image caption:

ਕਾਬੁਲ ਵਿੱਚ ਆਤਮਘਾਤੀ ਹਮਲੇ ਵਿੱਚ ਤਾਲਿਬਾਨ ਆਗੂ ਰਹੀਮਉੱਲ੍ਹਾ ਹੱਕਾਨੀ ਦੀ ਮੌਤ

 ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵੀਰਵਾਰ ਨੂੰ ਹੋਏ ਆਤਮਘਾਤੀ ਹਮਲੇ 'ਚ ਤਾਲਿਬਾਨ ਨੇਤਾ ਸ਼ੇਖ ਰਹੀਮਉੱਲ੍ਹਾ ਹੱਕਾਨੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਆਤਮਘਾਤੀ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਹੱਕਾਨੀ ਕਾਬੁਲ ਦੇ ਇੱਕ ਮਦਰੱਸੇ ਵਿੱਚ ਹਦੀਸ ਪੜ੍ਹਾ ਰਹੇ ਸਨ। ਤਾਲਿਬਾਨ ਸਰਕਾਰ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਸ਼ੇਖ ਰਹੀਮਉੱਲ੍ਹਾ ਹੱਕਾਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕਰੀਮੀ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼ ਦੀ ਉੱਘੀ ਅਕਾਦਮਿਕ ਸ਼ਖਸੀਅਤ ਸ਼ੇਖ ਰਹੀਮਉੱਲ੍ਹਾ ਹੱਕਾਨੀ ਨੇ ਦੁਸ਼ਮਣ ਦੇ ਵਹਿਸ਼ੀ ਹਮਲੇ ਵਿੱਚ ਸ਼ਹਾਦਤ ਨੂੰ ਗਲੇ ਲਗਾ ਲਿਆ ਹੈ।
ਅਫਗਾਨਿਸਤਾਨ ਦੀ ਰਾਜਧਾਨੀ 'ਚ ਜਿਸ ਜ਼ਿਲੇ 'ਚ ਧਮਾਕਾ ਹੋਇਆ, ਉਸ ਜ਼ਿਲੇ ਦੇ ਖੁਫੀਆ ਵਿਭਾਗ ਦੇ ਮੁਖੀ ਅਬਦੁਲ ਰਹਿਮਾਨ ਨੇ ਵੀ ਸ਼ੇਖ ਰਹੀਮਉੱਲ੍ਹਾ ਹੱਕਾਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਅਫਗਾਨਿਸਤਾਨ ਦੀ ਰਾਜਧਾਨੀ ਦੇ ਇਕ ਮਦਰੱਸੇ 'ਚ ਉਸ ਸਮੇਂ ਹੋਇਆ, ਜਦੋਂ ਉੱਥੇ ਇਕ ਵਿਅਕਤੀ ਨੇ ਆਪਣੀ ਪਲਾਸਟਿਕ ਦੀ ਪ੍ਰੋਸਥੈਟਿਕ ਲੱਤ 'ਚ ਲੁਕੋ ਕੇ ਵਿਸਫੋਟਕ ਨਾਲ ਧਮਾਕਾ ਕਰ ਦਿੱਤਾ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕੇ ਪਿੱਛੇ ਕਿਸ ਦਾ ਹੱਥ ਸੀ। ਹੱਕਾਨੀ ਕਦੇ ਨੰਗਰਹਾਰ ਸੂਬੇ ਵਿੱਚ ਤਾਲਿਬਾਨ ਮਿਲਟਰੀ ਕਮਿਸ਼ਨ ਦੇ ਮੈਂਬਰ ਵਜੋਂ ਜੁੜਿਆ ਹੋਇਆ ਸੀ। ਅਫਗਾਨਿਸਤਾਨ ਵਿੱਚ ਅਮਰੀਕੀ ਫੌਜੀ ਬਲਾਂ ਦੁਆਰਾ ਉਸਨੂੰ ਬਗਰਾਮ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ।