image caption: ਸ: ਰਘਬੀਰ ਸਿੰਘ ਤੱਘੜ, ਸ: ਰਾਜਿੰਦਰ ਸਿੰਘ ਪੁਰੇਵਾਲ,

12 ਅਗਸਤ ਨੂੰ ਡਰਬੀ ਵਿੱਚ ਖਾਲਸਾਈ ਝੰਡੇ ਹੇਠ ਹੋਵੇਗੀ ਵਿਸ਼ਾਲ ਕਾਰ ਰੈਲੀ - ਸ: ਪੁਰੇਵਾਲ

ਡਰਬੀ (ਪੰਜਾਬ ਟਾਈਮਜ਼) - ਇਥੇ 12 ਅਗਸਤ ਨੂੰ ਖਾਲਸਾਈ ਨਿਸ਼ਾਨ ਸਾਹਿਬ ਦੇ ਹੇਠ ਡਰਬੀ ਦੇ ਸਮੂਹ ਪੰਜਾਬੀਆਂ ਵੱਲੋਂ 15 ਅਗਸਤ ਦੇ ਸਬੰਧ ਵਿੱਚ ਇਕ ਕਾਰ ਰੈਲੀ ਆਯੋਜਿਤ ਕੀਤੀ ਗਈ ਹੈ। ਇਹ ਰੈਲੀ ਸ਼ਾਮ 5 ਵਜੇ ਸਿੰਘ ਸਭਾ ਗੁਰਦੁਆਰਾ ਡਰਬੀ  ਦੀ ਕਾਰ ਪਾਰਕ ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਪ੍ਰਧਾਨ ਸ: ਰਘਬੀਰ ਸਿੰਘ ਤੱਘੜ ਨੇ ਕਿਹਾ ਕਿ ਇਹ ਰੈਲੀ ਉਹਨਾਂ ਸਮੂਹ ਅਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਹੋਵੇਗੀ, ਜਿਹਨਾਂ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਯੋਗਦਾਨ ਪਾਇਆ, ਜੇਹਲਾਂ ਕੱਟੀਆਂ ਅਤੇ ਫਾਂਸੀਆਂ &lsquoਤੇ ਚੜ੍ਹੇ।
ਉਹਨਾਂ ਕਿਹਾ 15 ਅਗਸਤ 1947 ਦਾ ਜੋ ਅਜ਼ਾਦੀ ਦਿਹਾੜਾ ਭਾਰਤ ਦੇ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ, ਉਸ ਅਜ਼ਾਦੀ ਲਈ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਸਿੱਖਾਂ ਦੀ ਆਬਾਦੀ 2 ਫੀਸਦੀ ਤੋਂ ਵੀ ਘੱਟ ਹੋਣ ਦੇ ਬਾਵਜੂਦ ਅਜ਼ਾਦੀ ਲਈ ਕੁਰਬਾਨੀ ਕਰਨ ਵਾਲਿਆਂ ਵਿੱਚ ਸਿੱਖਾਂ ਦਾ ਯੋਗਦਾਨ 85% ਤੋਂ ਵੀ ਵੱਧ ਰਿਹਾ ਹੈ। ਅਜ਼ਾਦੀ ਲਈ ਫਾਂਸੀ ਚੜ੍ਹਨ ਵਾਲੇ 117 ਭਾਰਤੀਆਂ ਵਿੱਚ 93 ਸਿੱਖ ਸਨ। ਇਸੇ ਤਰ੍ਹਾਂ ਕਾਲੇ ਪਾਣੀ ਦੀਆਂ ਜੇਹਲਾਂ, ਉਮਰ ਕੈਦਾਂ ਆਦਿ ਵਿੱਚ ਵੀ ਸਿੱਖਾਂ ਨੇ ਵੱਡੇ ਪੱਧਰ ਤੇ ਸਜ਼ਾਵਾਂ ਭੁਗਤੀਆਂ। ਪਰ 1947 ਵਿੱਚ ਅਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਅਜੇ ਤੱਕ ਵੀ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਹੈ। ਇਹ ਵੀ ਇਕ ਅਟੱਲ ਸੱਚਾਈ ਹੈ ਕਿ ਬਰਤਾਨੀਆ ਵੱਲੋਂ ਪੰਜਾਬ ਕਬਜ਼ੇ ਹੇਠ ਕਰਨ ਤੱਕ ਇਹ ਦੱਖਣੀ ਏਸ਼ੀਆ ਵਿੱਚ ਇੱਕ ਵਿਸ਼ਾਲ ਦੇਸ਼ ਸੀ। 
ਉਹਨਾਂ ਕਿਹਾ ਵਿਦੇਸ਼ਾਂ ਤੋਂ ਅਜ਼ਾਦੀ ਵਾਸਤੇ ਵਾਪਸ ਪਹੁੰਚੇ ਗਦਰੀ ਬਾਬਿਆਂ ਨੇ ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ। ਅਨੇਕਾਂ ਵੱਡੇ ਵੱਡੇ ਸਾਕੇ ਹੋਏ ਤੇ ਵੱਡੇ ਸੰਘਰਸ਼ ਖਾਲਸਾਈ ਝੰਡੇ ਹੇਠ ਲੜੇ ਗਏ।ਚਾਹੇ ਉਹ ਮੁਗਲ ਰਾਜ ਖਤਮ ਕਰਨ, ਗਦਰ ਲਹਿਰ,  ਸਾਕਾ ਨਨਕਾਣਾ ਸਾਹਿਬ, ਜੈਤੋਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਬੱਬਰ ਅਕਾਲੀਆਂ ਦਾ ਸੰਘਰਸ਼, ਆਦਿ ਇਹ ਸਾਰੇ ਖਾਲਸਾਈ ਝੰਡੇ ਹੇਠ ਲੜੇ ਗਏ। ਉਦੋਂ ਤਾਂ ਤਿਰੰਗਾ ਅਜੇ ਬਣਿਆ ਵੀ ਨਹੀਂ ਸੀ।ਇਹ ਖਾਲਸਾਈ ਝੰਡੇ ਹੇਠ ਕੀਤੇ ਸੰਘਰਸ਼ ਦਾ ਹੀ ਨਤੀਜਾ ਸੀ ਕਿ ਤਿਰੰਗਾ ਝੰਡਾ ਅਜ਼ਾਦ ਹੋ ਕੇ ਦੇਸ਼ ਵਿੱਚ ਲਹਿਰਾਇਆ ਗਿਆ। ਭਾਰਤ ਸਮੇਤ ਅਸੀਂ ਸਾਰੇ ਦੇਸ਼ਾਂ ਦੇ ਝੰਡਿਆਂ ਦਾ ਸਤਿਕਾਰ ਕਰਦੇ ਹਾਂ, ਪਰ ਸਾਡਾ ਆਪਣਾ ਝੰਡਾ ਨਿਸ਼ਾਨ ਸਾਹਿਬ ਹੈ । ਇਸ ਲਈ ਇਹ ਰੈਲੀ ਸਮੂਹ ਪੰਜਾਬੀਆਂ ਵਿੱਚ ਜਾਗਰਤੀ ਲਿਆਉਣ ਲਈ ਕੀਤੀ ਜਾ ਰਹੀ ਹੈ ਤਾਂ ਜੋ ਸਾਨੂੰ ਆਪਣੇ ਨਿਸ਼ਾਨ ਸਾਹਿਬ ਦੀ ਅਹਿਮੀਅਤ ਦਾ ਅਹਿਸਾਸ ਰਹੇ। ਡਰਬੀ ਦੇ ਗੂਰੁ ਅਰਜਨ ਦੇਵ ਗੁਰਦੁਆਰਾ ਸਾਹਿਬ, ਰਾਮਗੜ੍ਹੀਆ ਗੁਰਦੁਆਰਾ ਸਾਹਿਬ, ਸ੍ਰੀ ਰਵਿਦਾਸ ਸਭਾ ਗੁਰਦੁਆਰਾ ਸਾਹਿਬ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ । ਸਮੂਹ ਡਰਬੀ ਵਾਸੀਆਂ ਅਤੇ ਆਸ ਪਾਸ ਦੇ ਸ਼ਹਿਰਾਂ, ਪਿੰਡਾਂ ਵਿੱਚ ਰਹਿਣ ਵਾਲੇ ਸਾਰੇ ਪੰਜਾਬੀਆਂ ਨੂੰ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।