮਾਸ਼ ਹਨ| ਦਗੜੀ ਚੌਲ ਵਿਚ ਗਵਲੀ ਦੇ ਹਥਿਆਰਬੰਦ ਲੋਕ ਹਮੇਸ਼ਾਂ ਤਾਇਨਾਤ ਰਹਿੰਦੇ ਸੀ| ਗਵਲੀ 2004 ਵਿਚ ਮੁੰਬਈ ਦੇ ਚਿੰਚਪੋਕਲੀ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕਾ ਹੈ|
ਉਧਰ ਪੁਲਿਸ ਵਲੋਂ ਦਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਰੇਕੀ ਦਾ ਕੰਮ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸੰਦੀਪ ਕੇਕੜੇ ਨੂੰ ਦਿੱਤਾ, ਅਤੇ ਪਿਛਲੇ ਕਈ ਮਹੀਨਿਆਂ ਤੋਂ ਸਿੱਧੂ ਦੀ ਰੇਕੀ ਕੀਤੀ ਜਾ ਰਹੀ ਸੀ| ਕੇਕੜੇ ਨੂੰ ਪੁਲਸ ਨੇ ਬੀਤੇ ਸੋਮਵਾਰ ਗ੍ਰਿਫ਼ਤਾਰ ਕੀਤਾ ਸੀ| ਮੁੱਢਲੀ ਪੁੱਛਗਿੱਛ ਵਿਚ ਕੇਕੜੇ ਤੋਂ ਅਹਿਮ ਖੁਲਾਸੇ ਹੋਏ ਹਨ| ਉਸ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤਾਂ ਨਿੱਕੂ ਅਤੇ ਕੇਸ਼ਵ ਨਾਲ ਸੈਲਫੀ ਲੈਣ ਦੇ ਬਹਾਨੇ ਸਿੱਧੂ ਮੂਸੇਵਾਲਾ ਦੇ ਘਰ ਗਿਆ ਸੀ, ਉੱਥੇ ਉਸ ਨੇ ਥਾਰ ਜੀਪ ਦੀ ਫੋਟੋ ਵੀ ਖਿੱਚੀ ਅਤੇ ਕੇਸ਼ਵ ਅਤੇ ਨਿੱਕੂ ਨੂੰ ਨਾਲ ਲੈ ਕੇ ਇਕ ਮੋਟਰਸਾਈਕਲ &rsquoਤੇ ਬਿਠਾ ਕੇ ਵਾਪਸ ਲੈ ਗਿਆ ਸੀ| ਕੇਕੜੇ ਨੇ ਦੱਸਿਆ ਕਿ ਉਸ ਨੇ ਹੀ ਸ਼ੂਟਰਾਂ ਨੂੰ ਸਿੱਧੂ ਦੇ ਘਰੋਂ ਨਿਕਲਣ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਿੱਧੂ ਬੁਲਟ ਪਰੂਫ ਗੱਡੀ ਵਿਚ ਨਹੀਂ ਗਿਆ ਅਤੇ ਨਾ ਹੀ ਉਸ ਨਾਲ ਕੋਈ ਗੰਨਮੈਨ ਹੈ, ਉਸ ਨੇ ਥਾਰ ਵਿਚ ਉਸ ਦੇ ਦੋ ਦੋਸਤ ਹੋਣ ਦੀ ਵੀ ਜਾਣਕਾਰੀ ਦਿੱਤੀ| ਕੇਕੜਾ ਆਪਣੇ ਸਾਥੀਆਂ ਨਾਲ ਲਗਭਗ 40 ਤੋਂ 45 ਮਿੰਟ ਸਿੱਧੂ ਦੇ ਘਰ ਦੇ ਆਲੇ ਦੁਆਲੇ ਘੁੰਮਦਾ ਰਿਹਾ| ਕੇਕੜੇ ਨੇ ਹੀ ਮੂਸਾ ਪਿੰਡ ਜਾ ਕੇ ਸਾਰਾ ਘਟਨਾਕ੍ਰਮ ਦੇਖਿਆ ਅਤੇ ਮੂਸੇਵਾਲੇ ਦੇ ਸਕਿਓਰਿਟੀ ਦੇ ਬਿਨਾਂ ਨਿਕਲਣ ਦੀ ਖਬਰ ਪਹੁੰਚਾਈ| 
ਪੰਜਾਬ ਪੁਲਸ ਨੇ ਕਿਹਾ ਕਿ ਗੋਲਡੀ ਬਰਾੜ ਦੇ ਇਸ਼ਾਰੇ ਤੇ ਹੀ ਮੂਸੇਵਾਲਾ ਦਾ ਕਤਲ ਹੋਇਆ ਹੈ| ਪੁਲਿਸ ਦੀ ਸਾਰੀ ਸਟੋਰੀ ਉਲਝੀ ਹੋਈ ਹੈ| ਇਸ ਘਟਨਾ ਦਾ ਮਾਸਟਰ ਮਾਇੰਡ ਕੋਣ ਹੈ, ਪੁਲੀਸ ਦਸਣ ਵਿਚ ਅਸਫਲ ਸਿਧ ਹੋਈ ਹੈ| ਇਹ ਕਤਲ ਕਿਉਂ ਹੋਇਆ, ਪੁਲੀਸ ਅਜੇ ਤਕ ਨਹੀਂ ਦਸ ਸਕੀ| ਜਦ ਕਿ ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਸਿਧੂ ਮੂਸੇਵਾਲਾ ਦਾ ਝੁਕਾਅ ਸੰਤ ਭਿੰਡਰਾਂਵਾਲੇ ਪਖੀ ਹੋ ਰਿਹਾ ਸੀ ਜਿਸ ਕਰਕੇ ਸਿਖ ਵਿਰੋਧੀ ਏਜੰਸੀਆਂ ਨੇ ਮਰਵਾਇਆ ਹੈ| ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਜਾਂਚ ਹਾਈਕੋਰਟ ਦੀ ਅਗਵਾਈ ਵਿਚ ਕਰਵਾਈ ਜਾਵੇ| ਅਪਰਾਧੀਆਂ ਤੇ ਭਾਰਤੀ ਸਿਆਸਤਦਾਨਾਂ  ਦਾ ਗਠਜੋੜ ਖਤਰਨਾਕ ਸਿਧ ਹੋ ਰਿਹਾ ਹੈ| ਇਸ ਉਪਰ ਨਮਦਾ ਕਸਣ ਦੀ ਲੋੜ ਹੈ|
-ਰਜਿੰਦਰ ਸਿੰਘ ਪੁਰੇਵਾਲ