image caption:

ਕਾਨਪੁਰ ਕਤਲੇਆਮ ਦੇ 4 ਦੋਸ਼ੀਆਂ ਦੇ ਜੇਲ੍ਹ ਜਾਣ ਤੋਂ ਬਾਅਦ ਜੀਕੇ ਅਤੇ ਭੋਗਲ ਨੇ ਤਸੱਲੀ ਪ੍ਰਗਟਾਈ

ਮੋਦੀ ਅਤੇ ਯੋਗੀ ਦਾ ਐਸ.ਆਈ.ਟੀ. ਬਣਾਉਣ ਲਈ ਕੀਤਾ ਧੰਨਵਾਦ

ਨਵੀਂ ਦਿੱਲੀ - ਨਿਰਾਲਾ ਨਗਰ, ਕਾਨਪੁਰ ਵਿਖੇ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਚਾਰ ਸਿੱਖਾਂ ਦੇ ਕਤਲ ਦੇ ਚਾਰ ਕਥਿਤ ਦੋਸ਼ੀਆਂ ਸਫੀਉੱਲਾ, ਯੋਗਿੰਦਰ ਸਿੰਘ ਉਰਫ ਬੱਬਨ ਬਾਬਾ, ਵਿਜੇ ਨਰਾਇਣ ਸਿੰਘ ਉਰਫ ਬੱਚਨ ਸਿੰਘ ਅਤੇ ਅਬਦੁਲ ਰਹਿਮਾਨ ਉਰਫ ਲੰਬੂ ਨੂੰ ਅੱਜ ਐਸ.ਆਈ.ਟੀ. ਨੇ ਗ੍ਰਿਫਤਾਰ ਕਰ ਲਿਆ ਹੈ। ਨਵੰਬਰ 1984 ਦੌਰਾਨ ਕਾਨਪੁਰ ਵਿਖੇ ਮਾਰੇ ਗਏ ਕੁੱਲ 127 ਸਿੱਖਾਂ ਦੇ ਕਾਤਲਾਂ ਨੂੰ ਫੜਨ ਦੇ ਉਦੇਸ਼ ਨਾਲ ਐਸ.ਆਈ.ਟੀ. ਬਣਾਉਣ ਦੀ ਮੰਗ ਨੂੰ ਲੈਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਵੱਲੋਂ 2017 ਵਿੱਚ ਸੁਪਰੀਮ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਤੱਕ 67 ਕਾਤਲਾਂ ਦੀ ਐਸ.ਆਈ.ਟੀ. ਨੇ ਪਛਾਣ ਕਰ ਲਈ ਹੈ, ਜਿਨ੍ਹਾਂ 'ਚੋਂ ਹੁਣ 4 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਚਾਰੇ ਮੁਲਜ਼ਮਾਂ ਦੇ ਜੇਲ੍ਹ ਜਾਣ ਤੋਂ ਬਾਅਦ ਜੀਕੇ ਅਤੇ ਭੋਗਲ ਨੇ ਤਸੱਲੀ ਪ੍ਰਗਟਾਉਂਦੇ ਹੋਏ ਐਸ.ਆਈ.ਟੀ. ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਵੀ ਕੀਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜੀਕੇ ਅਤੇ ਭੋਗਲ ਨੇ ਦੱਸਿਆ ਕਿ 1984 ਵਿੱਚ ਨਿਰਾਲਾ ਨਗਰ ਵਿਖੇ ਚਾਰ ਸਿੱਖਾਂ ਰਛਪਾਲ ਸਿੰਘ, ਭੁਪਿੰਦਰ ਸਿੰਘ, ਗੁਰਦਿਆਲ ਸਿੰਘ ਭਾਟੀਆ ਅਤੇ ਸਤਵੀਰ ਸਿੰਘ ਭਾਟੀਆ ਦਾ ਕਤਲ ਕਰ ਦਿੱਤਾ ਗਿਆ ਸੀ। ਫਿਰ ਦੰਗਾਕਾਰੀਆਂ ਨੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਾਉਂਦੇ ਹੋਏ ਦੋ ਸਿੱਖਾਂ ਨੂੰ ਗੋਲੀ ਮਾਰ ਦਿੱਤੀ ਸੀ, ਜਦਕਿ 2 ਸਿੱਖਾਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਐਸ.ਆਈ.ਟੀ. ਨੇ 28 ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿੱਚੋਂ ਚਾਰ ਮੁਲਜ਼ਮਾਂ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੀਕੇ ਨੇ ਕਿਹਾ ਕਿ ਅਸੀਂ 1984 ਦੇ ਇਨਸਾਫ਼ ਦੀ ਲੜਾਈ ਬੜੀ ਸ਼ਿੱਦਤ ਨਾਲ ਲੜੀ ਸੀ, ਇਹੀ ਕਾਰਨ ਸੀ ਕਿ ਅਸੀਂ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਵਿੱਚ ਕਾਮਯਾਬ ਹੋਏ ਅਤੇ ਜਗਦੀਸ਼ ਟਾਈਟਲਰ ਦਾ ਵੀ ਜੇਲ੍ਹ ਅੰਦਰ ਜਾਣਾ ਲਗਭਗ ਤੈਅ ਕਰ ਦਿੱਤਾ ਸੀ, ਪਰ ਮੇਰੇ ਵੱਲੋਂ ਕਮੇਟੀ ਛੱਡਣ ਤੋਂ ਬਾਅਦ ਇਹ ਲੜਾਈ ਕਮਜ਼ੋਰ ਹੋ ਗਈ ਹੈ।

ਜੀਕੇ ਦੀ ਤਾਰੀਫ਼ ਕਰਦਿਆਂ ਭੋਗਲ ਨੇ ਕਿਹਾ ਕਿ ਜੇਕਰ ਅੱਜ ਕਾਨਪੁਰ ਦੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਇਸ ਵਿੱਚ ਜੀਕੇ ਦੀ ਵੱਡੀ ਭੂਮਿਕਾ ਹੈ। ਕਿਉਂਕਿ ਦਿੱਲੀ ਕਮੇਟੀ ਵੱਲੋਂ ਇਹ ਕੇਸ ਉਸ ਵੇਲੇ ਮਜ਼ਬੂਤੀ ਨਾਲ ਸੁਪਰੀਮ ਕੋਰਟ ਵਿੱਚ ਰੱਖਿਆ ਗਿਆ ਸੀ। ਬੇਸ਼ੱਕ ਸੁਪਰੀਮ ਕੋਰਟ ਵਿੱਚ ਸਾਡੀ ਪਟੀਸ਼ਨ ਦੀ ਸੁਣਵਾਈ ਬਾਕੀ ਹੋਣ ਕਰਕੇ ਐਸ.ਆਈ.ਟੀ. ਉਤੇ ਮੁਲਜ਼ਮਾਂ ਨੂੰ ਫੜਣ ਦਾ ਭਾਰੀ ਦਬਾਅ ਹੈ। ਇਸ ਕਰਕੇ ਲੱਗਦਾ ਹੈ ਕਿ ਜਲਦੀ ਹੀ ਬਾਕੀ ਦੋਸ਼ੀਆਂ ਨੂੰ ਵੀ ਐਸ.ਆਈ.ਟੀ. ਗ੍ਰਿਫਤਾਰ ਕਰ ਲਵੇਗੀ। ਇਹ ਕੋਈ ਛੋਟੀ ਲੜਾਈ ਨਹੀਂ ਸੀ, ਕਿਉਂਕਿ ਸਮੇਂ ਦੇ ਨਾਲ ਜ਼ਿਆਦਾਤਰ ਸਬੂਤ ਖਤਮ ਹੋ ਗਏ ਸਨ। ਇਸ ਮਾਮਲੇ ਵਿੱਚ ਜੀਕੇ ਅਤੇ ਭੋਗਲ ਦੇ ਵਕੀਲ ਪ੍ਰਸੂਨ ਕੁਮਾਰ ਨੇ ਵੀ ਆਪਣੀ ਗੱਲ ਰੱਖੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਜਤਿੰਦਰ ਸਿੰਘ ਸਾਹਨੀ, ਸਤਨਾਮ ਸਿੰਘ ਖੀਵਾ, ਮਹਿੰਦਰ ਸਿੰਘ ਅਤੇ ਸਾਬਕਾ ਮੈਂਬਰ ਹਰਿੰਦਰਪਾਲ ਸਿੰਘ ਆਦਿਕ ਨੇ ਜੀਕੇ ਅਤੇ ਭੋਗਲ ਨੂੰ ਵਧਾਈ ਦਿੱਤੀ।