image caption:

ਹਵਾਰਾ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਨਪ੍ਰੀਤ ਇਆਲੀ ਸਮੇਤ ਲੁਧਿਆਣਾ ਦੇ ਚਾਰ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ

 ਲੁਧਿਆਣਾ-  ਹਵਾਰਾ ਕਮੇਟੀ ਰਿਹਾਈ ਫਰੰਟ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦੇ ਚੱਲਦਿਆਂ ਅੱਜ ਪ੍ਰੋਫੈਸਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਕਮੇਟੀ ਮੈਬਰਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਚਾਰ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ।ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਨਪ੍ਰੀਤ ਸਿੰਘ ਇਆਲੀ, ਆਪ ਦੇ ਅਸ਼ੋਕ ਪਰਾਸ਼ਰ, ਮਦਨ ਲਾਲ ਬੱਗਾ ਅਤੇ ਗੁਰਪ੍ਰੀਤ ਬੱਸੀ ਸ਼ਾਮਲ ਹਨ। ਹਵਾਰਾ ਕਮੇਟੀ ਨੇ ਵਿਧਾਇਕਾਂ ਨੂੰ ਬੇਨਤੀ ਕੀਤੀ ਹੈ ਕਿ ਬੰਦੀ ਸਿੰਘ ਪੰਜਾਬ ਦੇ ਜੰਮ-ਪਲ ਹਨ ਅਤੇ ਉਨ੍ਹਾਂ ਦੇ ਪਰਿਵਾਰ ਬੰਦੀਆਂ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਰਿਹਾਈਆਂ ਦੇ ਹੱਕਦਾਰ ਹਨ। ਇਸ ਲਈ ਉਨ੍ਹਾਂ ਦੀ ਰਿਹਾਈ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਹਵਾਰਾ ਕਮੇਟੀ ਦੇ ਪ੍ਰੋ.ਬਲਜਿੰਦਰ ਸਿੰਘ, ਬਲਦੇਵ ਸਿੰਘ ਨਵਾਪਿੰਡ, ਮਹਾਂਬੀਰ ਸਿੰਘ ਸੁਲਤਾਨਵਿੰਡ, ਰਘਬੀਰ ਸਿੰਘ ਭੁੱਚਰ ਅਤੇ ਜਗਜੀਤ ਸਿੰਘ ਕੋਚ ਨੇ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਲਈ ਪੰਜਾਬ ਵਿਧਾਇਕਾਂ ਨੂੰ ਤਾਮਿਲਨਾਡੂ ਦੀ ਤਰਜ਼ ਤੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸਵਿਧਾਨਿਕ ਤੌਰ ਤੇ ਰਿਹਾਈ ਨੂੰ ਯਕੀਨਨ ਬਨਾਉਣਾ ਚਾਹੀਦਾ ਹੈ। ਚੇਤੇ ਰਹੇ ਕਿ ਤਾਮਿਲਨਾਡੂ ਦੇ ਵਿਧਾਇਕਾਂ ਨੇ ਰਾਜੀਵ ਗਾਂਧੀ ਦੇ ਹਤਿਆਰਿਆਂ ਦੀ ਰਿਹਾਈ ਦੇ ਹੱਕ ਵਿਚ ਸਤੰਬਰ 2018 ਵਿੱਚ ਮਤਾ ਪਾਸ ਕੀਤਾ ਸੀ।
ਹੁਣ ਤੱਕ ਤਰਨ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਤਜਰਬੇ ਬਾਰੇ ਹਵਾਰਾ ਕਮੇਟੀ ਆਗੂਆਂ ਨੇ ਕਿਹਾ ਬੰਦੀ ਸਿਘਾਂ ਦੀ ਰਿਹਾਈ ਲਈ ਵਿਧਾਇਕ ਗੰਭੀਰ ਹਨ ਅਤੇ ਉਹ ਬਹੁਤ ਧਿਆਨ ਨਾਲ ਮੁੱਦੇ ਦੀ ਅਸਲੀਅਤ ਨੂੰ ਸੁਣਦੇ ਹਨ। ਖੂਸ਼ੀ ਦੀ ਗੱਲ ਇਹ ਹੈ ਬੰਦੀ ਸਿੰਘਾ ਦੀ ਰਿਹਾਈ ਦਾ ਮੁੱਦਾ ਹੁਣ ਜਨਤਾ ਦੀ ਆਵਾਜ਼ ਬਣ ਚੁੱਕਿਆ ਹੈ ਜਿਸਦੇ ਲਈ ਮੀਡੀਆ ਦੀ ਅਹਿਮ ਭੁਮਿਕਾ ਹੈ। ਅੱਜ ਸਾਰੇ ਵਿਧਾਇਕਾਂ ਨੇ ਹਵਾਰਾ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਣਗੇ। ਇਸ ਮੌਕੇ ਤੇ ਗੁਰਸ਼ਰਨ ਸਿੰਘ ਬ੍ਰਿਸਬੇਨ, ਜਗੀਰ ਸਿੰਘ ਨੂਰਪੁਰ ਬੇਟ, ਸਰਪੰਚ ਗੁਰਪ੍ਰੀਤ ਸਿੰਘ ਇਆਲੀ, ਸ਼ਰਨਜੀਤ ਸਿੰਘ ਖਾਲਸਾ ਅਤੇ ਅਜੀਤ ਸਿੰਘ ਹਾਜ਼ਰ ਸਨ।