image caption:

ਵਿਕਟੋਰੀਆ ’ਚ ਮਿਲਣ ਦੇ ਵਾਅਦੇ ਨਾਲ ਰਾਸ਼ਟਰਮੰਡਲ ਖੇਡਾਂ ਸਮਾਪਤ

 ਬਰਮਿੰਘਮ- ਭੰਗੜੇ ਤੇ &lsquoਅਪਾਚੇ ਇੰਡੀਅਨ&rsquo ਦੇ ਪ੍ਰਦਰਸ਼ਨ ਨੇ ਇਥੋਂ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਚਾਰ ਚੰਨ ਲਾ ਦਿੱਤੇ। ਇਸ ਦੇ ਨਾਲ ਹੀ ਖਿਡਾਰੀਆਂ ਨੇ ਚਾਰ ਸਾਲਾਂ ਬਾਅਦ ਆਸਟਰੇਲੀਆ ਦੇ ਵਿਕਟੋਰੀਆ ਸ਼ਹਿਰ ਵਿੱਚ ਮਿਲਣ ਦੇ ਵਾਅਦੇ ਨਾਲ ਬਰਮਿੰਘਮ ਖੇਡਾਂ ਨੂੰ ਅਲਵਿਦਾ ਕਿਹਾ। ਇੱਥੇ 11 ਦਿਨ ਤੱਕ ਚੱਲੀਆਂ ਖੇਡਾਂ ਵਿੱਚ 72 ਦੇਸ਼ਾਂ ਦੇ 4500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਭਾਰਤ ਨੇ ਕੁੱਲ 61 ਤਗ਼ਮੇ ਜਿੱਤੇ। ਹਾਲਾਂਕਿ, ਭਾਰਤ ਨੂੰ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪੰਜ ਤਗ਼ਮੇ ਘੱਟ ਮਿਲੇ ਹਨ। ਰਵਾਇਤ ਮੁਤਾਬਕ ਰਾਸ਼ਟਰਮੰਡਲ ਖੇਡ ਫੈੱਡਰੇਸ਼ਨ ਦਾ ਝੰਡਾ ਉਤਾਰ ਕੇ ਆਸਟਰੇਲੀਆ ਦੇ ਵਿਕਟੋਰੀਆ ਸੂਬੇ ਨੂੰ ਸੌਂਪਿਆ ਗਿਆ, ਜੋ 2026 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ। ਪ੍ਰਿੰਸ ਐਡਵਰਡ ਨੇ ਬਰਮਿੰਘਮ-2022 ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਬਰਮਿੰਘਮ ਵਿੱਚ ਆਸਮਾਨ ਆਤਿਸ਼ਬਾਜ਼ੀ ਨਾਲ ਚਮਕ ਉੱਠਿਆ। ਸਮਾਰੋਹ ਮੌਕੇ ਖਿੱਚ ਦਾ ਕੇਂਦਰ ਭੰਗੜਾ ਅਤੇ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ਰਹੇ, ਜੋ &lsquoਅਪਾਚੇ ਇੰਡੀਅਨ&rsquo ਦੇ ਨਾਮ ਨਾਲ ਮਸ਼ਹੂਰ ਹਨ। &lsquoਅਪਾਚੇ ਇੰਡੀਅਨ&rsquo ਦੇ ਪ੍ਰਦਰਸ਼ਨ ਮਗਰੋਂ ਮਾਡਲ ਨੀਲਮ ਗਿੱਲ ਨੇ ਪੇਸ਼ਕਾਰੀ ਦਿੱਤੀ। ਸਟਾਰ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ ਅਤੇ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਭਾਰਤੀ ਦਲ ਦੀ ਅਗਵਾਈ ਕੀਤੀ, ਪਰ ਭਾਰਤੀ ਖਿਡਾਰੀਆਂ ਦੀ ਗਿਣਤੀ ਬਹੁਤ ਘੱਟ ਰਹੀ। ਭਾਰਤੀ ਦਲ ਦੇ ਸਟੇਡੀਅਮ ਵਿੱਚ ਪਹੁੰਚਣ ਦੇ ਨਾਲ ਹੀ ਸੰਗੀਤ ਸਮੂਹ ਪੰਜਾਬੀ ਐੱਮਸੀ ਨੇ &lsquoਮੁੰਡਿਆਂ ਤੋਂ ਬਚ ਕੇ&rsquo ਵਜਾਉਣਾ ਸ਼ੁਰੂ ਕਰ ਦਿੱਤਾ, ਜਿਸ &rsquoਤੇ ਖਿਡਾਰੀ ਵੀ ਨੱਚਣ ਲੱਗੇ।